ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਨੇ ਮਚਾਈ ਤਬਾਹੀ, ਲੋਹੇ ਦੇ ਸ਼ੈਡ ਹਵਾ ’ਚ ਉੱਡੇ, ਥਾਂ-ਥਾਂ ਡਿੱਗੇ ਰੁੱਖ

Friday, Jun 16, 2023 - 02:45 PM (IST)

ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਨੇ ਮਚਾਈ ਤਬਾਹੀ, ਲੋਹੇ ਦੇ ਸ਼ੈਡ ਹਵਾ ’ਚ ਉੱਡੇ, ਥਾਂ-ਥਾਂ ਡਿੱਗੇ ਰੁੱਖ

ਤਰਨਤਾਰਨ (ਰਮਨ)- ਬੀਤੇ ਬੁੱਧਵਾਰ ਸ਼ਾਮ ਤੋਂ ਲੈ ਵੀਰਵਾਰ ਸਵੇਰ ਤੱਕ ਜ਼ਿਲੇ ਭਰ ਵਿਚ ਹੋਈ ਲਗਾਤਾਰ ਮੀਂਹ ਅਤੇ ਤੇਜ਼ ਰਫ਼ਤਾਰ ਹਵਾ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਚਲੀਆਂ ਤੇਜ਼ ਹਵਾਵਾਂ ਕਾਰਨ ਪਾਵਰ ਕਾਰਪੋਰੇਸ਼ਨ, ਸ਼ੈਲਰਾਂ, ਕਿਸਾਨਾਂ ਦੀਆਂ ਫ਼ਸਲਾਂ, ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਰੁੱਖਾਂ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਪੁੱਜਾ ਹੈ। ਬੁੱਧਵਾਰ ਸਵੇਰੇ 8 ਵਜੇ ਤੋਂ 24 ਘੰਟਿਆਂ ਦੌਰਾਨ ਜ਼ਿਲ੍ਹੇ ਭਰ ਵਿਚ ਪਏ 13.7 ਮਿਲੀਮੀਟਰ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਲਗਾਤਾਰ ਮੀਂਹ ਕਾਰਨ ਇਕ ਘਰ ਦੀ ਛੱਤ ਡਿੱਗ ਪਈ ਪਰ ਇਸ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ- ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਥਾਪਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

