ਪੰਜਾਬ ''ਚ ਸੰਘਣੀ ਧੁੰਦ ਤੇ ਤਾਪਮਾਨ ’ਚ ਆਈ ਗਿਰਾਵਟ ਨੇ ਮੁੜ ਛੇੜੀ ਕੰਬਣੀ, ਘੱਟ ਹੋਈ ਵਾਹਨਾਂ ਦੀ ਰਫ਼ਤਾਰ
Monday, Feb 03, 2025 - 04:22 PM (IST)
ਗੁਰਦਾਸਪੁਰ (ਹਰਮਨ)- ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ ਵਾਤਾਵਰਨ ਤਬਦੀਲੀਆਂ ਦੇ ਚੱਲਦਿਆਂ ਇਸ ਸਾਲ ਫਰਵਰੀ ਮਹੀਨੇ ਦਾ ਸਵਾਗਤ ਸੰਘਣੀ ਧੁੰਦ ਨੇ ਕੀਤਾ। ਫਰਵਰੀ ਮਹੀਨੇ ਦੇ ਪਹਿਲੇ ਦੋਵੇਂ ਦਿਨਾਂ ਨੂੰ ਸੰਘਣੀ ਧੁੰਦ ਨਾਲ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ ਉਸ ਦੇ ਨਾਲ ਠੰਡ ਵਿਚ ਵੀ ਇਕ ਵਾਰ ਮੁੜ ਵਾਧਾ ਹੋਇਆ ਹੈ। ਅੱਜ ਵੀ ਦੁਪਹਿਰ 2 ਵਜੇ ਤੱਕ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਅਤੇ ਸਵੇਰ ਵੇਲੇ ਸੰਘਣੀ ਧੁੰਦ ਕਾਰਨ ਜਿੱਥੇ ਗੱਡੀਆਂ ਦੀ ਰਫਤਾਰ ਘੱਟ ਰਹੀ ਉਸ ਦੇ ਨਾਲ ਹੀ ਲੋਕ ਠੰਡ ਨਾਲ ਠਰਦੇ ਦਿਖਾਈ ਦਿੱਤੇ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਅਜੇ ਠੰਡ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਇਲਾਕੇ ਅੰਦਰ ਦਿਨ ਦਾ ਔਸਤਨ ਤਾਪਮਾਨ 20 ਤੋਂ 21 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਰਹੇਗਾ ਜਦੋਂ ਕਿ ਰਾਤ ਦਾ ਔਸਤਨ ਤਾਪਮਾਨ 5 ਤੋਂ 6 ਡਿਗਰੀ ਸੈਂਟੀਗਰੇਡ ਕਰੀਬ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਪੈ ਰਹੀ ਠੰਡ ਫਸਲਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਕਣਕ ਦੀ ਫਸਲ ਲਈ ਵੱਧ ਠੰਡ ਦਾ ਲੰਬਾ ਸੀਜ਼ਨ ਲਾਹੇਵੰਦ ਹੋਵੇਗਾ ਅਤੇ ਜੇਕਰ ਤਾਪਮਾਨ ਵਿਚ ਵਾਧਾ ਹੁੰਦਾ ਹੈ ਤਾਂ ਫਸਲ ਦੀ ਪੈਦਾਵਾਰ ’ਤੇ ਫਰਕ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਠੰਡ ਦਾ ਲੰਬਾ ਸੀਜ਼ਨ ਕਣਕ ਦੀ ਫਸਲ ਲਈ ਘਿਓ ਵਾਂਗ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਇਸੇ ਤਰ੍ਹਾਂ ਸਰ੍ਹੋਂ ਅਤੇ ਹੋਰ ਫਸਲਾਂ ਲਈ ਤਾਪਮਾਨ ਵਿਚ ਵਾਧਾ ਨੁਕਸਾਨਦੇਹ ਹੋ ਸਕਦਾ ਹੈ। ਖਾਸ ਤੌਰ ’ਤੇ ਤਾਪਮਾਨ ਵਿਚ ਵਾਧੇ ਦੇ ਕਾਰਨ ਸਰੋਂ ਦੀ ਫਸਲ ’ਤੇ ਤੇਲੇ ਚਪੇ ਵਰਗੇ ਕੀੜਿਆਂ ਦਾ ਹਮਲਾ ਹੋ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਫਸਲ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕਿਤੇ ਕੋਈ ਸਮੱਸਿਆ ਦਿਖਾਈ ਦੇਵੇ ਤਾਂ ਖੇਤੀ ਮਹਿਰਾਂ ਨਾਲ ਸੰਪਰਕ ਕਰਕੇ ਹੀ ਕਿਸੇ ਦਵਾਈ ਦਾ ਛਿੜਕਾਅ ਕਰਨ। ਇਸੇ ਤਰ੍ਹਾਂ ਸਬਜ਼ੀਆਂ ਲਈ ਵੀ ਠੰਡ ਲਾਹੇਵੰਦ ਮੰਨੀ ਜਾ ਰਹੀ ਹੈ ਅਤੇ ਕਈ ਸਬਜ਼ੀ ਕਾਸ਼ਤਕਾਰਾਂ ਵੱਲੋਂ ਠੰਡ ਅਤੇ ਕੋਰੇ ਤੋਂ ਬਚਾਉਣ ਲਈ ਪੋਲੀਥੀਨ ਦੀਆਂ ਸ਼ੀਟਾਂ ਵਿਛਾਈਆਂ ਗਈਆਂ ਹਨ।
ਇਹ ਵੀ ਪੜ੍ਹੋ- ਇਨ੍ਹਾਂ ਮਰੀਜ਼ਾਂ ਨੂੰ ਮਿਲੇਗਾ 1000 ਰੁਪਏ ਪ੍ਰਤੀ ਮਹੀਨਾ, ਸਰਕਾਰ ਨੇ ਕਰ 'ਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8