ਕੈਨੇਡਾ ਵਿਚ ਅਪਰਾਧ ਬਨਾਮ ਪੰਜਾਬੀ ਡਾਇਸਪੋਰਾ

Thursday, Apr 20, 2023 - 01:22 PM (IST)

ਕੈਨੇਡਾ ਵਿਚ ਅਪਰਾਧ ਬਨਾਮ ਪੰਜਾਬੀ ਡਾਇਸਪੋਰਾ

ਅੰਮ੍ਰਿਤਸਰ- ਪੰਜਾਬੀ ਲੰਮੇ ਸਮੇਂ ਤੋਂ ਪਰਵਾਸ ਕਰਨ ਦੇ ਆਦੀ ਰਹੇ ਹਨ। ਸ਼ੁਰੂ ’ਚ ਇਸ ਦਾ ਮਕਸਦ ਰੋਜ਼ੀ ਰੋਟੀ ਅਤੇ ਖ਼ੁਸ਼ਹਾਲੀ ਦੀ ਤਲਾਸ਼ ਸੀ ਪਰ ਹੁਣ ਜੀਵਨ ਸ਼ੈਲੀ, ਬਿਹਤਰੀਨ ਸਿੱਖਿਆ ਅਤੇ ਸਿਆਸੀ ਪਨਾਹ ਵੀ ਜੁੜ ਗਈ ਹੈ। ਸਰਕਾਰਾਂ ਦੇ ਖੋਖਲੇ ਵਾਅਦਿਆਂ, ਨਸ਼ਾ ਅਤੇ ਅਮਨ ਕਾਨੂੰਨ ਦੀ ਸਥਿਤੀ ਪ੍ਰਤੀ ਮਾਪਿਆਂ ਦੀ ਚਿੰਤਾ, ਰੁਜ਼ਗਾਰ ਦੇ ਮੌਕਿਆਂ ਦਾ ਘੱਟ ਹੋਣਾ ਅਤੇ ਆਪਣੇ ਹੀ ਦੇਸ਼ 'ਚ ਚੰਗਾ ਭਵਿੱਖ ਨਜ਼ਰ ਨਾ ਆਉਣਾ ਨੌਜਵਾਨਾਂ ’ਚ ਵਿਕਸਿਤ ਦੇਸ਼ਾਂ ਵੱਲ ਪਰਵਾਸ ਦੇ ਰੁਝਾਨ ਨੂੰ ਹੋਰ ਵੀ ਵਧਾ ਰਿਹਾ ਹੈ। 

