ਕ੍ਰਿਕਟ ਦੇ ਗੁਰੂ ‘ਨਵਜੋਤ ਸਿੰਘ ਸਿੱਧੂ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ
Tuesday, Jul 20, 2021 - 11:31 AM (IST)
ਬਦਲਦੇ ਮੌਸਮ ਨਾਲ ਪੰਜਾਬ ਦੀ ਰਾਜਨੀਤੀ ਦੇ ਮਿਜਾਜ਼ ਵੀ ਬਦਲਦੇ ਨਜ਼ਰ ਆ ਰਹੇ ਹਨ। ਸਿਆਸੀ ਅਖਾੜਾ ਇਸ ਕਦਰ ਆਪਣੀ ਚਰਮ ਸੀਮਾ ’ਤੇ ਪਹੁੰਚ ਗਿਆ ਹੈ ਕਿ ਰਾਜਨੀਤਿਕ ਵਿਸ਼ਲੇਸ਼ਕ ਵੀ ਕਾਂਗਰਸ ਪ੍ਰਤੀ ਕੋਈ ਪੱਕਾ ਕਿਆਸ ਨਹੀਂ ਲਗਾ ਰਹੇ। ਜਿੱਥੇ ਕਾਂਗਰਸ ਦਾ ਆਪਸੀ ਕਾਟੋ-ਕਲੇਸ਼ ਖ਼ਤਮ ਹੁੰਦਾ ਨਜ਼ਰੀ ਨਹੀਂ ਆਉਂਦਾ, ਉੱਥੇ ਹੋਰਨਾਂ ਖੇਤਰੀ ਪਾਰਟੀਆਂ ਵਿੱਚ ਵੀ ਹਲਕਾ ਪੱਧਰ ’ਤੇ ਅੰਦਰੂਨੀ ਫੁੱਟ ਪੁੰਗਰਦੀ ਜਾਪਦੀ ਹੈ। ਇਹ ਭਾਵੇਂ ਅਹੁਦੇਦਾਰੀਆਂ ਦੀ ਹੋੜ ਹੋਵੇ ਜਾਂ ਫਿਰ ਵਿਧਾਨ ਸਭਾ ਦੀ ਟਿਕਟ ਲੈਣ ਖਾਤਰ ਹੋ ਰਹੀ ਜੋਰ ਅਜਮਾਇਸ਼ ਹੋਵੇ। ਇਸ ਸਭ ਕੁੱਝ ਦੇ ਬਾਵਜੂਦ ਕ੍ਰਿਕਟ ਦਾ ਗੁਰੂ ਨਵਜੋਤ ਸਿੰਘ ਸਿੱਧੂ ਆਪਣੀ ਸਿਆਸੀ ਪਾਰੀ ਕੁੱਝ ਵੱਖਰੇ ਅੰਦਾਜ਼ ਵਿੱਚ ਹੀ ਖੇਡਦਾ ਨਜ਼ਰ ਆ ਰਿਹਾ ਹੈ। ਸਿੱਧੂ ਦੇ ਪਾਰਟੀ ਪ੍ਰਧਾਨ ਬਣਨ ਨਾਲ ਜਿੱਥੇ ਇੱਕ ਪਾਸੇ ਸਿੱਧੂ ਧੜੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ, ਉੱਥੇ ਹੀ ਕੈਪਟਨ ਧੜੇ ਦੀ ਨਾਰਾਜ਼ਗੀ ਇੱਕ ਨਵਾਂ ਸੰਕਟ ਵੀ ਖੜਾ ਕਰ ਸਕਦੀ ਹੈ। ਇਹ ਸੰਕਟ ਕਾਂਗਰਸ ਦੀਆਂ ਜੜ੍ਹਾਂ ਨੂੰ ਡੂੰਘਾ ਨੁਕਸਾਨ ਪਹੁੰਚਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ
ਕਿਆਸ ਇਹ ਲਗਾਏ ਜਾ ਰਹੇ ਹਨ ਕਿ ਸਿੱਧੂ ਸਭ ਕਾਂਗਰਸੀ ਆਗੂਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਵਿੱਚ ਸਫਲ ਹੋ ਜਾਣਗੇ। ਇਸ ਬਾਬਤ ਅਸੀਂ ਕੋਈ ਪੱਕੀ ਰਾਇ ਨਹੀਂ ਦੇ ਸਕਦੇ, ਕਿਉਂਕਿ ਕੁਸ਼ਤੀ ਦੀ ਖੇਡ ਵਾਂਗ ਸਿਆਸਤ ਵਿੱਚ ਵੀ ਕਦੋਂ ਤੇ ਕਿੱਥੇ ਕਿਹੜਾ ਦਾਅ ਲਾ ਜਾਵੇ ਇਸ ਬਾਰੇ ਕੋਈ ਪਤਾ ਨਹੀਂ ਹੁੰਦਾ। ਅਸਲ ਵਿੱਚ ਇਸ ਵਕਤ ਪੰਜਾਬ ਦੇ ਕਾਂਗਰਸੀ ਆਗੂ ਜਿੱਥੇ ਆਪਸੀ ਫੁੱਟ ਦਾ ਸ਼ਿਕਾਰ ਹਨ, ਉੱਥੇ ਇਹ ਦੋ ਬੇੜੀਆਂ ਵਿੱਚ ਸਵਾਰ ਵੀ ਦੇਖੇ ਜਾ ਸਕਦੇ ਹਨ। ਇੱਕ ਪਾਸੇ ਤਾਂ ਸਭ ਨੂੰ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਹੀ ਪਸੰਦੀਦਾ ਆਗੂ ਵਜੋਂ ਮਨਜ਼ੂਰ ਹਨ ਤੇ ਦੂਜੇ ਪਾਸੇ ਪ੍ਰਧਾਨ ਵਜੋਂ ਉਹ ਨਵਜੋਤ ਸਿੰਘ ਸਿੱਧੂ ਨੂੰ ਅਪਣਾਉਣ ਦੇ ਸਮਰਥਕ ਹਨ। ਇਹ ਦੋਵੇਂ ਕੱਦਾਵਾਰ ਤੇ ਦਿੱਗਜ਼ ਆਗੂ ਇੱਕ-ਦੂਜੇ ਉੱਤੇ ਹਮੇਸ਼ਾਂ ਕਟਾਖਸ਼ ਕਰਦੇ ਅਤੇ ਸੱਤਾ ਦੀ ਦੌੜ ਵਿੱਚ ਇੱਕ ਦੂਜੇ ਨਾਲੋਂ ਅੱਗੇ ਨਿਕਲਣ ਦੀ ਹੋੜ ਵਿੱਚ ਆਮ ਵੇਖੇ ਜਾ ਸਕਦੇ ਹਨ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਹੁਣ ਉਹਨਾਂ ਦੇ ਸ਼ਕਤੀ ਪ੍ਰਦਰਸ਼ਨ ਦਾ ਵੇਲਾ ਵੀ ਨਜ਼ਦੀਕ ਆਉਂਦਾ ਸਾਫ ਦੇਖਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!
ਹਰ ਇੱਕ ਵਿਧਾਇਕ ਨੂੰ ਆਪਣੇ ਵਿਸ਼ਵਾਸ਼ ਵਿੱਚ ਲੈਣਾ, ਪੁਰਾਣੇ ਟਕਸਾਲੀ ਆਗੂਆਂ ਨੂੰ ਆਪਣੀ ਪ੍ਰਧਾਨਗੀ ਹੇਠ ਨਾਲ ਲੈ ਕੇ ਚੱਲਣਾ, ਮੰਤਰੀ ਪਦ ਦੇ ਚਾਹਵਾਨ ਵਿਧਾਇਕਾਂ ਨਾਲ ਨਜਿੱਠਣਾ, ਕਾਂਗਰਸ ਦੀ ਸੂਬਾ ਪੱਧਰੀ ਸ਼ਾਖ ਨੂੰ ਉੱਚ ਪੱਧਰ ਤੇ ਲੈ ਕੇ ਜਾਣਾ, ਹਰ ਮਾਮਲੇ ਵਿੱਚ ਹਾਈਕਮਾਂਡ ਦੇ ਵਿਸ਼ਵਾਸਪਾਤਰ ਬਣਨਾ ਅਤੇ 2022 ਦੇ ਸਿਆਸੀ ਪਿੜ ਲਈ ਕਾਂਗਰਸ ਨੂੰ ਸੱਤਾਧਾਰੀ ਬਣਾਉਣ ਲਈ ਕੋਸ਼ਿਸ਼ਾਂ ਕਰਨੀਆਂ ਆਦਿਕ ਜ਼ਿੰਮੇਵਾਰੀਆਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਐਨ ਬਾਅਦ ਉਨ੍ਹਾਂ ਸਿਰ ਆ ਪਈਆਂ ਜਾਪਦੀਆਂ ਹਨ। ਇਨ੍ਹਾਂ ਸਭਨਾਂ ਵਿੱਚੋਂ ਇੱਕ ਹੋਰ ਪ੍ਰਮੁੱਖ ਜ਼ਿੰਮੇਵਾਰੀ ਜਿਸ ਦਾ ਅਸੀਂ ਅਜੇ ਜ਼ਿਕਰ ਨਹੀਂ ਕੀਤਾ ਉਹ ਇਹ ਹੈ ਕਿ-ਕੀ ਕੈਪਟਨ ਸਾਹਿਬ ਸਿੱਧੂ ਦੀ ਪ੍ਰਧਾਨਗੀ ਨੂੰ ਕਬੂਲ ਕਰਨਗੇ ਜਾਂ ਫਿਰ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਰੂਪ ਵਿੱਚ ਕੈਪਟਨ ਸਾਹਿਬ ਨਾਲ ਲੈ ਕੇ ਚੱਲਣ ਲਈ ਮਨਾਉਣ ਵਿੱਚ ਸਫਲ ਹੋਣਗੇ? ਇਸ ਗੱਲ ’ਤੇ ਅਜੇ ਭੇਦ ਹੀ ਬਰਕਰਾਰ ਹੈ।
ਪੜ੍ਹੋ ਇਹ ਵੀ ਖ਼ਬਰ - ਕੁੱਖੋ ਜੰਮੇ ਕਲਯੁੱਗੀ ਪੁੱਤ ਨੇ ਪੈਰਾਂ ’ਤੇ ਕਰੰਟ ਲੱਗਾ ਪਿਓ ਨੂੰ ਦਿੱਤੀ ਦਰਦਨਾਕ ਮੌਤ, ਫਿਰ ਰਾਤੋ-ਰਾਤ ਕਰ ਦਿੱਤਾ ਸਸਕਾਰ
ਜੇਕਰ ਅਸੀਂ ਮੰਨ ਵੀ ਲਈਏ ਕਿ ਸਿੱਧੂ ਖੇਮੇ ਦੇ ਨਾਲ-ਨਾਲ ਕੈਪਟਨ ਧੜਾ ਵੀ ਸਿੱਧੂ ਦੀ ਪ੍ਰਧਾਨਗੀ ਨੂੰ ਸਵੀਕਾਰ ਕਰੇਗਾ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਕੈਪਟਨ ਸਾਹਿਬ ਮੰਨ ਹੀ ਲੈਣਗੇ। ਕੈਪਟਨ ਅਮਰਿੰਦਰ ਸਿੰਘ ਜਿੱਥੇ ਪੁਰਾਣੇ ਕਾਂਗਰਸੀ ਆਗੂ ਹਨ ਉੱਥੇ ਹੀ ਉਹਨਾਂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਨੂੰ ਵੀ ਅਸੀਂ ਅੱਖੋਂ-ਪਰੋਖੇ ਨਹੀਂ ਕਰ ਸਕਦੇ। ਇਸੇ ਕਰਕੇ ਹਾਈਕਮਾਂਡ ਦੀ ਦਖਲਅੰਦਾਜ਼ੀ ਤੋਂ ਬਿਨਾਂ ਕੈਪਟਨ ਅਤੇ ਸਿੱਧੂ ਦੀ ਜੱਫੀ ਦੀ ਸੰਭਾਵਨਾ ਸੰਭਵ ਨਹੀਂ ਹੋ ਸਕਦੀ। ਦੌਰ-ਏ-ਸਿਆਸਤ ਵਿੱਚ ਕੋਈ ਕਿਸੇ ਦਾ ਕਰੀਬੀ ਨਹੀਂ ਹੁੰਦਾ ਅਤੇ ਨਾ ਹੀ ਕਦੇ ਕੋਈ ਕਿਸੇ ਦਾ ਪੱਕਾ ਦੁਸ਼ਮਣ ਬਣਦਾ ਹੈ।
ਪੜ੍ਹੋ ਇਹ ਵੀ ਖ਼ਬਰ - ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’
ਇਹ ਮਿਸਾਲ ਅਕਸਰ ਪੁਰਾਣੇ ਦੇ ਦਿੱਗਜ਼ ਆਗੂ ਦਿੰਦੇ ਆਏ ਹਨ ਤੇ ਅੱਜ ਵੀ ਦੇ ਰਹੇ ਹਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਕੈਪਟਨ ਨਾਲ ਮੁਲਾਕਾਤ ਤੇ ਉਸ ਤੋਂ ਬਾਅਦ ਬਾਜਵਾ ਦੀ ਅਗਵਾਈ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਦੀ ਦਿੱਲੀ ਵਿੱਚ ਬੈਠਕ ਅਜਿਹਾ ਸਭ ਕੁੱਝ ਸਿੱਧੂ ਦੀਆਂ ਰਾਜਸੀ ਸਰਗਰਮੀਆਂ ਤੇਜ਼ ਹੋਣ ਤੋਂ ਬਾਅਦ ਹੀ ਕਿਉਂ ਹੋ ਰਿਹਾ ਹੈ, ਇਹ ਵੀ ਕਾਂਗਰਸ ਲਈ ਇੱਕ ਅਹਿਮ ਚਿੰਤਾ ਦਾ ਵਿਸ਼ਾ ਜਾਪਦਾ ਹੈ। ਕਿਤੇ ਨਾ ਕਿਤੇ ਸੰਸਦ ਮੈਂਬਰ ਵੀ ਸਿੱਧੂ ਦੀ ਕਮਾਨ ਹੇਠ ਖੁਸ਼ਗਵਾਰ ਨਜ਼ਰ ਨਹੀਂ ਆਉਂਦੇ ਤਾਂ ਇਸ ਸਭ ਵਿੱਚ ਵੇਖਣਾ ਇਹ ਬਣਦਾ ਹੈ ਕਿ ਕੀ ਸਿੱਧੂ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਭਰੋਸੇ ਵਿੱਚ ਲੈ ਸਕਣਗੇ?
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕਤਲ (ਤਸਵੀਰਾਂ)
ਇਸ ਸਮੇਂ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਲਈ ਸਥਿਤੀ ਵਿਧਾਨ ਸਭਾ ਵਿੱਚ ਭਰੋਸੇ ਦਾ ਮਤ ਹਾਸਿਲ ਕਰਨ ਵਾਲੀ ਬਣੀ ਹੋਈ ਹੈ। ਸੋ ਵੇਖਦੇ ਹਾਂ ਕਿ ਸਿੱਧੂ ਇਸ ਸਭ ਕੁੱਝ ਦੇ ਬਾਵਜੂਦ ਪ੍ਰਧਾਨ ਬਣੇ ਰਹਿ ਸਕਣਗੇ ਜਾਂ ਫਿਰ ਸਾਰੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਸਿੱਧੂ ਦੀ ਪ੍ਰਧਾਨਗੀ ਨੂੰ ਖਿੜੇ ਮੱਥੇ ਪ੍ਰਵਾਨ ਕਰੇਗੀ। ਇਹ ਸਭ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਸਿਆਸੀ ਪਿੜ ਇਸ ਸਮੇਂ ਜਿੱਥੇ ਸਿੱਧੂ ਦੇ ਹੱਕ ਵਿੱਚ ਭੁਗਤਦਾ ਨਜ਼ਰ ਆਉਂਦਾ ਹੈ ਉੱਥੇ ਹੀ ਸਿਆਸੀ ਆਕਾ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਦੇ ਨਾਲ ਕੰਮ ਕਰਨ ਲਈ ਰਾਜ਼ੀ ਹੋਣਾ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਰੰਜ਼ਿਸ ਦੇ ਤਹਿਤ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੀਤਾ ਨੌਜਵਾਨ ਦਾ ਕਤਲ
ਗੁਰਪ੍ਰੀਤ ਸਿੰਘ ਚੰਬਲ
98881-40052