ਸਾਈਬਰ ਠੱਗਾਂ ਨੇ ਮਿੰਟਾਂ-ਸਕਿੰਟਾਂ ’ਚ ਹੈਕ ਕੀਤਾ ਮੋਬਾਇਲ, ਕੁੜੀ ਦੀ ਹੁਸ਼ਿਆਰੀ ਕਾਰਨ ਹੋਇਆ ਵੱਡਾ ਬਚਾਅ
Friday, Nov 07, 2025 - 02:37 PM (IST)
ਗੁਰਦਾਸਪੁਰ (ਹਰਮਨ)- ਪਿਛਲੇ ਸਮੇਂ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਆਨਲਾਈਨ ਠੱਗੀਆਂ ਮਾਰਨ ਵਾਲੇ ਨੌਸਰਬਾਜ਼ ਅਜੇ ਵੀ ਟਲ ਨਹੀਂ ਰਹੇ ਜਿਨ੍ਹਾਂ ਵੱਲੋਂ ਰੋਜ਼ਾਨਾ ਹੀ ਕਿਸੇ ਨਾ ਕਿਸੇ ਵਿਅਕਤੀ ਨੂੰ ਝਾਂਸੇ ਵਿਚ ਲਿਆ ਕੇ ਅਤੇ ਸੂਚਨਾ ਤਕਨਾਲੋਜੀ ਦੀ ਗਲਤ ਵਰਤੋਂ ਕਰ ਕੇ ਲੁੱਟਿਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਹੁਣ ਗੁਰਦਾਸਪੁਰ ਨਾਲ ਸੰਬੰਧਿਤ ਇਕ ਪੜ੍ਹੀ-ਲਿਖੀ ਲੜਕੀ ਦਾ ਫੋਨ ਹੈਕ ਕਰਨ ਤੋਂ ਮਿਲੀ ਹੈ। ਉਕਤ ਲੜਕੀ ਦਾ ਨਾਂ ਮੀਨਾਕਸ਼ੀ ਹੈ ਜੋ ਪੋਸਟ ਗ੍ਰੈਜੂਏਟ ਹੈ ਅਤੇ ਉਚ ਅਹੁੱਦੇ ’ਤੇ ਡਿਊਟੀ ਨਿਭਾ ਰਹੀ ਹੈ। ਮੀਨਾਕਸ਼ੀ ਨੇ ਦੱਸਿਆ ਕਿ ਉਸ ਨੇ ਆਪਣਾ ਏਅਰਟੈਲ ਦਾ ਨੰਬਰ ਰੀਚਾਰਜ ਕਰਵਾਇਆ ਸੀ। ਪਰ ਗਲਤੀ ਨਾਲ ਫੋਨ ਨੰਬਰ ਗਲਤ ਹੋ ਜਾਣ ਕਾਰਨ ਉਸ ਕੋਲੋਂ ਕਿਸੇ ਹੋਰ ਦਾ ਮੋਬਾਇਲ ਨੰਬਰ ਰੀਚਾਰਜ ਹੋ ਗਿਆ ਸੀ। ਇਸ ਦੇ ਬਾਅਦ ਉਸਨੇ ਏਅਰਟੈੱਲ ਦੀ ਅਧਿਕਾਰਤ ਐਪਲੀਕੇਸ਼ਨ ਉਪਰ ਜਾ ਕੇ ਰਿਕੁਐਸਟ ਕੀਤੀ ਸੀ ਕਿ ਜੇਕਰ ਸੰਭਵ ਹੋ ਸਕੇ ਤਾਂ ਉਸ ਵੱਲੋਂ ਕੀਤੇ ਗਏ ਗਲਤ ਰੀਚਾਰਜ ਦੇ ਪੈਸੇ ਰੀਫੰਡ ਕੀਤੇ ਜਾਣ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ
ਮੀਨਾਕਸ਼ੀ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਸ ਨੂੰ ਇਕ ਫੋਨ ਆਇਆ ਜਿਸ ਵਿਚ ਸਾਹਮਣੇ ਤੋਂ ਬੋਲਣ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੇ ਏਅਰਟੈਲ ਵਿਚ ਰੀਫੰਡ ਲਈ ਜੋ ਰਿਕੁਐਸਟ ਕੀਤੀ ਸੀ ਉਸ ਦੇ ਸੰਬੰਧ ਵਿਚ ਉਹ ਗੱਲ ਕਰਨਾ ਚਾਹੁੰਦੇ ਹਨ। ਜਦੋਂ ਮੀਨਾਕਸ਼ੀ ਨੇ ਉਕਤ ਵਿਅਕਤੀ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਸਾਹਮਣੇ ਤੋਂ ਬੋਲਣ ਵਾਲੇ ਵਿਅਕਤੀ ਨੇ ਸਭ ਤੋਂ ਪਹਿਲਾਂ ਮੀਨਾਕਸ਼ੀ ਕੋਲੋਂ ਉਸ ਦਾ ਵਟਸਅਪ ਨੰਬਰ ਮੰਗਿਆ ਜਿਸ ਦੇ ਉੱਪਰ ਇਕ ਲਿੰਕ ਭੇਜ ਕੇ ਵਿਅਕਤੀ ਨੇ ਕਿਹਾ ਕਿ ਇਸ ਲਿੰਕ ਰਾਹੀਂ ਹੀ ਉਸਦੇ ਰੀਫੰਡ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਕਤ ਵਿਅਕਤੀ ਨੇ ਫੋਨ ਰਾਹੀਂ ਹੀ ਮੀਨਾਕਸ਼ੀ ਦੇ ਫੋਨ ਉੱਪਰ ਕਈ ਤਰ੍ਹਾਂ ਦੀਆਂ ਸੈਟਿੰਗਜ ਚੇਂਜ ਕਰਵਾ ਦਿੱਤੀਆਂ ਅਤੇ ਵਟਸਅਪ ਨੰਬਰ ਰਾਹੀਂ ਭੇਜਿਆ ਲਿੰਕ ਵੀ ਫੋਨ ਵਿਚ ਡਾਊਨਲੋਡ ਕਰਵਾ ਦਿੱਤਾ।
ਇਹ ਵੀ ਪੜ੍ਹੋ- ਪੰਜਾਬ : ਡਿਊਟੀ 'ਚ ਕੁਤਾਹੀ ਵਰਤਣ 'ਤੇ ਇੰਸਪੈਕਟਰ ਸਸਪੈਂਡ ਤੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ
ਮੀਨਾਕਸ਼ੀ ਨੇ ਦੱਸਿਆ ਕਿ ਜਦੋਂ ਉਸਨੇ ਉਕਤ ਲਿੰਕ ਨੂੰ ਡਾਊਨਲੋਡ ਕੀਤਾ ਤਾਂ ਕੁਝ ਹੀ ਸੈਕਿੰਡਾਂ ਬਾਅਦ ਉਸ ਦੇ ਫੋਨ ਉੱਪਰ ਉਸਦਾ ਕੋਈ ਕੰਟਰੋਲ ਨਹੀਂ ਰਿਹਾ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਸਦੇ ਫੋਨ ਨੂੰ ਕੋਈ ਹੋਰ ਹੀ ਓਪਰੇਟ ਕਰ ਰਿਹਾ ਹੋਵੇ। ਇਸ ਦੌਰਾਨ ਸਾਹਮਣੇ ਤੋਂ ਫੋਨ ਕਰਨ ਵਾਲਾ ਵਿਅਕਤੀ ਉਸਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਉਹ ਆਪਣੇ ਫੋਨ ਵਿਚ ‘ਫੋਨ ਪੇਅ’ ਐਪਲੀਕੇਸ਼ਨ ਖੋਲ੍ਹ ਕੇ ਆਪਣਾ ਬੈਲੈਂਸ ਚੈੱਕ ਕਰੇ ਪਰ ਮੀਨਾਕਸ਼ੀ ਨੇ ਫੋਨ ਪੇਅ ਐਪ ਖੋਲ੍ਹਣ ਦੀ ਬਜਾਏ ਸਬੰਧਤ ਬੈਂਕ ਦੀ ਐਪਲੀਕੇਸ਼ਨ ’ਤੇ ਜਾ ਕੇ ਬੈਲੈਂਸ ਚੈੱਕ ਕੀਤਾ ਅਤੇ ਵਿਅਕਤੀ ਨੂੰ ਦੱਸਿਆ ਕਿ ਅਜੇ ਤੱਕ ਉਸਦਾ ਕੋਈ ਵੀ ਰਿਫੰਡ ਨਹੀਂ ਆਇਆ।
ਇਹ ਵੀ ਪੜ੍ਹੋ- ਪੰਜਾਬੀਓ ਕੱਢ ਲਓ ਰਜਾਈਆਂ-ਕੰਬਲ, ਸ਼ੁਰੂ ਹੋਣ ਲੱਗੀ ਕੜਾਕੇ ਦੀ ਠੰਡ