ਕੈਨੇਡਾ ਪ੍ਰਵਾਸੀਆਂ ਲਈ ਸਭ ਤੋਂ ਵਧ ਤਰਜੀਹੀ ਮੁਲਕ ਹੈ। ਅਨੇਕਤਾ ’ਚ ਏਕਤਾ, ਸਹਿਣਸ਼ੀਲਤਾ ਅਤੇ ਬਿਨਾਂ ਕਿਸੇ ਵਿਤਕਰੇ ਦੇ ਇੱਥੇ ਆਉਣ ਵਾਲੇ ਪਰਵਾਸੀਆਂ ਨੂੰ ਆਪਣੇ ’ਚ ਰਲੇਵੇਂ ਦਾ ਮੌਕਾ ਦੇਣਾ ਕੈਨੇਡੀਅਨ ਜੀਵਨ ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਹਨ। ਪੰਜਾਬੀ ਭਾਈਚਾਰੇ ਨੇ ਆਪਣੀ ਲਿਆਕਤ, ਮਿਹਨਤੀ ਸੁਭਾਅ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਕੈਨੇਡਾ ਵਿਚ ਆਪਣੀ ਵਿਲੱਖਣ ਤੇ ਪ੍ਰਭਾਵਸ਼ਾਲੀ ਪਛਾਣ ਬਣਾ ਲਈ ਹੈ। ਅੱਜ ਕੈਨੇਡਾ ਵਿਚ 9,42,170 ਪੰਜਾਬੀਆਂ ਦੀ ( 2.6 ਪ੍ਰਤੀਸ਼ਤ) ਆਬਾਦੀ ਹੈ। ਕੈਨੇਡਾ ਦੇ 338 ਸੀਟਾਂ ਵਾਲੇ ਸਦਨ ’ਚ 18 ਸੰਸਦ ਮੈਂਬਰ ਪੰਜਾਬੀ ਮੂਲ ਦੇ ਹਨ। ਟਰੂਡੋ ਸਰਕਾਰ ’ਚ ਹੁਣ ਹਰਜੀਤ ਸਿੰਘ ਸਜਣ ਸਮੇਤ 2 ਸਿੱਖ ਕੈਬਨਿਟ ਮੰਤਰੀ ਹਨ, ਨਵਦੀਪ ਸਿੰਘ ਬੈਂਸ ਘਰੇਲੂ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਾ ਹੈ। 2015 ਵਿਚ 4 ਸਿੱਖ ਕੈਬਨਿਟ ਮੰਤਰੀ ਸਨ। ਕੈਨੇਡਾ ਵਿਚ ਵੱਸਦਾ ਪ੍ਰਵਾਸੀ ਪੰਜਾਬੀ ਭਾਈਚਾਰਾ ਆਪਣੀ ਕਾਬਲੀਅਤ ਅਤੇ ਪ੍ਰਾਪਤੀਆਂ ਨਾਲ ਮਾਤ ਭੂਮੀ ਦਾ ਮਾਣ ਵਧਾ ਰਿਹਾ ਹੈ ਉੱਥੇ ਹੀ ਉਹ ਕੈਨੇਡਾ ਦੇ ਵਿਕਾਸ ’ਚ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਸਨਮਾਨਜਨਕ ਵਾਤਾਵਰਣ ਸਿਰਜਣ ਕਾਰਨ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਈ 1914 ਦੌਰਾਨ ਕਾਮਾਕਾਟਾ ਮਾਰੂ ਕਾਂਡ ਦੀ ਇਤਿਹਾਸਕ ਵਧੀਕੀ ਅਤੇ ਦੁਖਦਾਇਕ ਵਰਤਾਰੇ ਪ੍ਰਤੀ ਇਕ ਸਦੀ ਬਾਅਦ ਹਾਊਸ ਆਫ਼ ਕਾਮਨਜ਼ ਵਿਚ ਮੁਆਫ਼ੀ ਮੰਗਦਿਆਂ ਪੰਜਾਬੀ ਖ਼ਾਸਕਰ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਪ੍ਰਭਾਵ ਨੂੰ ਪ੍ਰਤੀਬਿੰਬਤ ਕੀਤਾ। 