ਮੌਸਮ ਵਿਭਾਗ ਵਲੋਂ ਪਹਿਲਾਂ ਹੀ ਸੂਬੇ ਭਰ ਵਿਚ ਭਵਿੱਖਬਾਣੀ ਕੀਤੀ ਜਾ ਚੁੱਕੀ ਸੀ ਕਿ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਅਤੇ ਲਗਾਤਾਰ ਮੀਂਹ ਹੋਣ ਦੀ ਸੰਭਾਵਨਾ ਹੈ। ਇਹ ਭਵਿੱਖਬਾਣੀ ਬਿਲਕੁਲ ਸਹੀ ਸਾਬਤ ਹੋਈ, ਜਿਸਦੇ ਚੱਲਦਿਆਂ ਬੁੱਧਵਾਰ ਰਾਤ ਕਰੀਬ 8 ਵਜੇ ਜ਼ਿਲ੍ਹੇ ਵਿਚ ਸ਼ੁਰੂ ਹੋਏ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ। ਭਾਵੇਂ ਕਿ ਇਸ ਲਗਾਤਾਰ ਹੋਏ ਮੀਂਹ ਨੇ ਕਿਸਾਨਾਂ ਦੇ ਚਿਹਰੇ ਖੁਸ਼ ਕਰ ਦਿੱਤੇ ਹਨ ਪਰ ਗਰੀਬ ਘਰਾਂ ਦੇ ਕੋਠੇ ਲਗਾਤਾਰ ਹੋਈ ਬਾਰਸ਼ ਕਾਰਨ ਨੁਕਸਾਨੇ ਗਏ ਹਨ। ਸੈਕਿੰਡ ਦੀ ਸਪੀਡ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਨਜ਼ਦੀਕੀ ਪਿੰਡ ਕੱਦਗਿੱਲ ਵਿਖੇ ਮੌਜੂਦ ਕਰੀਬ ਅੱਧੀ ਦਰਜਨ ਸ਼ੈਲਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਪਤਾ ਫੂਡ ਰਾਈਸ ਮਿੱਲ ਦੇ ਮਾਲਕ ਨਵੀਨ ਗੁਪਤਾ ਸੋਨੂੰ ਅਤੇ ਤਨੇਜ਼ਾ ਓਵਰਸਈਜ ਸ਼ੈਲਰ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਤੇਜ਼ ਹਵਾ ਦੇ ਕਾਰਨ ਉਨ੍ਹਾਂ ਦੇ ਸ਼ੈਲਰ 'ਤੇ ਮੌਜੂਦ ਲੱਖਾਂ ਰੁਪਏ ਦੀ ਕੀਮਤ ਵਾਲੇ ਸ਼ੈਡ 500 ਮੀਟਰ ਦੀ ਦੂਰੀ ਉੱਪਰ ਜਾ ਡਿੱਗੇ ਹਨ। ਉਨ੍ਹਾਂ ਦੱਸਿਆ ਕਿ ਹਵਾ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਲੋਹੇ ਦੇ ਮਜ਼ਬੂਤ ਪਿੱਲਰ ਅਤੇ ਲੋਹੇ ਦੀਆਂ ਕੈਂਚੀਆਂ ਵੀ ਉਸਨੂੰ ਰੋਕ ਨਹੀਂ ਸਕੀਆਂ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੱਤ ਦੇਵ ਸੁਨੀਲ ਕੁਮਾਰ ਰਾਈਸ ਮਿੱਲ, ਬਾਬਾ ਨਾਗਾ ਐਗਰੋ ਦਾ ਕੀਮਤੀ ਸ਼ੈਡ ਵੀ ਨੁਕਸਾਨਿਆ ਗਿਆ ਜਦ ਕਿ ਅਗਰਵਾਲ ਫੂਡ ਰਾਈਸ ਮਿੱਲ ਦੀ ਕੀਮਤੀ ਚਿਮਨੀ ਹਵਾ ਕਾਰਨ ਹੇਠਾਂ ਡਿੱਗ ਪਈ। ਉਨ੍ਹਾਂ ਦੱਸਿਆ ਕਿ ਤੇਜ਼ ਮੀਂਹ ਕਾਰਨ ਸ਼ੈਡਾਂ ਦੇ ਟੁੱਟਣ ਤੋਂ ਬਾਅਦ ਝੋਨੇ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ।

ਇਹ ਵੀ ਪੜ੍ਹੋ- ਬਿਜਲੀ ਸਪਲਾਈ ਬੰਦ ਕੀਤੇ ਬਿਨਾਂ ਪੋਲ 'ਤੇ ਚਾੜਿਆ ਲਾਈਨਮੈਨ, ਉਹੀ ਹੋਇਆ ਜਿਸਦਾ ਡਰ ਸੀ

