ਡੇਰਾ ਸੰਤ ਅਮੀਰ ਸਿੰਘ ਦੇ ਮੁਖੀ ਨੂੰ ਲੈ ਕੇ ਗਰਮਾਇਆ ਵਿਵਾਦ, ਹਰਵਿੰਦਰ ਗੋਲਡੀ ਦੀ ਪਤਨੀ ਨੇ ਲਾਏ ਦੋਸ਼

02/11/2023 3:32:18 PM

ਅੰਮ੍ਰਿਤਸਰ (ਛੀਨਾ,ਜ.ਬ)- ਸ਼ਹੀਦ ਭਾਈ ਮਨੀ ਸਿੰਘ ਟਕਸਾਲ ਦੇ ਮੁਖੀ ਸੰਤ ਮੱਖਣ ਸਿੰਘ ਦੇ ਸੱਚਖੰਡ ਪਿਆਨਾ ਕਰ ਜਾਣ ਤੋਂ ਬਾਅਦ ਡੇਰਾ ਸੰਤ ਅਮੀਰ ਸਿੰਘ ਦੇ ਮੁਖੀ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਵਿਵਾਦ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ। ਇਸ ਮਸਲੇ ਸਬੰਧੀ ਡੇਰਾ ਸੰਤ ਅਮੀਰ ਸਿੰਘ ਦੇ ਮੁੱਖ ਸੇਵਾਦਾਰ ਸੰਤ ਅਮਨਦੀਪ ਸਿੰਘ ਨੇ ਕਿਹਾ ਕਿ ਦੇਸ਼ ਵਿਦੇਸ਼ ’ਚ ਡੇਰਾ ਸੰਤ ਅਮੀਰ ਸਿੰਘ ਨਾਲ ਜੁੜੀਆਂ ਸੰਗਤਾਂ ਦੇ ਲਗਾਤਾਰ ਫੋਨ ਆ ਰਹੇ ਹਨ ਕਿ ਹਰਵਿੰਦਰ ਸਿੰਘ ਗੋਲਡੀ ਉਨ੍ਹਾਂ ਨੂੰ ਡੇਰੇ ਦਾ ਮੁਖੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ, ਜੋ ਕਿ ਠੀਕ ਗੱਲ ਨਹੀਂ, ਜਿਸ (ਗੋਲਡੀ) ਨੂੰ ਅਸੀਂ ਤਾੜਨਾ ਕਰਦੇ ਹਾਂ ਕਿ ਉਹ ਆਪਣੀਆ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਨਹੀਂ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਗੱਡੀ ਨਾਲ ਬੰਦ ਕੀਤਾ ਸੀ ਨਵੀਂ ਬਣ ਰਹੀ ਗਲੀ ਦਾ ਰਸਤਾ, ਤੈਸ਼ 'ਚ ਆਏ ਨੌਜਵਾਨਾਂ ਨੇ ਦਾਗੇ ਫ਼ਾਇਰ