ਭਾਰਤੀ ਸੀਮਾ ’ਚ ਦੋ ਵਾਰ ਦਾਖ਼ਲ ਹੋਇਆ ਪਾਕਿ ਡਰੋਨ, BSF ਦੀ ਫਾਇਰਿੰਗ ਮਗਰੋਂ ਪਰਤਿਆ ਵਾਪਸ

ਇਸ ਮੁਕਾਮ ’ਤੇ ਪਹੁੰਚਣ ਦੇ ਬਾਵਜੂਦ ਕੁਝ ਅਨਸਰ ਅਤੇ ਘਟਨਾਵਾਂ ਹਨ ਜੋ ਸਿੱਖ ਤੇ ਪੰਜਾਬੀ ਭਾਈਚਾਰੇ ਦੀ ਛਵੀ ਨੂੰ ਕੈਨੇਡਾ ਵਿਚ ਨੁਕਸਾਨ ਪਹੁੰਚਾ ਰਹੀਆਂ ਹਨ। ਪਿਛਲੇ ਸਾਲ ਅਗਸਤ ਵਿਚ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲਸ ਵੱਲੋਂ ਜਾਰੀ 11 ਖ਼ਤਰਨਾਕ ਗੈਂਗਸਟਰ ਦੀ ਸੂਚੀ ਵਿਚ 9 ਪੰਜਾਬੀ ਮੂਲ ਦੇ ਲੋਕਾਂ ਦਾ ਸ਼ਾਮਲ ਹੋਣਾ ਕੈਨੇਡਾ ’ਚ ਪੰਜਾਬੀ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਿਆ ਰਿਹਾ। ਉਸ ਸਮੇਂ ਇਹ ਪਹਿਲੀ ਵਾਰ ਸੀ ਕਿ ਪੁਲਸ ਨੇ ਸੂਬੇ ਵਿਚ ਹੱਤਿਆਵਾਂ ਅਤੇ ਗੋਲੀਬਾਰੀ ਦੇ ਮਾਮਲਿਆਂ ਨਾਲ ਜੁੜੇ ਇਨ੍ਹਾਂ ਗੈਂਗਸਟਰਾਂ ਤੋਂ ਆਪਣੇ ਨਾਗਰਿਕਾਂ ਨੂੰ ਨਾ ਕੇਵਲ ਦੂਰ ਰਹਿਣ ਸਗੋਂ ਇਨ੍ਹਾਂ ਤੋਂ ਆਪਣੇ ਦੋਸਤਾਂ ਅਤੇ ਪਰਿਵਾਰਾਂ ਲਈ ਵੀ ਖ਼ਤਰਾ ਦੱਸਦਿਆਂ ਇਨ੍ਹਾਂ ਅਪਰਾਧੀਆਂ ਨਾਲ ਰਾਬਤਾ ਤੱਕ ਨਾ ਕਰਨ ਲਈ ਕਿਹਾ ਸੀ। ਇਸੇ ਤਰ੍ਹਾਂ ਤਿੰਨ ਜਨਵਰੀ 2023 ਨੂੰ ਕੈਨੇਡਾ ਪੁਲਸ ਨੇ ਦੋ ਖ਼ਤਰਨਾਕ ਗੈਂਗਸਟਰਾਂ ਦਾ ਪੋਸਟਰ ਜਾਰੀ ਕੀਤਾ ਹੈ। ਉਹ ਦੋਵੇਂ ਪੰਜਾਬੀ ਮੂਲ ਦੇ ਹਨ। ਪੰਜਾਬੀ ਮੂਲ ਦੇ ਨੌਜਵਾਨਾਂ ਦਾ ਗੈਂਗਸਟਰ ਅਪਰਾਧਿਕ ਗਤੀਵਿਧੀਆਂ ਦਾ ਨੈੱਟਵਰਕ ਬੀਸੀ ਤੋਂ ਇਲਾਵਾ ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਂਟਾਰੀਓ, ਕਿਊਬਿਕ, ਬਰੈਂਪਟਨ ਸਮੇਤ ਸਮੁੱਚੇ ਕੈਨੇਡਾ ਵਿਚ ਫੈਲਿਆ ਹੋਇਆ ਹੈ। 

ਅੱਜ ਗੈਂਗਸਟਰ ਅਤੇ ਕੱਟੜਪੰਥੀਆਂ ਵੱਲੋਂ ਕੈਨੇਡਾ ਨੂੰ ਸੁਰੱਖਿਅਤ ਛੁਪਣਗਾਹ ਬਣਾ ਲਿਆ ਗਿਆ ਹੈ। ਜੋ ਕੈਨੇਡਾ ਤੋਂ ਇਲਾਵਾ ਪੰਜਾਬ ਵਿਚ ਆਪਣਾ ਨੈੱਟਵਰਕ ਚਲਾ ਰਹੇ ਹਨ। ਜਿਵੇਂ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਚਰਚਾ ਵਿਚ ਆਇਆ ਗੋਲਡੀ ਬਰਾੜ, ਪੰਜਾਬ ਪੁਲਸ ਇੰਟੈਲੀਜੈਂਸ ਦੇ ਹੈੱਡਕੁਆਟਰ ਮੋਹਾਲੀ ਵਿਖੇ ਗਰਨੇਡ ਹਮਲੇ ਦਾ ਕਥਿਤ ਮੁੱਖ ਸਾਜ਼ਿਸ਼ਕਾਰ ਲਖਬੀਰ ਸਿੰਘ ਲੰਡਾ, ਭਾਰਤੀ ਏਜੰਸੀ ਐੱਨ. ਆਈ. ਏ. ਵੱਲੋਂ ਇਨਾਮੀ ਹਰਦੀਪ ਸਿੰਘ ਨਿੱਝਰ, ਗੈਂਗਸਟਰ ਅਰਸ਼ ਡਾਲਾ, ਰਮਨਾ ਜੱਜ, ਰਿੰਕੂ ਰੰਧਾਵਾ, ਬਾਬਾ ਡੱਲਾ ਅਤੇ ਸੁੱਖਾ ਦੋਨਕੇ ਸ਼ਾਮਲ ਹਨ। 

