ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ

10/18/2018 1:07:20 AM

 ਗੁਰਦਾਸਪੁਰ,   (ਹਰਮਨਪ੍ਰੀਤ, ਵਿਨੋਦ)-  ਥਾਣਾ ਭੈਣੀ ਮੀਆਂ ਖਾਂ ਪੁਲਸ ਵੱਲੋਂ ਪਿੰਡ ਨਾਨੋਵਾਲ ਖੁਰਦ ਵਿਖੇ ਦਲਿਤ ਪਰਿਵਾਰਾਂ ਨੂੰ ਅਲਾਟ ਹੋਏ ਪਲਾਟਾਂ ’ਤੇ ਉਸਾਰੀ ਦਾ ਕੰਮ  ਰੋਕ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਪੀਡ਼ਤ ਪਰਿਵਾਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਪ੍ਰੇਮ ਲਾਲ, ਜਰਨੈਲ ਸਿੰਘ ਝਬਕਰਾ, ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਤ ਇਫਟੂ ਦੇ ਜ਼ਿਲਾ ਨੇਤਾ ਸੁਖਦੇਵ ਰਾਜ ਬਹਿਰਾਮਪੁਰ, ਦਫ਼ਤਰੀ ਸਕੱਤਰ ਜੋਗਿੰਦਰ ਪਾਲ ਘੁਰਾਲਾ, ਭੱਠਾ ਮਜ਼ਦੂਰ ਯੂਨੀਅਨ ਸਬੰਧਤ ਇਫਟੂ ਦੇ ਸੂਬਾ ਮੈਂਬਰ ਪ੍ਰੇਮ ਮਸੀਹ ਸੋਨਾ ਅਤੇ ਪਿੰਡ ਦੇ ਸਾਬਕਾ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ 58 ਪਰਿਵਾਰਾਂ ਨੂੰ 2004 ਵਿਚ ਰਿਹਾਇਸ਼ੀ ਪਲਾਟ ਅਲਾਟ ਹੋਏ ਸਨ। ਇਹ ਸਾਰੇ ਪਰਿਵਾਰ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ  ਅਤੇ ਉਸ ਸਮੇਂ ਤੋਂ ਹੀ ਲੈ ਕੇ  ਉਕਤ ਪਰਿਵਾਰਾਂ ਦਾ ਕਬਜ਼ਾ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਪਰਿਵਾਰਾਂ ਨੇ ਆਪਣੇ ਪਲਾਟਾਂ ਦੀਆਂ ਨੀਹਾਂ ਵੀ ਭਰੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 13 ਅਕਤੂਬਰ ਨੂੰ ਜਦੋਂ ਕੁਝ ਪਰਿਵਾਰ  ਇਨ੍ਹਾਂ ਪਲਾਟਾਂ ’ਤੇ ਘਰ ਬਣਾਉਣ ਲਈ ਨਿਰਮਾਣ ਕਰਵਾਉਣ ਲੱਗੇ ਤਾਂ ਥਾਣਾ ਭੈਣੀ ਮੀਆਂ ਖਾਂ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਨਿਰਮਾਣ ਕੰਮ ਬੰਦ ਕਰਵਾ ਦਿੱਤਾ। ਜਦੋਂ ਉਕਤ ਪਰਿਵਾਰਾਂ ਨੇ ਕੰਮ ਬੰਦ ਕਰਵਾਉਣ ਦਾ ਕਾਰਨ ਪੁੱਛਿਆ ਤਾਂ  ਪੁਲਸ ਨੇ ਕਿਹਾ ਕਿ ਪਿੰਡ ਦੇ ਨੰਬਰਦਾਰ ਅਮਾਨਤ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਉਕਤ ਲੋਕ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਰਹੇ ਹਨ। ਪਿੰਡ ਦੇ ਸਾਬਕਾ ਸਰਪੰਚ ਮਨਜੀਤ ਕੌਰ  ਅਤੇ ਜਗਤਾਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਪਲਾਟ ਪੰਚਾਇਤੀ ਜ਼ਮੀਨ ਵਿਚੋਂ ਉਕਤ ਪਰਿਵਾਰਾਂ ਨੂੰ ਕਾਨੂੰਨੀ  ਤੌਰ ’ਤੇ ਅਲਾਟ ਕੀਤੇ ਗਏ ਹਨ ਅਤੇ ਅਲਾਟ ਕੀਤੇ ਗਏ ਪਲਾਟਾਂ ਦੀਆਂ ਉਸ ਸਮੇਂ ਦੇ ਮੰਤਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਨਦਾਂ ਵੀ ਦਿੱਤੀਆਂ ਗਈਆਂ ਸਨ। ਹੁਣ ਨੰਬਰਦਾਰ ਵੱਲੋਂ ਬਿਨਾਂ ਕਿਸੇ ਕਾਰਨ ਉਕਤ ਪਰਿਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਧਰਨੇ ਤੋਂ ਬਾਅਦ ਐੱਸ. ਡੀ. ਐੱਮ. ਗੁਰਦਾਸਪੁਰ ਨੂੰ ਇਕ ਮੰਗ-ਪੱਤਰ ਵੀ ਦਿੱਤਾ ਗਿਆ।  
ਯੂਨੀਅਨ ਆਗੂਆਂ ਨੇ ਦੱਸਿਆ ਕਿ  ਐੱਸ. ਡੀ. ਐੱਮ. ਵੱਲੋਂ ਤੁਰੰਤ ਡੀ. ਡੀ. ਪੀ. ਓ. ਨੂੰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਵੱਲੋਂ  ਤੁਰੰਤ  ਇਸ ਮਾਮਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਪੱਕੇ ਤੌਰ ’ਤੇ ਮੋਰਚਾ ਲਾ ਦੇਵੇਗੀ। ਇਸ ਮੌਕੇ ਪ੍ਰੇਮ ਮਸੀਹ, ਪੂਰਨ ਮਸੀਹ, ਅਮਰੀਕ ਮਸੀਹ, ਸਲਾਮਤ ਮਸੀਹ, ਸੁਖਵਿੰਦਰ ਮਸੀਹ, ਬੁੱਟਰ ਮਸੀਹ, ਦਵਿੰਦਰ, ਤਰਸੇਮ ਮਸੀਹ, ਮਲੂਕ ਮਸੀਹ, ਪਿਆਰਾ ਮਸੀਹ, ਨਰਿੰਦਰ, ਸਤਪਾਲ ਮਸੀਹ, ਰਛਪਾਲ, ਸੰਨੀ, ਰੋਹਿਨ, ਸੁਰਜੀਤ ਮਸੀਹ ਅਤੇ ਪ੍ਰੇਮ ਮਸੀਹ ਆਦਿ ਹਾਜ਼ਰ ਸਨ। 


Related News