ਸੰਤ ਅਮਨਦੀਪ ਸਿੰਘ ਨੇ ਕਿਹਾ ਕਿ ਸੰਤ ਮੱਖਣ ਸਿੰਘ ਸੱਚਖੰਡ ਪਿਆਨਾ ਕਰਨ ਤੋਂ ਕੁਝ ਸਮਾਂ ਪਹਿਲਾਂ ਹਰਵਿੰਦਰ ਸਿੰਘ ਗੋਲਡੀ ਨੂੰ ਬੇਦਖਲ ਕਰ ਗਏ ਹਨ, ਜਿਸ ਦਾ ਹੁਣ ਡੇਰਾ ਸੰਤ ਅਮੀਰ ਸਿੰਘ ਨਾਲ ਕੋਈ ਨਾਤਾ ਨਹੀਂ ਪਰ ਇਸ ਨਾਜ਼ੁਕ ਸਮੇਂ ’ਚ ਵੀ ਗੋਲਡੀ ਵਲੋਂ ਜਿਹੜੇ ਹੱਥਕੰਡੇ ਵਰਤੇ ਜਾ ਰਹੇ ਹਨ, ਉਸ ਕਾਰਨ ਡੇਰੇ ਦੀ ਸੰਗਤ ’ਚ ਉਸ ਖ਼ਿਲਾਫ਼ ਭਾਰੀ ਰੋਹ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਗੋਲਡੀ ਵੀ ਇਹ ਗੱਲ ਭਲੀਭਾਂਤੀ ਜਾਣਦਾ ਹੈ ਕਿ ਉਸ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹੋਣ ਕਾਰਨ ਹੀ ਸੰਤ ਮੱਖਣ ਸਿੰਘ ਉਸ ਨੂੰ ਡੇਰੇ ਤੋਂ ਬੇਦਖ਼ਲ ਕਰ ਗਏ ਹਨ, ਜਿਸ ਦੇ ਬਾਵਜੂਦ ਵੀ ਉਹ ਡੇਰਾ ਸੰਤ ਅਮੀਰ ਸਿੰਘ ਦੇ ਵਿਰੋਧੀ ਧੜੇ ਦੇ ਹੱਥੀਂ ਚੜ੍ਹ ਕੇ ਉਹ ਸਾਰੇ ਕਾਰੇ ਕਰ ਰਿਹਾ ਹੈ, ਜਿਸ ਨਾਲ ਕੁੜੱਤਣ ਹੋਰ ਵੱਧ ਸਕਦੀ ਹੈ।

ਹਰਵਿੰਦਰ ਗੋਲਡੀ ਦੀ ਪਤਨੀ ਨੇ ਡੇਰੇ ’ਚ ਜਬਰੀ ਨਜ਼ਰਬੰਦ ਕਰਨ ਦੇ ਲਾਏ ਦੋਸ਼

ਡੇਰਾ ਸੰਤ ਅਮੀਰ ਸਿੰਘ ਦੇ ਚੱਲ ਰਹੇ ਵਿਵਾਦ ਦੌਰਾਨ ਉਦੋਂ ਨਵਾਂ ਮੋੜ ਆ ਗਿਆ ਜਦੋਂ ਡੇਰੇ ਦੀ ਇਕ ਧਿਰ ਦੇ ਮੁਖੀ ਹਰਵਿੰਦਰ ਸਿੰਘ ਗੋਲਡੀ ਦੀ ਪਤਨੀ ਬੀਬੀ ਪਰਮੀਤ ਕੌਰ, ਭੈਣ ਬੀਬੀ ਨਵਦੀਪ ਕੌਰ ਤੇ ਸੱਸ ਬੀਬੀ ਜਸਵਿੰਦਰ ਕੌਰ ਨੇ ਡੇਰੇ ’ਤੇ ਕਾਬਜ਼ ਵਿਅਕਤੀਆਂ ’ਤੇ ਉਨ੍ਹਾਂ ਨੂੰ ਜਬਰੀ ਨਜ਼ਰਬੰਦ ਕਰਨ ਦੇ ਦੋਸ਼ ਲਗਾ ਦਿੱਤੇ। ਪਰਮੀਤ ਕੌਰ ਨੇ ਕਿਹਾ ਕਿ ਸੰਤ ਬਾਬਾ ਮੱਖਣ ਸਿੰਘ ਨਮਿਤ ਬੀਤੇ ਦਿਨ ਡੇਰਾ ਸੰਤ ਅਮੀਰ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਣਾ ਸੀ ਜਿਸ ਵਾਸਤੇ ਉਹ ਆਪਣੀ ਮਾਂ ਤੇ ਨਨਾਣ ਨਾਲ ਸਵੇਰੇ 11 ਵਜੇ ਦੇ ਕਰੀਬ ਡੇਰੇ ਪਹੁੰਚ ਗਈਆਂ। ਪਰਮੀਤ ਕੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਨੂੰ ਡੇਰੇ ਪਹੁੰਚਣ ’ਤੇ ਉਥੇ ਮੌਜੂਦ ਕਾਬਜ਼ ਵਿਅਕਤੀਆਂ ਨੇ ਮੰਦੇ ਸ਼ਬਦ ਬੋਲਦਿਆਂ ਡੇਰੇ ’ਚੋਂ ਨਿਕਲ ਜਾਣ ਲਈ ਆਖਿਆ ਜਦੋਂ ਅਸੀਂ ਹਲੀਮੀ ਨਾਲ ਗੱਲ ਕਰਨੀ ਚਾਹੀ ਤਾਂ ਉਹ ਸਾਡੇ ਨਾਲ ਬਦਤਮੀਜ਼ੀ ਕਰਨ ਲੱਗ ਪਏ। ਪਰਮੀਤ ਕੌਰ ਨੇ ਕਿਹਾ ਕਿ ਉਥੇ ਕੁਝ ਵਿਅਕਤੀਆਂ ਨੇ ਸਾਨੂੰ ਧਮਕਾਉਦਿਆਂ ਕਿਹਾ ਕਿ ਤੁਸੀਂ ਡੇਰੇ ’ਚੋਂ ਬਾਹਰ ਚਲੇ ਜਾਓ ਨਹੀਂ ਤਾਂ ਤੁਹਾਨੂੰ ਧੱਕੇ ਮਾਰ ਕੇ ਬਾਹਰ ਕਰ ਦਿਆਂਗੇ।

