ਨਿਗਮ ਦਾ ਟਰੇਡ ਲਾਇਸੈਂਸ ਵਿਭਾਗ ਵਸੂਲੀ ’ਚ ‘ਫਾਡੀ’, ਬਾਕੀ ਵਿਭਾਗਾਂ ’ਚ ਪਿਛਲੇ ਸਾਲ ਦੇ ਮੁਕਾਬਲੇ ਆਇਆ ਸੁਧਾਰ
Thursday, Sep 29, 2022 - 10:50 AM (IST)

ਅੰਮ੍ਰਿਤਸਰ (ਰਮਨ) - ਨਗਰ ਨਿਗਮ ਦੀ ਵਿੱਤੀ ਹਾਲਤ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੈ। ਠੇਕੇਦਾਰਾਂ ਨੂੰ ਅਦਾਇਗੀਆਂ ਨਹੀਂ ਮਿਲ ਰਹੀਆਂ, ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਮਿਲ ਰਹੀਆ। ਜੇਕਰ ਰਿਕਵਰੀ ਦੀ ਗੱਲ ਕਰੀਏ ਤਾਂ ਇਸ ਸਮੇਂ ਟਰੇਡ ਲਾਇਸੈਂਸ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਰਿਕਵਰੀ ਵਿਚ ਸੁਧਾਰ ਕੀਤਾ ਹੈ। ਇਸ ਸਮੇਂ ਸਭ ਤੋਂ ਮਾੜੀ ਹਾਲਤ ਲਾਇਸੈਂਸਾਂ ਦੀ ਹੈ, ਜਿਸ ਦੀ ਵਸੂਲੀ ਨਾਮਾਤਰ ਹੈ। ਜੇਕਰ ਅਜਿਹੇ ਹਾਲਤ ਜਾਰੀ ਰਹੇ ਤਾਂ ਵਿਭਾਗ ਪਿਛਲੇ ਸਾਲ ਦੇ ਮੁਕਾਬਲੇ ਪੂਰੇ ਸਾਲ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਈ ਇਹ ਸਥਿਤੀ
ਉਕਤ ਵਿਭਾਗ ਸਿਹਤ ਅਧਿਕਾਰੀ ਦੇ ਕਬਜ਼ੇ ਹੇਠ ਆਉਂਦਾ ਹੈ। ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਹਰ ਵਿਭਾਗ ਮੁਖੀ ਆਪਣੇ-ਆਪਣੇ ਵਿਭਾਗਾਂ ਦੀ ਰਿਕਵਰੀ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਾ ਸੀ ਅਤੇ ਉਨ੍ਹਾਂ ’ਤੇ ਸਮੇਂ-ਸਮੇਂ ’ਤੇ ਸਖ਼ਤੀ ਕੀਤੀ ਗਈ। ਜੇਕਰ ਸ਼ਹਿਰ ਵਿਚ ਵਪਾਰਕ ਮਾਲਕਾਂ ਤੋਂ ਲਾਇਸੈਂਸ ਫੀਸ ਲੈ ਲਈ ਜਾਵੇ ਅਤੇ ਨਵੇਂ ਲਾਇਸੈਂਸ ਬਣਾਏ ਜਾਣ ਤਾਂ ਕਰੋੜਾਂ ਰੁਪਏ ਨਿਗਮ ਨੂੰ ਆ ਸਕਦੇ ਹਨ। ਵਿੱਤੀ ਸਾਲ ਵਿਚ ਵਸੂਲੀ ਦੇ ਟੀਚੇ ਨੂੰ ਲੈ ਕੇ ਵਿਭਾਗ ਦਾ ਬਹੁਤ ਬੁਰਾ ਹਾਲ ਹੈ। ਵਿਭਾਗ ਕੋਲ ਵੱਡੀ ਗਿਣਤੀ ਵਿਚ ਮੁਲਾਜ਼ਮ ਹੋਣ ਦੇ ਬਾਵਜੂਦ ਕੰਮ ਉਸ ਅਨੁਸਾਰ ਨਹੀਂ ਹੋ ਰਿਹਾ। ਜੇਕਰ ਉਕਤ ਲਾਇਸੈਂਸ ਦੀ ਵਸੂਲੀ ਪ੍ਰਾਪਰਟੀ ਟੈਕਸ ਵਿਭਾਗ ਕੋਲ ਕਰਵਾਈ ਜਾਵੇ ਤਾਂ ਨਿਗਮ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਭਾਵੇਂ ਹਰ ਸਾਲ ਉੱਚ ਅਧਿਕਾਰੀਆਂ ਵੱਲੋਂ ਲਾਇਸੈਂਸ ਸਬੰਧੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਅਧਿਕਾਰੀ ਮੀਟਿੰਗਾਂ ਵਿਚ ਫਿਟਕਾਰ ਸੁਣ ਕੇ ਬਾਹਰ ਆ ਜਾਂਦੇ ਹਨ ਅਤੇ ਉਸ ਤੋਂ ਬਾਅਦ ਮੁੜ ਉਹੀ ਸਥਿਤੀ ਬਣ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਸੁਰਖੀਆਂ ਵਿਚ ਰਹਿੰਦਾ ਸੀ ਇਸਤਿਹਾਰਬਾਜ਼ੀ ਵਿਭਾਗ
ਇਸਤਿਹਾਰਬਾਜ਼ੀ ਵਿਭਾਗ, ਜੋ ਪਿਛਲੇ ਸਾਲਾਂ ਵਿਚ ਸੁਰਖੀਆਂ ਵਿਚ ਰਹਿੰਦਾ ਸੀ, ਨੇ ਵੀ ਇਸ ਸਾਲ ਟੀਚੇ ਤੋਂ ਕਿਤੇ ਵੱਧ ਵਸੂਲੀ ਕੀਤੀ ਹੈ। ਜਦਕਿ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਨੇ ਵੀ ਮਿੱਥੇ ਟੀਚੇ ਤੋਂ ਵੱਧ ਰਕਮ ਨਿਗਮ ਦੇ ਗੱਲੇ ਵਿਚ ਪਹੁੰਚਾ ਦਿੱਤੀ ਹੈ। ਭਾਵੇਂ ਸਰਕਾਰ ਨੇ ਪਿਛਲੇ ਸਾਲ ਪਾਣੀ ਦੇ ਬਿੱਲਾਂ ਨੂੰ ਮੁਆਫ਼ ਕਰ ਦਿੱਤਾ ਸੀ ਪਰ ਵਿਭਾਗ ਨੇ ਵਪਾਰਕ ਬਿੱਲਾਂ ’ਤੇ ਰੋਕ ਲਾਈ ਰੱਖੀ, ਜਦਕਿ ਹੁਣ ਵਿਭਾਗ ਘਰੇਲੂ ਬਿੱਲਾਂ ’ਤੇ ਵੀ ਵਸੂਲੀ ਕਰ ਰਿਹਾ ਹੈ।
ਪਿਛਲੇ ਸਾਲ ਅਤੇ ਵਿੱਤੀ ਸਾਲ ਦੀ ਰਿਕਵਰੀ ਦਾ ਵੇਰਵਾ
ਇਸ਼ਤਿਹਾਰ ਵਿਭਾਗ ਦੀ 1 ਅਪ੍ਰੈਲ ਤੋਂ 28 ਸਤੰਬਰ ਤੱਕ ਦੀ ਰਿਕਵਰੀ ਪਿਛਲੇ ਸਾਲ 1 ਕਰੋੜ 34 ਲੱਖ 20 ਹਜ਼ਾਰ ਰੁਪਏ, 5 ਕਰੋੜ 22 ਲੱਖ 59 ਹਜ਼ਾਰ ਰੁਪਏ ਨਿਗਮ ਦੇ ਗਲੇ ਵਿਚ ਆਏ ਹਨ। ਕੰਜਰਵੈਂਸੀ ਫੀਸ ਪਿਛਲੇ ਸਾਲ 32 ਲੱਖ 37 ਹਜ਼ਾਰ, ਵਿੱਤੀ ਸਾਲ 47 ਲੱਖ 9 ਹਜ਼ਾਰ ਰੁਪਏ ਸੀ। ਟਰੇਡ ਲਾਇਸੈਂਸ ਪਿਛਲੇ ਸਾਲ 34 ਲੱਖ 99 ਹਜ਼ਾਰ, ਵਿੱਤੀ ਸਾਲ 14 ਲੱਖ 26 ਹਜ਼ਾਰ ਰੁਪਏ। ਪ੍ਰਾਪਰਟੀ ਟੈਕਸ ਪਿਛਲੇ ਸਾਲ 14 ਕਰੋੜ 20 ਲੱਖ, ਵਿੱਤੀ ਸਾਲ 19 ਕਰੋੜ 6 ਲੱਖ ਰੁਪਏ ਟੈਕਸ ਸੀ। ਵਾਟਰ ਸੀਵਰੇਜ ਪਿਛਲੇ ਸਾਲ 3 ਕਰੋੜ 91 ਲੱਖ, ਮਾਲੀ ਸਾਲ 4 ਕਰੋੜ 47 ਲੱਖ ਰੁਪਏ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਪ੍ਰਾਪਰਟੀ ਟੈਕਸ ਵਿਭਾਗ ਨੇ 76.90 ਲੱਖ ਦਾ ਟੈਕਸ ਨਿਗਮ ਦੇ ਗੱਲੇ ’ਚ ਲਿਆਂਦਾ
ਨੋਡਲ ਅਫ਼ਸਰ ਸਕੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਪ੍ਰਾਪਰਟੀ ਟੈਕਸ ਵਿਭਾਗ ਨੇ 76 ਲੱਖ 90 ਹਜ਼ਾਰ ਟੈਕਸ ਨਿਗਮ ਦੇ ਗੱਲੇ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਗਲੇ ਦੋ ਦਿਨਾਂ ਵਿਚ ਸਰਕਾਰ ਵੱਲੋਂ ਦਿੱਤੀ ਗਈ ਛੋਟ ਦਾ ਲਾਭ ਉਠਾਉਣ ਅਤੇ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕ ਆਪਣਾ ਟੈਕਸ ਨਿਗਮ ਦੇ ਮੁੱਖ ਦਫ਼ਤਰ ਦੇ ਨਾਲ-ਨਾਲ ਜ਼ੋਨਾਂ ਵਿਚ ਵੀ ਜਮ੍ਹਾ ਕਰਵਾ ਸਕਦੇ ਹਨ।