ਇਸ ਦੌਰਾਨ ਵਿਅਕਤੀ ਨੇ ਜਦੋਂ ਉਸਨੂੰ ਵਾਰ-ਵਾਰ ‘ਫੋਨ-ਪੇਅ’ ਓਪਨ ਕਰਨ ਲਈ ਕਿਹਾ ਤਾਂ ਵੀ ਮੀਨਾਕਸ਼ੀ ਨੇ ਉਸ ਨੂੰ ਨਹੀਂ ਖੋਲ੍ਹਿਆ। ਇਸ ਦੌਰਾਨ ਉਸ ਦੇ ਫੋਨ ਦੀ ਸਕਰੀਨ ਪੂਰੀ ਤਰਾਂ ਬਲੈਕ ਹੋ ਚੁੱਕੀ ਸੀ ਅਤੇ ਸਿਰਫ ਸਾਹਮਣੇ ਤੋਂ ਫੋਨ ਕਰਨ ਵਾਲੇ ਵਿਅਕਤੀ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ। ਮੀਨਾਕਸ਼ੀ ਨੇ ਦੱਸਿਆ ਕਿ ਉਸ ਦਾ ਫੋਨ ਲਗਾਤਾਰ ਚਲਦਾ ਰਿਹਾ ਪਰ ਉਸਦਾ ਆਪਣੇ ਹੀ ਫੋਨ ਉੱਪਰ ਕੋਈ ਵੀ ਕੰਟਰੋਲ ਨਹੀਂ ਸੀ ਜਿਸ ਦੇ ਬਾਅਦ ਜਦੋਂ ਉਸਨੇ ਇਕ ਵਾਰ ਫੋਨ ਕੱਟ ਕਰ ਦਿੱਤਾ ਤਾਂ ਦੂਸਰੀ ਵਾਰ ਫਿਰ ਉਕਤ ਵਿਅਕਤੀ ਦੀ ਫੋਨ ਕਾਲ ਆਈ ਅਤੇ ਉਸਨੇ ਕਿਹਾ ਕਿ ਉਹ ਫੋਨ ਪੇਅ ਓਪਨ ਕਰਕੇ ਬੈਲੈਂਸ ਚੈੱਕ ਕਰੇ। ਇਸ ਦੌਰਾਨ ਉਸ ਦੇ ਫੋਨ ਉੱਪਰ ਫੋਨ ਪੇਅ ਰਾਹੀਂ ਕਿਸੇ ਵਿਅਕਤੀ ਨੂੰ 10 ਹਜ਼ਾਰ ਅਤੇ ਕੁਝ ਹੋਰ ਅਦਾਇਗੀਆਂ ਦਾ ਮੈਸੇਜ ਆ ਗਿਆ ਜਿਸ ਦੇ ਬਾਅਦ ਉਸ ਨੇ ਤੁਰੰਤ ਆਪਣੇ ਬੈਂਕ ਦੀ ਐਪਲੀਕੇਸ਼ਨ ਉੱਪਰ ਜਾ ਕੇ ਬੈਂਕ ਦੇ ਖਾਤੇ ਵਿਚ ਪਈ ਸਾਰੀ ਰਾਸ਼ੀ ਆਪਣੀ ਮਾਤਾ ਦੇ ਖਾਤੇ ਵਿਚ ਟ੍ਰਾਂਸਫਰ ਕਰ ਲਈ। ਪਰ ਫੋਨ ਕਰਨ ਵਾਲਾ ਵਿਅਕਤੀ ਬਾਰ-ਬਾਰ ਉਸਨੂੰ ਫੋਨ ਪੇਅ ਓਪਨ ਕਰ ਕੇ ਬੈਲੈਂਸ ਚੈਕ ਕਰਨ ਲਈ ਕਹਿੰਦਾ ਰਿਹਾ।
ਇਹ ਵੀ ਪੜ੍ਹੋ- ਸਫਾਈ ਕਰਮਚਾਰੀਆਂ ਦੀ ਮਦਦ ਨਾਲ ਡਿਲੀਵਰੀ ਕਰਵਾ ਰਹੀ ਸੀ ਨਰਸ, ਕੁੱਖ 'ਚ ਦਮ ਤੋੜ ਗਿਆ ਬੱਚਾ
ਮੀਨਾਕਸ਼ੀ ਨੇ ਦੱਸਿਆ ਕਿ ਉਸ ਹੁਣ ਤੱਕ ਉਸ ਨੂੰ ਸਮਝ ਆ ਚੁੱਕੀ ਸੀ ਕਿ ਉਸ ਦਾ ਫੋਨ ਹੈਕ ਹੋ ਚੁੱਕਾ ਹੈ। ਜਿਸ ਦੇ ਬਾਅਦ ਉਸ ਨੇ ਉਕਤ ਵਿਅਕਤੀ ਨੂੰ ਕਿਹਾ ਕਿ ਉਹ ਪੁਲਸ ਕੋਲ ਸ਼ਿਕਾਇਤ ਕਰਨ ਜਾ ਰਹੀ ਹੈ। ਉਸ ਨੇ ਪੂਰੀ ਰਾਤ ਕਈ ਵਾਰ ਫੋਨ ਨੂੰ ਸਵਿਚ ਆਫ ਕੀਤਾ। ਪਰ ਫੋਨ ਆਪਣੇ ਆਪ ਹੀ ਆਨ ਹੁੰਦਾ ਰਿਹਾ ਅਤੇ ਸਾਰੀ ਰਾਤ ਉਕਤ ਹੈਕਰ ਫੋਨ ਉਪਰੇਟ ਕਰਨ ਦੀ ਕੋਸ਼ਿਸ਼ ਵਿਚ ਰਿਹਾ। ਪਰ ਉਦੋਂ ਤੱਕ ਉਸਨੇ ਆਪਣੇ ਬੈਂਕ ਖਾਤੇ ’ਚੋਂ ਪੈਸੇ ਟ੍ਰਾਂਸਫਰ ਕਰ ਲਏ ਸਨ ਅਤੇ ਤੁਰੰਤ ਸਾਈਬਰ ਥਾਣੇ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਉਸਨੂੰ ਦੱਸਿਆ ਕਿ ਉਹ ਆਪਣੇ ਫੋਨ ’ਚੋਂ ਸਿਮ ਕਾਰਡ ਤੁਰੰਤ ਬਾਹਰ ਕੱਢ ਦੇਵੇ ਅਤੇ ਫੋਨ ਵਿਚ ਐਂਟੀ ਵਾਇਰਸ ਪਾ ਕੇ ਉਸ ਨੂੰ ਸਕੈਨ ਕੀਤਾ ਜਾਵੇ। ਇਸ ਦੇ ਨਾਲ ਹੀ ਸਾਈਬਰ ਟੀਮ ਵੱਲੋਂ ਦੱਸੇ ਗਏ ਹੋਰ ਤਰੀਕੇ ਵਰਤਣ ਦੇ ਬਾਅਦ ਉਸ ਨੇ ਅਗਲੇ ਦਿਨ ਆਪਣੇ ਫੋਨ ਨੂੰ ਉਕਤ ਹੈਕਰ ਤੋਂ ਮੁਕਤ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਹੈਕਰ ਵੱਲੋਂ ਡਾਊਨਲੋਡ ਕਰਵਾਈ ਗਈ ਐਪਲੀਕੇਸ਼ਨ ਇੰਨੀ ਸਟਰੋਂਗ ਸੀ ਕਿ ਕਈ ਐਂਟੀ ਵਾਇਰਸ ਵੀ ਉਸ ਨੂੰ ਫੋਨ ਵਿਚ ਰੀਮੂਵ ਨਹੀਂ ਕਰ ਸਕੇ ਪਰ ਬਾਅਦ ਵਿਚ ਕਈ ਤਰੀਕੇ ਵਰਤ ਕੇ ਆਖਿਰਕਾਰ ਉਸਦਾ ਫੋਨ ਹੁਣ ਮੁੜ ਠੀਕ ਹੋਇਆ ਹੈ।
ਇਸ ਸਬੰਧ ਵਿਚ ਸਾਈਬਰ ਥਾਣਾ ਦੀ ਮੁਖੀ ਇੰਸਪੈਕਟਰ ਅਮਨਦੀਪ ਕੌਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਉਹ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਕਿਸੇ ਵੀ ਅਜਿਹੇ ਅਣਜਾਣ ਵਿਅਕਤੀ ਵੱਲੋਂ ਭੇਜਿਆ ਗਿਆ ਕੋਈ ਵੀ ਮੈਸੇਜ ਜਾਂ ਲਿੰਕ ਓਪਨ ਨਾ ਕਰਨ ਅਤੇ ਨਾ ਹੀ ਅਜਿਹੀ ਕਿਸੇ ਅਣ ਅਧਿਕਾਰਤ ਵੈਬਸਾਈਟ ਤੋਂ ਕੋਈ ਐਪਲੀਕੇਸ਼ਨ ਨੂੰ ਆਪਣੇ ਫੋਨ ਵਿਚ ਡਾਊਨਲੋਡ ਕਰਨ। ਉਨ੍ਹਾਂ ਕਿਹਾ ਕਿ ਹੈਕਰਾਂ ਕੋਲ ਫੋਨ ਹੈਕ ਕਰਕੇ ਲੋਕਾਂ ਨਾਲ ਲੁੱਟ ਕਰਨ ਦੇ ਕਈ ਤਰੀਕੇ ਮੌਜੂਦ ਹਨ। ਇਸ ਲਈ ਲੋਕਾਂ ਨੂੰ ਖੁਦ ਵੀ ਚੋਕਸ ਰਹਿਣ ਦੀ ਲੋੜ ਹੈ ਅਤੇ ਜੇਕਰ ਫਿਰ ਵੀ ਕਿਸੇ ਨਾਲ ਕੋਈ ਠੱਗੀ ਵੱਜਦੀ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