PunjabKesari

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ

ਪਰਮੀਤ ਕੌਰ ਨੇ ਕਿਹਾ ਕਿ ਅਸੀਂ ਉਨ੍ਹਾਂ ਵਿਅਕਤੀਆਂ ਨੂੰ ਆਖਿਆ ਕਿ ਇਹ ਗੁਰੂ ਦਾ ਘਰ ਹੈ ਤੁਸੀਂ ਸਾਨੂੰ ਕਿਵੇਂ ਧੱਕੇ ਮਾਰ ਕੇ ਬਾਹਰ ਕਰ ਦਿਓਗੇ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਸਾਰੇ ਦਰਵਾਜ਼ਿਆਂ ਨੂੰ ਤਾਲੇ ਮਾਰ ਕੇ ਸਾਨੂੰ ਨਜ਼ਰਬੰਦ ਕਰ ਦਿੱਤਾ। ਪਰਮੀਤ ਕੌਰ ਨੇ ਕਿਹਾ ਕਿ ਮਾਹੌਲ ਵਿਗੜਨ ਕਾਰਨ ਅਸੀਂ ਤੁਰੰਤ ਪੁਲਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਥਾਣਾ ਗੇਟ ਹਕੀਮਾ ਤੋਂ ਆਈ ਪੁਲਸ ਨੇ ਦਰਵਾਜ਼ੇ ਖੁਲਵਾ ਕੇ ਸਾਨੂੰ ਡੇਰੇ ’ਚੋਂ ਬਾਹਰ ਕਢਵਾਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਅਸੀਂ ਜਦੋਂ ਪੁਲਸ ਥਾਣਾ ਗੇਟ ਹਕੀਮਾ ਪਹੁੰਚ ਕੇ ਉਕਤ ਵਿਅਕਤੀਆਂ ਖ਼ਿਲਾਫ ਬਣਦੀ ਕਾਰਵਾਈ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਤਾਂ ਵੀ ਪੁਲਸ ਦਾ ਰਵੱਈਆ ਸਾਡੇ ਪ੍ਰਤੀ ਠੀਕ ਨਹੀਂ ਸੀ, ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਪੁਲਸ ਵੀ ਡੇਰਾ ਸੰਤ ਅਮੀਰ ਸਿੰਘ ’ਤੇ ਕਾਬਜ਼ ਧਿਰ ਦੇ ਦਬਾਅ ਹੇਠ ਹੈ। ਉਨ੍ਹਾਂ ਅੱਜ ਦੀ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

 ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News