ਇਹ ਵੀ ਪੜ੍ਹੋ- ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ

ਪੰਜਾਬ 'ਚ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੀਆਂ ਤਾਰਾਂ ਦਾ ਕੈਨੇਡਾ ਤੱਕ ਵੀ ਜੁੜੀਆਂ ਹੋਣ ਦੀਆਂ ਖ਼ਬਰਾਂ ਨਾਲ ਵੀ ਆਮ ਕੈਨੇਡੀਅਨ ਨਾਗਰਿਕਾਂ ’ਚ ਆਪਣੇ ਦੇਸ਼ ਦੀ ਅਮਨ ਸ਼ਾਂਤੀ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਆਮ ਕੈਨੇਡੀਅਨ ਅਮਨ ਪਸੰਦ ਸ਼ਹਿਰੀ ਸਮਝ ਦੇ ਹਨ ਕਿ ਜੋ ਲੋਕ ਕੈਨੇਡਾ 'ਚ ਬੈਠ ਕੇ ਪੰਜਾਬ 'ਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਵੱਡੀ ਭੂਮਿਕਾ ਨਿਭਾਅ ਰਹੇ ਹਨ, ਉਹ ਉਨ੍ਹਾਂ ਲਈ ਵੀ ਕਿਸੇ ਸਮੇਂ ਖ਼ਤਰਾ ਬਣ ਸਕਦੇ ਹਨ। ਕੈਨੇਡਾ ’ਚ ਗੈਂਗਵਾਰ ਦੀ ਗਲ ਕੀਤੀ ਜਾਵੇ ਤਾਂ ਬ੍ਰਦਰ ਕੀਪਰ ਗੈਂਗ ਦੇ ਮਨਿੰਦਰ ਸਿੰਘ ਧਾਲੀਵਾਲ ਤੇ ਉਸ ਦੇ ਇਕ ਮਿੱਤਰ ਦੀ 25 ਜੁਲਾਈ 2022 ਨੂੰ ਕੈਨੇਡਾ ਦੇ ਵਿਸਲਰ ਵਿਲੇਜ ਵਿਚ ਗੈਂਗਵਾਰ ਦੀ ਇਕ ਫ਼ਾਇਰਿੰਗ ਦੌਰਾਨ ਮੌਤ ਹੋ ਗਈ। ਇਸ ਸੰਬੰਧੀ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਪੰਜਾਬੀ ਸਨ। ਮਨਿੰਦਰ ਦਾ ਛੋਟਾ ਭਰਾ ਹਰਬ ਧਾਲੀਵਾਲ 17 ਅਪ੍ਰੈਲ, 2021 ਨੂੰ ਹੀ ਗੈਂਗਵਾਰ ’ਚ ਮਾਰ ਦਿੱਤਾ ਗਿਆ ਸੀ। ਇਹ ਦੋਵੇਂ ਬਰਿੰਦਰ ਧਾਲੀਵਾਲ ਦੇ ਭਰਾ ਸਨ, ਜਿਸ ਨੂੰ ਕੈਨੇਡੀਅਨ ਗੈਂਗਸਟਰਾਂ ਦੀ ਦੁਨੀਆ ’ਚ 'ਸ਼ਰੈੱਕ’ ਵਜੋਂ ਜਾਣਿਆ ਜਾਂਦਾ ਹੈ।
 
