ਜ਼ਿਲ੍ਹੇ ’ਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਵਧੀਕ DC ਵਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
Saturday, Jun 24, 2023 - 11:20 AM (IST)
ਤਰਨਤਾਰਨ (ਰਮਨ)- ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀਮਤੀ ਅਮਨਿੰਦਰ ਕੌਰ ਨੇ ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਂਹ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਵਿਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਅਤੇ ਸਮੂਹ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਅਗੇਤੇ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਗਏ। ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਖਡੂਰ ਸਾਹਿਬ ਦੀਪਕ ਭਾਟੀਆਂ, ਐੱਸ. ਡੀ. ਐੱਮ. ਪੱਟੀ ਵਿਪਨ ਭੰਡਾਰੀ ਅਤੇ ਜ਼ਿਲ੍ਹਾ ਮਾਲ ਅਫ਼ਸਰ ਅਦਿਤਿਆ ਗੁਪਤਾ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸੇਵਾ
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਸੰਭਾਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸੂਚੀ ਤਿਆਰ ਕਰ ਲੈਣ। ਉਨ੍ਹਾਂ ਕਿਹਾ ਕਿ ਸੰਭਾਵੀ ਹਡ਼ਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਇਲਾਕਿਆਂ ਵਿਚ ਰਾਹਤ ਕੇਂਦਰ ਸਥਾਪਤ ਕੀਤੇ ਜਾਣੇ ਹਨ ਤਾਂ ਜੋ ਹੜ੍ਹ ਆਉਣ ਦੀ ਸਥਿਤੀ ਵਿਚ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਆਰਜ਼ੀ ਤੌਰ ’ਤੇ ਠਹਿਰਾਇਆ ਜਾ ਸਕੇ।
ਇਹ ਵੀ ਪੜ੍ਹੋ- ਮਕੌੜਾ ਪੱਤਣ ’ਤੇ ਬਣਿਆ ਪਲਟੂਨ ਪੁਲ ਹਟਾਉਣ ਗਏ ਅਧਿਕਾਰੀਆਂ ਦਾ ਲੋਕਾਂ ਕੀਤਾ ਵਿਰੋਧ, ਲਾਇਆ ਧਰਨਾ
ਉਨ੍ਹਾਂ ਕਿਹਾ ਕਿ ਉਹ ਆਪਣੀ ਸਬ ਡਵੀਜ਼ਨ ’ਚ ਮੌਜੂਦ ਹੜ੍ਹ ਰਾਹਤ ਸਮੱਗਰੀ ਜਿਵੇਂ ਕਿ ਇੰਜਣਾਂ, ਕਿਸ਼ਤੀਆਂ ਆਦਿ ਦੀ ਨਿੱਜੀ ਤੌਰ ਪੜਤਾਲ ਕਰ ਲੈਣ ਤਾਂ ਜੋ ਹੜ੍ਹ ਸਥਿਤੀ ਵਿਚ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਆਦੇਸ਼ ਦਿੱਤੇ ਕਿ ਟੈਂਟ, ਤਰਪਾਲਾਂ, ਸੁੱਕੇ ਰਾਸ਼ਨ, ਪੈਟਰੋਲ, ਡੀਜ਼ਲ ਆਦਿ ਦਾ ਲੋੜੀਂਦਾ ਸਟਾਕ ਤਿਆਰ ਰੱਖਣ ਅਤੇ ਸਾਮਾਨ ਦੀ ਕੁਆਲਟੀ ਵਧੀਆ ਕਿਸਮ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਾਰਜ ਸਾਧਕ ਅਫ਼ਸਰ ਨੂੰ ਵੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਾਫ਼ ਪਾਣੀ ਦੇ ਟੈਕਰਾਂ ਦਾ ਵੀ ਪ੍ਰਬੰਧ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਜ਼ਰੂਰਤ ਪੈਣ ’ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਛੱਡਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੀ ਟਿੱਪਣੀ 'ਤੇ ਦਿੱਤਾ ਵੱਡਾ ਬਿਆਨ
ਉਨ੍ਹਾਂ ਐਕਸੀਅਨ ਡਰੇਨਜ਼ ਨੂੰ ਹਦਾਇਤ ਕੀਤੀ ਕਿ ਉਹ ਧੁੱਸੀ ਬੰਨ ’ਤੇ ਐਡਵਾਂਸ ਬੰਨ ਨਾਲ ਲੱਗਦੇ ਸੰਵੇਦਨਸ਼ੀਲ ਸਥਾਨਾਂ ’ਤੇ ਹੜ੍ਹ ਰੋਕੂ ਕੰਮਾਂ ਨੂੰ ਮੁਕੰਮਲ ਕਰਨ ਅਤੇ ਡਰੇਨਾਂ ਦੀ ਸਫ਼ਾਈ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਐਕਸੀਅਨ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਪੁਲੀਆਂ ਹੇਠੋਂ ਸਫ਼ਾਈ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਰੇਆਮ ਗੁੰਡਾਗਰਦੀ, ਪਿੰਡ ਦੇ ਹੀ ਵਿਅਕਤੀਆਂ ਨੇ ਨੌਜਵਾਨ 'ਤੇ ਹਮਲਾ ਕਰ ਕੀਤਾ ਜ਼ਖ਼ਮੀ
ਉਨ੍ਹਾਂ ਨੇ ਸਿਹਤ ਵਿਭਾਗ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਹੜ੍ਹਾਂ ਦੇ ਸੀਜ਼ਨ ’ਚ ਲੋੜੀਂਦੀਆਂ ਦਵਾਈਆਂ ਦੇ ਇੰਤਜ਼ਾਮ ਪੁਖਤਾ ਕੀਤੇ ਜਾਣ। ਵਧੀਕ ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਚਾਰੇ ਦੇ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿੱਤੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।