ਹੜ੍ਹ ਨਾਲ ਨੁਕਸਾਨੀਆਂ ਸੜਕਾਂ ਤੇ ਧੁੱਸੀ ਦੀ ਮੁਰੰਮਤ ਲਈ ਜਥੇਬੰਦੀਆਂ ਦਾ ਵਫ਼ਦ ਏਡੀਸੀ ਨੂੰ ਮਿਲਿਆ
Saturday, Aug 15, 2026 - 08:10 AM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਦਾ ਵਫਦ ਹੜ ਨਾਲ ਨੁਕਸਾਨੀਆਂ ਸੜਕਾਂ ਬਰਮ ਤੇ ਧੁੱਸੀ ਦੀ ਮੁਰੰਮਤ ਕਰਵਾਉਣ ਲਈ ਏਡੀਸੀ ਨੂੰ ਮਿਲਿਆ। ਇਸ ਵਫਦ ਵਿੱਚ ਕਿਰਤੀ ਕਿਸਾਨ ਯੂਨੀਅਨ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਸ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸ਼ਾਮਿਲ ਹੋਏ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਲਚਲ! ਪਾਰਟੀ ਨੇ 4 ਲੀਡਰਾਂ ਨੂੰ ਕੱਢਿਆ ਬਾਹਰ
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜੋਗਿੰਦਰ ਪਾਲ ਪਨਿਆੜ, ਜ਼ਿਲਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਕਿਹਾ ਕਿ ਪਿਛਲੇ ਸਾਲ ਅਗਸਤ 2025 ਵਿੱਚ ਆਏ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੀ ਸੜਕਾਂ ਦੇ ਕੰਢੇ (ਬਰਮ) ਰੁੜ੍ਹ ਗਏ ਸਨ। ਰਾਵੀ ਨਦੀ 'ਤੇ ਧੁੱਸੀ ਬੰਨ੍ਹ ਟੁੱਟਣ ਕਾਰਨ ਆਏ ਹੜ੍ਹ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਸੀ। ਪਰ ਇੱਕ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਸਰਹੱਦੀ ਖੇਤਰ ਦੀਆਂ ਸੜਕਾਂ ਗੁਰਦਾਸਪੁਰ ਤੋਂ ਗਾਹਲੜੀ ਨੂੰ ਜਾਂਦੀ ਸੜਕ ਦੇ ਬਰਮਾਂ 'ਤੇ ਅਜੇ ਤੱਕ ਮਿੱਟੀ ਨਹੀਂ ਪਾਈ ਗਈ ਹੈ। ਟੋਟਾ ਮੋੜ ਤੋਂ ਦੌਰਾਂਗਲਾ ਨੂੰ ਜਾਂਦੀ ਸੜਕ 'ਤੇ ਅੱਧੀ ਪਾਈ ਗਈ ਹੈ ਪਰ ਗਾਹਲੜੀ ਤੋਂ ਬਹਿਰਾਮਪੁਰ ਤੱਕ ਅਤੇ ਬਹਿਰਾਮਪੁਰ ਤੋਂ ਝਬਕਰਾ ਨੂੰ ਜਾਂਦੀ ਸੜਕ ਦੇ ਬਰਮ 'ਤੇ ਅਜੇ ਤੱਕ ਵੀ ਮਿੱਟੀ ਨਹੀਂ ਪਾਈ ਗਈ। ਜਿਸ ਕਰਕੇ ਹਾਦਸੇ ਹੋਣ ਦਾ ਲਗਾਤਾਰ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਦੋਰਾਂਗਲਾ ਰੋਡ ਤੋਂ ਲੰਘਦੇ ਨਾਲੇ ਉੱਪਰ ਪੁਲ ਤਾ ਬਣਾ ਦਿੱਤਾ ਗਿਆ ਹੈ ਪਰ ਉਸ ਉੱਪਰ ਨਾ ਕੋਈ ਪ੍ਰੀਮਿਕਸ ਪਾਇਆ ਗਿਆ ਹੈ ਅਤੇ ਨਾ ਹੀ ਉਸ ਦਾ ਲੈਵਲ ਠੀਕ ਕੀਤਾ ਗਿਆ ਹੈ ਜਿਸ ਕਰਕੇ ਗੰਨੇ ਦੇ ਸੀਜਨ ਵਿੱਚ ਕਿਸਾਨਾਂ ਲਈ ਇਸ ਪੁਲ ਤੋਂ ਗੰਨੇ ਦੀ ਟਰਾਲੀ ਲਗਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ।
ਇਹ ਵੀ ਪੜ੍ਹੋ : RBI ਨੇ ਬਦਲਿਆ ਵੱਡਾ ਨਿਯਮ, ਇਹ ਸੁਵਿਧਾ ਸਮੇਂ ਤੋਂ ਪਹਿਲਾਂ ਹੋਵੇਗੀ ਬੰਦ
ਆਗੂਆਂ ਨੇ ਮੰਗ ਕਰਦਿਆ ਕਿਹਾ ਕਿ ਹੜਾ ਕਾਰਨ ਨੁਕਸਾਨੀਆਂ ਸੜਕਾਂ ਦੇ ਬਰਮ ਅਤੇ ਧੁੱਸੀ ਬੰਨ ਦੀ ਫੌਰੀ ਮੁਰੰਮਤ ਕੀਤੀ ਜਾਵੇ। ਇਸ ਤੋਂ ਇਲਾਵਾ ਦੋਰਾਂਗਲਾ ਗੁਰਦਾਸਪੁਰ ਰੋਡ ਤੋਂ ਲੰਘਦੇ ਨਾਲੇ ਉੱਪਰ ਬਣੇ ਪੁਲ ਉੱਪਰ ਪ੍ਰੀਮਿਕਸ ਪਾਇਆ ਜਾਵੇ। ਇਸ ਮੌਕੇ ਵਫਦ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਖਜ਼ਾਨਚੀ ਅਜੀਤ ਸਿੰਘ ਮੱਲੀਆਂ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਸ ਦੇ ਦਫਤਰ ਸਕੱਤਰ ਜੋਗਿੰਦਰ ਪਾਲ ਘਰਾਲਾ ਆਦਿ ਹਾਜ਼ਰ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