ਬ੍ਰਿਟਿਸ਼ ਕੋਲੰਬੀਆ ਪੁਲਸ ਨੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਹੀ ਭਾਵ 2004 ਦੀ ਸਲਾਨਾ ਪੁਲਸ ਰਿਪੋਰਟ ਦੇ ਹਵਾਲੇ ਨਾਲ ਖ਼ੁਲਾਸਾ ਕੀਤਾ ਕਿ ਪੰਜਾਬੀ-ਕੈਨੇਡੀਅਨ ਗੈਂਗ ਕੈਨੇਡਾ ਵਿਚ ਅਪਰਾਧਾਂ ਲਈ ਜ਼ਿੰਮੇਵਾਰ ਟੌਪ-3 ਗਰੁੱਪਾਂ ਵਿਚ ਹੀ ਨਹੀਂ ਸਗੋਂ ਦੂਜਿਆਂ ਨਾਲੋਂ ਕਾਫ਼ੀ ਅੱਗੇ ਸਨ। ਵੈਨਕੂਵਰ ਪੁਲਸ ਦੀ ਸਾਲ 2005 ਦੀ ਰਿਪੋਰਟ ਅਨੁਸਾਰ ਪੰਜਾਬ ਨਾਲ ਸਬੰਧਿਤ ਗੈਂਗਸਟਰਾਂ ਦੀ ਵੈਨਕੂਵਰ ’ਚ ਸ਼ੁਰੂਆਤ 1980 ਦੇ ਦਹਾਕੇ ਵਿੱਚ ਭੁਪਿੰਦਰ ਸਿੰਘ ਬਿੰਦੀ ਜੌਹਲ ਵੱਲੋਂ ਨਸ਼ੇ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਨਾਲ ਹੋਈ। ਇਸ ਤੋਂ ਬਾਅਦ ਸੰਘੇੜਾ ਕ੍ਰਾਈਮ ਆਰਗੇਨਾਈਜ਼ੇਸ਼ਨ ਅਤੇ ਬੁੱਟਰ ਗਰੁੱਪ ਪ੍ਰਵਾਸੀਆਂ ਦੀ ਸਭ ਤੋਂ ਵਧ ਬਦਨਾਮ ਗਰੁੱਪਾਂ ’ਚ ਸਨ। ਇਸ ਤੋਂ ਇਲਾਵਾ ਧਾਲੀਵਾਲ ਪਰਿਵਾਰ, ਮੱਲ੍ਹੀ-ਬੁੱਟਰ ਸੰਗਠਨ ਆਦਿ ਪੰਜਾਬੀ ਮਾਫ਼ੀਆ ਚਰਚਾ ਵਿੱਚ ਰਹੇ ਹਨ। ਪੰਜਾਬੀ-ਕੈਨੇਡੀਅਨ ਕ੍ਰਾਈਮ ਸਿੰਡੀਕੇਟ ਮੁੱਖ ਤੌਰ 'ਤੇ ਉਨ੍ਹਾਂ ਨੌਜਵਾਨ ਦਾ ਸਮੂਹ ਹੈ ਜੋ ਪੰਜਾਬੀ ਪਰਿਵਾਰਾਂ ਵਿੱਚ ਪੈਦਾ ਹੋਏ ਹਨ। 

ਅਪ੍ਰੈਲ 2021 ਦੌਰਾਨ ਯੌਰਕ ਰਿਜਨਲ ਪੁਲੀਸ ਨੇ ਪੱਛਮੀ ਕੈਨੇਡਾ, ਯੂ. ਐੱਸ ਅਤੇ ਭਾਰਤ ਤੱਕ ਫੈਲਿਆ ਹੋਇਆ ਅੰਤਰਰਾਸ਼ਟਰੀ ਨਸ਼ਾ ਤਸਕਰ ਨੈੱਟਵਰਕ ਨੂੰ ਖ਼ਤਮ ਕਰਦਿਆਂ ਜਿਨ੍ਹਾਂ 27 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ, ਉਨ੍ਹਾਂ ਵਿਚ 23 ਪੰਜਾਬੀ ਮੂਲ ਦੇ ਸਨ। ਇਸੇ ਤਰਾਂ ਜੂਨ 2022 ਦੌਰਾਨ ਇਕੱਲੇ ਬਰੈਪਟਨ ਵਿਚ ਪੰਜਾਬ ਦੇ ਘੱਟੋ ਘੱਟ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ’ਤੇ ਹਥਿਆਰਾਂ ਨਾਲ ਜੁੜੇ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ 8 ਦਸੰਬਰ 2021 ਨੂੰ ਕੈਲਗਰੀ ਪੁਲਸ ਨੇ ਭਾਰਤੀ ਮੂਲ ਦੇ 9 ਇੰਡੋ ਕੈਨੇਡੀਅਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕੇਵਲ ਇਕ ਸਾਲ ’ਚ 20 ਤੋਂ ਵੱਧ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਸਨ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ 14 ਜੁਲਾਈ 2022 ਨੂੰ ਸਰੀ ਵਿਖੇ ਕਾਰੋਬਾਰੀ ਤੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ’ਟਾਰਗੈਟ ਕਿਲਿੰਗ’ ਅਤੇ ਉਸ ਤੋਂ ਦਸ ਦਿਨ ਬਾਅਦ ਹੀ ਗੈਂਗਸਟਰ ਮਨਿੰਦਰ ਸਿੰਘ ਧਾਲੀਵਾਲ ਦੀ ਹੱਤਿਆ ਨੇ ਦਹਿਸ਼ਤ ਪੈਦਾ ਕਰਦਿਆਂ ਅਮਨ ਸ਼ਾਂਤੀ ਨੂੰ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ- ਕੁੜੀ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਣ ਦੀ ਵਾਇਰਲ ਵੀਡੀਓ 'ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਸਪੱਸ਼ਟੀਕਰਨ