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਆਲੋਵਾਲ ਵਾਸੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਲਗਾਤਾਰ ਪਈ ਬਾਰਸ਼ ਕਾਰਨ ਉਨ੍ਹਾਂ ਦੇ ਕਮਰੇ ਦੀ ਛੱਤ ਹੇਠਾਂ ਆ ਡਿੱਗੀ। ਇਸ ਦੌਰਾਨ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ ਹੈ। ਇਸ ਤੇਜ਼ ਹਵਾਵਾਂ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀਆਂ ਬਿਜਲੀ ਸਪਲਾਈ ਵਾਲੀਆਂ ਤਾਰਾਂ 'ਤੇ ਥਾਂ-ਥਾਂ ਡਿੱਗੇ ਰੁੱਖਾਂ ਕਾਰਨ ਕਾਫ਼ੀ ਨੁਕਸਾਨ ਪੁੱਜਾ ਹੈ, ਤਾਰਾਂ ਨੂੰ ਪੁੱਜੇ ਨੁਕਸਾਨ ਕਾਰਨ ਸ਼ਹਿਰਾਂ ਵਿਚ ਸਾਰੀ ਰਾਤ ਅਤੇ ਪਿੰਡਾਂ ਵਿਚ ਬੀਤੀ ਰਾਤ ਅਤੇ ਵੀਰਵਾਰ ਵੀ ਬਿਜਲੀ ਗੁੱਲ ਰਹੀ। ਕਈ ਅਜਿਹੇ ਪਿੰਡ ਹਨ ਜਿੱਥੇ ਟਰਾਂਸਫਾਰਮਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਵੱਡੀਆਂ ਬਿਜਲੀ ਲਾਈਨਾਂ ਪ੍ਰਭਾਵਿਤ ਹੋ ਚੁੱਕੀਆਂ ਹਨ, ਜਿਸ ਕਾਰਨ ਆਉਣ ਵਾਲੇ ਕੁਝ ਦਿਨਾਂ ਤੱਕ ਕਿਸਾਨਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।   ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਤਹਿਤ ਬੀਤੇ 24 ਘੰਟਿਆਂ ਦੌਰਾਨ ਜ਼ਿਲ੍ਹੇ ਅੰਦਰ 13.7 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਅਹਿਮ ਖ਼ਬਰ, ਗੁਰਦਾਸਪੁਰ ਦੀਆਂ 20 ਪੰਚਾਇਤਾਂ ਨੇ ਪਾਏ ਇਹ ਮਤੇ

ਜਾਣਕਾਰੀ ਦਿੰਦੇ ਹੋਏ ਪਾਵਰ ਕਾਰਪੋਰੇਸ਼ਨ ਦੇ ਇੰਜੀਨੀਅਰ ਹਰਕ੍ਰਿਸ਼ਨ ਸਿੰਘ ਸੀਨੀਅਰ ਐਕਸੀਅਨ ਟੈਕਨੀਕਲ ਡਵੀਜ਼ਨ ਤਰਨਤਾਰਨ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਪਾਵਰ ਕਾਰਪੋਰੇਸ਼ਨ ਦਾ ਕਈ ਜਗ੍ਹਾ 'ਤੇ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਦੇ ਚੱਲਦਿਆਂ ਜ਼ਿਆਦਾਤਰ ਫ਼ੀਡਰ ਦੀ ਸਪਲਾਈ ਬੰਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਮੂਹ ਐਕਸੀਅਨ, ਐੱਸ.ਡੀ.ਓ ਅਤੇ ਸਟਾਫ਼ ਵਲੋਂ ਮਿਹਨਤ ਨਾਲ ਕੰਮ ਕਰਦੇ ਹੋਏ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤੇਜ਼ ਮੀਂਹ ਤੇ ਤੂਫ਼ਾਨ ਨੇ ਤੋੜਿਆ 53 ਸਾਲਾਂ ਦਾ ਰਿਕਾਰਡ, ਥਾਂ-ਥਾਂ ’ਤੇ ਡਿੱਗੇ ਦਰੱਖਤ ਅਤੇ ਬਿਜਲੀ ਦੇ ਖੰਬੇ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੋਈ ਹੈ ਲਗਾਤਾਰ ਮੀਂਹ ਕਿਸਾਨਾਂ ਅਤੇ ਧਰਤੀ ਲਈ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰਸ਼ ਕਾਰਨ ਧਰਤੀ ਹੇਠਲਾ ਪਾਣੀ ਦਾ ਪੱਧਰ ਵਧਣ ਦੀ ਆਸ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News