'ਆਪ' ਆਗੂ ਦੇ ਕਤਲ ਲਈ ਰਚੀ ਗਈ ਸੀ ਸਾਜਿਸ਼, ਮੋਬਾਈਲ ਖੋਲ੍ਹੇਗਾ ਰਾਜ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

03/02/2024 1:37:22 PM

ਤਰਨਤਾਰਨ (ਰਮਨ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਫਤਿਆਬਾਦ ਰੇਲਵੇ ਫਾਟਕ ਵਿਖੇ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਦੀ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਪੁਲਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਬੜਾ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਜ਼ਿਲ੍ਹੇ ’ਚ ਬੀਤੇ ਦੋ ਦਿਨਾਂ ਦੌਰਾਨ ਚੌਥੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਪੁਲਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢਦਾ ਨਜ਼ਰ ਆ ਰਿਹਾ ਹੈ। ਜ਼ਿਲ੍ਹੇ ’ਚ ਰੋਜ਼ਾਨਾ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੌਰਾਨ ਲੋਕਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਗੋਪੀ ਦੇ ਕਤਲ ਕਰਨ ਲਈ ਕਾਤਲਾਂ ਵੱਲੋਂ ਸਾਜਿਸ਼ ਰਚਦੇ ਹੋਏ ਉਸਦੀ ਰੇਕੀ ਕੀਤੀ ਗਈ ਹੋਵੇਗੀ, ਜਿਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ।

ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੇਵਾ ਸਿੰਘ ਨਿਵਾਸੀ ਕਸਬਾ ਚੋਹਲਾ ਸਾਹਿਬ ਜੋ ਨੌਜਵਾਨ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨਾਲ ਜੁੜਨ ਤੋਂ ਬਾਅਦ ਇਲਾਕੇ ’ਚ ਕਾਫੀ ਮਸ਼ਹੂਰ ਹੋ ਚੁੱਕਾ ਸੀ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਅਕਸਰ ਵਿਖਾਈ ਦਿੰਦਾ ਸੀ। ਗੁਰਪ੍ਰੀਤ ਸਿੰਘ ਗੋਪੀ ਦੇ ਖਿਲਾਫ ਇਕ ਪੁਰਾਣਾ ਮੁਕੱਦਮਾ ਦਰਜ ਹੋਇਆ ਸੀ, ਜਿਸ ਦੇ ਚੱਲਦਿਆਂ ਸ਼ੁੱਕਰਵਾਰ ਸਵੇਰੇ ਆਪਣੇ ਘਰੋਂ ਪਰਿਵਾਰ ਨੂੰ ਮਿਲਣ ਤੋਂ ਬਾਅਦ ਹਾਲ ’ਚ ਹੀ ਖ਼ਰੀਦੀ ਨਵੀਂ ਕਾਰ ਉੱਪਰ ਸਵਾਰ ਹੋ ਅਦਾਲਤ ਪੇਸ਼ ਹੋਣ ਲਈ ਕਪੂਰਥਲਾ ਰਵਾਨਾ ਹੋ ਗਿਆ, ਜਿਸ ਨੇ ਆਪਣੇ ਦੋਸਤ ਨਿਸ਼ਾਨ ਸਿੰਘ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਨਾਲ ਕਾਰ ਵਿਚ ਬਿਠਾ ਕੇ ਅੱਗੇ ਰਵਾਨਾ ਹੋਣਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਗੋਪੀ ਜਦੋਂ ਚੋਹਲਾ ਸਾਹਿਬ ਤੋਂ ਫਤਿਆਬਾਦ ਨਜ਼ਦੀਕ ਪੁੱਜਾ ਤਾਂ ਰੇਲਵੇ ਫਾਟਕ ਬੰਦ ਹੋਣ ਦੇ ਚੱਲਦਿਆਂ ਉਸ ਨੂੰ ਮਜ਼ਬੂਰਨ ਆਪਣੀ ਕਾਰ ਰੋਕਣੀ ਪਈ ਪ੍ਰੰਤੂ ਗੋਪੀ ਨੂੰ ਇਹ ਸ਼ਾਇਦ ਨਹੀਂ ਪਤਾ ਸੀ ਕਿ ਉਸਦਾ ਪਿੱਛਾ ਹਤਿਆਰਿਆਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਵਿਫਟ ਕਾਰ ’ਚ ਸਵਾਰ ਕਰੀਬ ਤਿੰਨ ਹਮਲਾਵਰ ਮੌਕੇ ਦਾ ਲਾਭ ਉਠਾਉਂਦੇ ਹੋਏ ਉਸ ਨੂੰ ਘੇਰਾ ਪਾ ਲੈਂਦੇ ਹਨ ਅਤੇ ਗੋਲੀਆਂ ਤਾਬੜ ਤੋੜ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਆਪਣੇ ਬਚਾਓ ਲਈ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਕਾਰ ’ਚ ਮੌਜੂਦ ਰਿਵਾਲਵਰ ਰਾਹੀਂ ਜਵਾਬੀ ਫਾਇਰਿੰਗ ਕੀਤੀ ਜਾਣ ਲੱਗਦੀ ਹੈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।