ਬੱਬਰ ਖ਼ਾਲਸਾ ਨਾਲ ਸੰਬੰਧਿਤ ਸ: ਮਲਿਕ ਦੀ ਹੱਤਿਆ ਨਾਲ ਕਰੀਬ ਚਾਰ ਦਹਾਕੇ ਪਹਿਲਾਂ ਏਅਰ ਇੰਡੀਆ ਦੀ ’ਕਨਿਸ਼ਕ’ ਨੂੰ ਉਡਾਉਣ ਦੀ ਖੇਡੀ ਗਈ ਖ਼ੂਨੀ ਖੇਡ ਦੀ ਯਾਦ ਫਿਰ ਤੋਂ ਤਾਜ਼ੀ ਹੋ ਗਈ। 23 ਜੂਨ 1985 ’ਚ ਵਾਪਰੇ ਉਕਤ ਕਨਿਸ਼ਕ ਕਾਂਡ ਜਿਸ ਵਿਚ  268 ਕੈਨੇਡੀਅਨ ਨਾਗਰਿਕਾਂ ਸਮੇਤ 331 ਲੋਕ ਮਾਰੇ ਗਏ ਸਨ, ’ਚ ਮਲਿਕ ਦੀ ਕਥਿਤ ਸ਼ਮੂਲੀਅਤ ਲਈ ਉਸ ਨੂੰ ਕੈਨੇਡੀਅਨ ਲੋਕ ਮਾਨਸਿਕਤਾ ਨੇ ਕਦੀ ਵੀ ਮੁਆਫ਼ ਨਹੀਂ ਕੀਤਾ। ਜਿਸ ਦੀ ਚਰਚਾ ਮਲਿਕ ਦੇ ਕਤਲ ਤੋਂ ਬਾਅਦ ਕੈਨੇਡੀਅਨ ਮੀਡੀਆ ਵਿੱਚ ਦੇਖਣ ਨੂੰ ਮਿਲੀ। ਬੇਸ਼ੱਕ ਵਿਸ਼ਵ ਹਵਾਈ ਖੇਤਰ ਦੇ ਇਤਿਹਾਸ ਵਿਚ 9/11 ਤੋਂ ਪਹਿਲਾਂ ਦੇ ਇਸ ਭਿਆਨਕ ਅਤਿਵਾਦੀ ਹਮਲੇ ਸੰਬੰਧੀ ਮਲਿਕ ਨੂੰ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਨੇ ਪੁਖ਼ਤਾ ਸਬੂਤ ਨਾ ਹੋਣ ਕਾਰਨ 2005 ’ਚ ਬਰੀ ਕਰ ਦਿੱਤਾ ਸੀ। ਵਿਸ਼ਵ ਅਤਿਵਾਦ ਦੀ ਚੁਨੌਤੀ ਦੇ ਸਨਮੁੱਖ ਕੈਨੇਡਾ ਸਰਕਾਰ ਵੱਲੋਂ ਕ੍ਰਿਮੀਨਲ ਕੋਡ ਤਹਿਤ ਸੂਚੀਬੱਧ ਕੀਤੇ ਗਏ 77 ਅਤਿਵਾਦੀ ਸਮੂਹਾਂ ਵਿਚ ਬੱਬਰ ਖ਼ਾਲਸਾ ਸਮੇਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੇ ਸਿੱਖ ਜਥੇਬੰਦੀਆਂ ਦਾ ਸ਼ਾਮਲ ਹੋਣਾ ਅਤੇ ਕੈਨੇਡਾ ਵੱਲੋਂ ਦੇਸ਼ ਨੂੰ ਅਤਿਵਾਦ ਦੇ ਖ਼ਤਰੇ ਬਾਰੇ 2018 ਦੌਰਾਨ ਜਾਰੀ ਰਿਪੋਰਟ ’ਚ ’’ਸਿੱਖ ਕੱਟੜਪੰਥੀਆਂ’’ ਦੇ ਵਧਦੇ ਖ਼ਤਰੇ ਦਾ ਜ਼ਿਕਰ ਕੀਤਾ ਜਾਣਾ ਸਿੱਖ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਿਆ ਰਿਹਾ।

