ਰਾਸ਼ਟਰਪਤੀ ਐਵਾਰਡ ਜੇਤੂ ਪਿੰਡ ਪੈਰੋਸ਼ਾਹ ਦੀ ਪੰਚਾਇਤ ਨੂੰ DC ਹਿਮਾਂਸ਼ੂ ਅਗਰਵਾਲ ਨੇ ਕੀਤਾ ਸਨਮਾਨਿਤ
03/06/2023 6:22:15 PM

ਗੁਰਦਾਸਪੁਰ/ਬਟਾਲਾ (ਹਰਮਨ, ਵਿਨੋਦ, ਹੇਮੰਤ, ਬੇਰੀ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੈਰੋਸ਼ਾਹ ਨੂੰ ਰਾਸ਼ਟਰਪਤੀ ਵੱਲੋਂ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਮਿਲਣ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਪਿੰਡ ਪੈਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਿੰਡ ਪੈਰੋਸ਼ਾਹ ਨੂੰ ਕੌਮੀ ਪੱਧਰ ’ਤੇ ਸਨਮਾਨ ਮਿਲਣ ਨਾਲ ਜ਼ਿਲ੍ਹੇ ਤੇ ਸੂਬੇ ਦੇ ਹੋਰ ਪਿੰਡ ਵੀ ਗੰਦੇ ਪਾਣੀ ਅਤੇ ਕੂੜਾ ਕਰਕਟ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਪੈਰੋਸ਼ਾਹ ਪਿੰਡ ਨੇ ਪੂਰੇ ਦੇਸ਼ ’ਚ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਲਈ ਉਹ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਅਤੇ ਸਮੁੱਚੀ ਪੰਚਾਇਤ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਪੈਰੋਸ਼ਾਹ ਦੇ ਵਿਕਾਸ ਕਾਰਜਾਂ ਲਈ ਭਵਿੱਖ ’ਚ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ’ਤੇ 29 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਜ਼ਬਤ
ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੇ ਰਾਸ਼ਟਰਪਤੀ ਵੱਲੋਂ ਮਿਲੇ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਵੱਲੋਂ ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰ ਕੇ ਸਾਫ਼ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ। ਔਖੇ ਸਮੇਂ ਵਿਚ ਇਹ ਪਾਣੀ ਪਿੰਡ ਵਾਸੀਆਂ ਦੀਆਂ ਹੋਰਨਾਂ ਜ਼ਰੂਰਤਾਂ ਲਈ ਵੀ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਵਿਚ ਹੀ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਿੰਡ ’ਚ ਵਿਕਾਸ ਕਾਰਜ ਜਾਰੀ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਦੇ ਕੈਂਸਰ ਟੈਸਟ ਕਰਨੇ ਅਤੇ ਮੁਫ਼ਤ ਦਵਾਈਆਂ ਦੇਣੀਆਂ ਵੱਡਾ ਪੁੰਨ- ਧਾਲੀਵਾਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।