ਹਮਲੇ ਦੌਰਾਨ ਇਕ ਗੋਲੀ ਗੁਰਪ੍ਰੀਤ ਸਿੰਘ ਦੇ ਹੱਥ ਨੂੰ ਵੱਜ ਕੇ ਨਿਕਲ ਜਾਂਦੀ ਹੈ ਅਤੇ 3 ਗੋਲੀਆਂ ਉਸਦੇ ਸੀਨੇ ਅਤੇ ਪੇਟ ਦੇ ਨਜ਼ਦੀਕ ਲੱਗ ਜਾਂਦੀਆਂ ਹਨ। ਇਸ ਦੌਰਾਨ ਕਾਫੀ ਜ਼ਿਆਦਾ ਖੂਨ ਬਹਿਣ ਕਰਕੇ ਗੋਪੀ ਦੀ ਮੌਕੇ ’ਤੇ ਹੀ ਸਟੇਰਿੰਗ ਵਾਲੀ ਸੀਟ ’ਤੇ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਤਿਆਰੇ ਗੋਪੀ ਨੂੰ ਮ੍ਰਿਤਕ ਵੇਖਣ ਦੌਰਾਨ ਉਸ ਕੋਲ ਮੌਜੂਦ ਰਿਵਾਲਵਰ ਵੀ ਨਾਲ ਲੈ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਾਜਿਸ਼ ਰਚਦੇ ਹੋਏ ਰੇਕੀ ਵੀ ਕੀਤੀ ਗਈ ਹੋਵੇਗੀ। ਗੁਰਪ੍ਰੀਤ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਸਵੇਰੇ ਗੋਪੀ ਨੂੰ ਮੋਬਾਈਲ ਉੱਪਰ ਕਿਸੇ ਦਾ ਫੋਨ ਆਉਣ ਤੋਂ ਬਾਅਦ ਉਹ ਜਲਦੀ ’ਚ ਰੋਟੀ ਖਾ ਕੇ ਘਰੋਂ ਨਿਕਲ ਪਿਆ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ

ਗੁਰਪ੍ਰੀਤ ਸਿੰਘ ਗੋਪੀ ਦੀ ਹੱਤਿਆ ਤੋਂ ਬਾਅਦ ਉਸ ਨੂੰ ਵੇਖਣ ਲਈ ਸਿਵਲ ਹਸਪਤਾਲ ਤਰਨਤਰਨ ਦੇ ਪੋਸਟਮਾਰਟਮ ਰੂਮ ਵਿਖੇ ਪੁੱਜੀ ਬਜ਼ੁਰਗ ਮਾਤਾ ਸੁਖਵਿੰਦਰ ਕੌਰ, ਪਤਨੀ ਰਮਨਦੀਪ ਕੌਰ, ਬੇਟਾ ਹਰਪ੍ਰੀਤ ਸਿੰਘ ਹੈਪੀ (14), ਬੇਟੀ ਕੋਮਲਪ੍ਰੀਤ ਕੌਰ (12) ਅਤੇ ਵੱਡੇ ਭਰਾ ਨਿਸ਼ਾਨ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰ ‘‘ਗੋਪੀ ਵੇ ਆਜਾ ਵੇ ਦੇ, ਤੇਰੇ ਬਿਨਾਂ ਅਸੀਂ ਨਹੀਂ ਜੀਣਾ’’ ਕਹਿੰਦੇ ਨਜ਼ਰ ਆਏ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਤੋਂ ਇਲਾਵਾ ਵੱਖ-ਵੱਖ ਵਿਸ਼ੇਸ਼ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਪੁਲਸ ਨੇ ਗੁਰਪ੍ਰੀਤ ਸਿੰਘ ਦਾ ਮੋਬਾਈਲ ਫੋਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਦੀ ਜਾਂਚ ਉੱਚ ਅਧਿਕਾਰੀਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਗੁਰਪ੍ਰੀਤ ਸਿੰਘ ਦੇ ਕੋਲ ਮੌਜੂਦ ਰਿਵਾਲਵਰ ਵੀ ਹਮਲਾਵਰਾਂ ਵੱਲੋਂ ਖੋ ਲਿਆ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

 ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਜ਼ਿਕਰਯੋਗ ਹੈ ਕਿ ਗੋਲੀਆਂ ਥਾਣਾ ਗੋਇੰਦਵਾਲ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ’ਚ ਹੋਈ ਦੇਰੀ ਨੂੰ ਲੈ ਕੇ ਗੁਰਪ੍ਰੀਤ ਸਿੰਘ ਦਾ ਪੋਸਟਮਾਰਟਮ ਸ਼ੁੱਕਰਵਾਰ ਨਹੀਂ ਹੋ ਸਕਿਆ, ਜਿਸ ਕਰਕੇ ਪੋਸਟਮਾਰਟਮ ਅੱਜ ਸਿਵਲ ਹਸਪਤਾਲ ਤਰਨਤਰਨ ਵਿਖੇ ਕੀਤਾ ਜਾਵੇਗਾ।

ਵਿਧਾਇਕ ਲਾਲਪੁਰਾ ਸਮੇਤ ਹੋਰ ਆਗੂਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਗੋਪੀ ਦੀ ਹੋਈ ਹੱਤਿਆ ਤੋਂ ਬਾਅਦ ਜਿੱਥੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉਥੇ ਹੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਣੇ ‘ਆਪ’ ਵਰਕਰਾਂ ਨੇ ਦੁੱਖ ਸਾਂਝਾ ਕੀਤਾ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਕਾਫੀ ਮਿਹਨਤੀ ਵਰਕਰ ਸੀ ਜੋ ਇਲਾਕੇ ’ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਹੱਤਿਆ ਮਾਮਲੇ ’ਚ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਹਮਲਾਵਰ ਜਲਦ ਗ੍ਰਿਫਤਾਰ ਕਰਨ ਲਈ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਅਤੇ ਪਾਰਟੀ ਲਈ ਇਹ ਬਹੁਤ ਵੱਡਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News