ਕੈਨੇਡਾ ’ਚ ਗੈਂਗਵਾਰ ਅਤੇ ਅਪਰਾਧ ਤੋਂ ਬਾਅਦ ਨਸ਼ਾ ਤਸਕਰੀ ’ਚ ਵੀ ਪੰਜਾਬੀਆਂ ਦਾ ਪੂਰਾ ਬੋਲ ਬਾਲਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਪੰਜਾਬੀ ਮੂਲ ਦੇ ਗੈਂਗਸਟਰਾਂ ਦੀ ਵੱਡੀ ਭੂਮਿਕਾ ਦੇਖੀ ਗਈ ਹੈ। ਕੈਨੇਡਾ ਸਰਕਾਰ ਦੀ ਇਕ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਤੋਂ ਪੰਜਾਬੀ ਮੂਲ ਦੇ ਗੈਂਗਸਟਰਾਂ ਦਾ ਇੰਨਾ ਪ੍ਰਭਾਵ ਵਧ ਗਿਆ ਹੈ ਕਿ ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿਚ ਚੱਲ ਰਹੇ ਡਰੱਗ ਕਾਰਟੈਲ ’ਤੇ ਮੁਕੰਮਲ ਕਬਜ਼ਾ ਕਰ ਲਿਆ ਹੈ। ਸਟੱਡੀ ਵੀਜ਼ੇ ਵਾਲੇ ਅਨੇਕਾਂ ਨੌਜਵਾਨ ਅਤੇ ਵਰਕ ਪਰਮਿਟ ਵਾਲਿਆਂ ਤੋਂ ਇਲਾਵਾ ਕਈ ਟਰੱਕ ਡਰਾਈਵਰ ਜਲਦੀ ਅਮੀਰ ਹੋਣ ਦੀ ਚਾਹਤ ਵਿਚ ਡਰੱਗ ਮਾਫ਼ੀਆ ਵੱਲ ਖਿੱਚੇ ਜਾ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕ੍ਰਿਸਮਿਸ  2020 ਮੌਕੇ ਕੈਲਗਰੀ ਦੇ ਇਕ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਕੋਲੋਂ 28.5 ਮਿਲੀਅਨ ਡਾਲਰ ਦੀ 288.14 ਕਿੱਲੋ ਮੈਥਾਮਫੇਟਾਮਾਈਨ ਫੜਣ ਦਾ ਦਾਅਵਾ ਕੀਤਾ। ਮਿਸੀਗਾਸਾ ਪੁਲਸ ਨੇ 2.5 ਲੱਖ ਡਾਲਰ ਦੀ ਨਸ਼ੀਲੇ ਪਦਾਰਥਾਂ ਦੀ ਫੜੀ ਖੇਪ ਨਾਲ 5 ਤਸਕਰ ਫੜੇ ਜਿਨ੍ਹਾਂ ਵਿੱਚੋਂ ਤਿੰਨ ਪੰਜਾਬੀ ਮੂਲ ਦੇ ਤਸਕਰ ਪਾਏ ਗਏ। ਅਗਸਤ 2021 ਨੂੰ ਬਰੈਂਪਟਨ ਦੇ 46 ਸਾਲਾ ਗੁਰਦੀਪ ਸਿੰਘ ਮਾਂਗਟ ਨੂੰ 83 ਕਿੱਲੋ ਨਸ਼ੀਲੇ ਪਦਾਰਥ ਕੋਕੀਨ ਦੀ ਤਸਕਰੀ ਵਿਚ ਗ੍ਰਿਫ਼ਤਾਰ ਕੀਤਾ ਗਿਆ। ਜੁਲਾਈ 2021 ਨੂੰ ਕਿਊਬਕ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਕੋਲੋਂ 112.50 ਕਿੱਲੋ ਕੋਕੀਨ ਫੜੀ ਗਈ। ਜੂਨ 2021 ਵਿਚ ਟੋਰਾਂਟੋ ਤੋਂ 9 ਪੰਜਾਬੀ ਮੂਲ ਦੇ ਨੌਜਵਾਨ 61 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤੇ ਗਏ। ਜੋ ਕਿ ਕੈਨੇਡੀਅਨ ਪੁਲਸ ਇਤਿਹਾਸ ’ਚ ਇਕ ਵੱਡੀ ਪ੍ਰਾਪਤੀ ਸੀ। ਬਰੈਂਪਟਨ ਪੁਲਸ ਵੱਲੋਂ ਅਪ੍ਰੈਲ 2021 ਵਿਚ ਕੈਨੇਡਾ ਵਿਚ ਕੋਕੀਨ ਦੀ ਤਸਕਰੀ ਲਈ ਫੜੇ ਗਏ 30 ਵਿਚੋਂ 25 ਪੰਜਾਬੀ ਮੂਲ ਦੇ ਲੋਕ ਸਨ। 

ਪਿਛਲੇ ਸਾਲ ਅਕਤੂਬਰ ’ਚ ਬਰੈਂਪਟਨ ਤੋਂ 25 ਸਾਲਾ ਦਰਨਪ੍ਰੀਤ ਸਿੰਘ ਕੋਕੀਨ ਦੀਆਂ 84 ਇੱਟਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੀ ਇਕ ਲੰਮੀ ਸੂਚੀ ਹੈ। ਕੈਨੇਡਾ ਦੇ ਪਬਲਿਕ ਹੈਲਥ ਏਜੰਸੀ ਦੁਆਰਾ ਹਰ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਕੈਨੇਡੀਅਨਾਂ ਦੀ ਮੌਤ ਦਰ ’ਚ ਭਾਰੀ ਵਾਧੇ ਬਾਰੇ ਚਿੰਤਾਜਨਕ ਖ਼ੁਲਾਸਾ ਕੈਨੇਡਾ ’ਚ ਡਰਗ ਮਾਫ਼ੀਆ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਹੋਣ ਜਾਂ ਗੈਂਗਵਾਰ ਨਾਲ ਹੋ ਰਹੀਆਂ ਹੱਤਿਆਵਾਂ, ਕੈਨੇਡਾ ਦੀ ਸਮਾਜਿਕ ਅਤੇ ਅਮਨ ਸ਼ਾਂਤੀ ਨੂੰ ਭੰਗ ਕਰ ਰਹੀਆਂ ਹਨ।  ਗੈਂਗ ਕਲਚਰ ਅਤੇ ਨਸ਼ਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਮਾਪੇ ਆਪਣੇ ਬਚਿਆਂ ਨੂੰ ਕੈਨੇਡਾ ਭੇਜ ਰਹੇ ਹਨ, ਹੁਣ ਸਵਾਲ ਉੱਠਦਾ ਹੈ ਕਿ ਹਜ਼ਾਰਾਂ ਮੀਲ ਦੂਰ ਭੇਜੇ ਗਏ ਆਪਣੇ ਬੱਚਿਆਂ ’ਤੇ ਉਹ ਕਿਵੇਂ ਸਖ਼ਤ ਨਜ਼ਰ ਰੱਖ ਸਕਦੇ ਹਨ ਅਤੇ ਕੈਨੇਡਾ ਦੇ ਮਾਪੇ ਇਸੇ ਸਥਿਤੀ ’ਚ ਆਪਣੇ ਬਚਿਆਂ ਨੂੰ ਕਿਥੇ ਲੁਕਾ ਸਕਦੇ ਹਨ? ਇਸ ਲਈ ਆਮ ਕੈਨੇਡੀਅਨ ਨਾਗਰਿਕਾਂ ’ਚ ਪੈਦਾ ਹੋਈ ’ਖੌਫ’ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਪ੍ਰੋ: ਸਰਚਾਂਦ ਸਿੰਘ ਖਿਆਲਾ

 


author

Shivani Bassan

Content Editor

Related News