ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ

Saturday, Nov 10, 2018 - 05:35 AM (IST)

ਗੁਰਦਾਸਪੁਰ, (ਹਰਮਨਪ੍ਰੀਤ)- ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਅੱਜ ਕਾਂਗਰਸ ਵੱਲੋੋਂ ਦਿੱਤੇ ਗਏ ਸੱਦੇ ਤਹਿਤ ਜ਼ਿਲਾ ਹੈਡਕੁਆਰਟਰ ਤੇ  ਹਨੂੰਮਾਨ ਚੌਕ ਵਿਖੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਦੀ ਰਹਿਨੁਮਾਈ ਹੇਠ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੋ ਸਾਲ ਪਹਿਲਾਂ ਦੇਸ਼ ਦੇ ਇਤਿਹਾਸ ਦਾ ਸਭ ਤੋਂ ਮਾਰੂ ਫੈਸਲਾ ਲਿਆ ਸੀ। ਜਿਸ ਦਾ ਖਮਿਆਜ਼ਾ ਦੇਸ਼ ਦੇ ਵਪਾਰੀਆਂ, ਆਮ ਲੋਕਾਂ, ਮੁਲਾਜ਼ਮਾਂ ਅਤੇ ਕਿਸਾਨਾਂ ਸਮੇਤ ਹਰੇਕ ਵਰਗ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਅਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕਿ ਦੋ ਸਾਲਾਂ ਬਾਅਦ ਵੀ ਲੋਕ ਆਪਣੇ ਪੈਰਾਂ ’ਤੇ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਆਪਣੀ ਖੂਨ ਪਸੀਨੇ ਦੀ ਕਮਾਈ ਬੈਂਕਾਂ ’ਚੋਂ ਲੈਣ ਲਈ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪਰ ਦੂਜੇ ਪਾਸੇ ਕਾਲੇ ਧਨ ਨੂੰ ਵਿਦੇਸ਼ਾਂ  ’ਚੋਂ ਵਾਪਿਸ ਲਿਆਉਣ ਅਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਇਕੱਤਰ ਹੋਏ ਕਾਂਗਰਸੀ ਆਗੂਆਂ  ਵਲੋਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਕੌਣ-ਕੌਣ ਸਨ ਹਾਜ਼ਰ
ਇਸ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਲੇਬਰ ਸੈੱਲ ਦੇ ਚੇਅਰਮੈਨ ਗੁਰਮੀਤ ਸਿੰਘ ਪਾਹਡ਼ਾ, ਯੂਥ ਕਾਂਗਰਸ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹਡ਼ਾ, ਸਿਟੀ ਪ੍ਰਧਾਨ ਦਰਸ਼ਨ ਮਹਾਜਨ, ਆਡ਼੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁੱਚਾ ਸਿੰਘ ਰਾਮਨਗਰ, ਜ਼ਿਲਾ ਪ੍ਰੀਸ਼ਦ ਮੈਂਬਰ ਬਲਜਿੰਦਰ ਸਿੰਘ ਬਿੱਲੂ, ਅਮਨਦੀਪ ਕੌਰ ਰੰਧਾਵਾ, ਤਰਸੇਮ ਸਹੋਤਾ, ਨਰਿੰਦਰ ਭਾਸਕਰ, ਸਤਵੰਤ ਸਿੰਘ ਤੁੰਗ, ਲਖਵਿੰਦਰ ਸਿੰਘ ਸਿੱਧਵਾਂ, ਸੋਨੂੰ ਬਾਜਵਾ, ਜਗੀਰ ਸਿੰਘ, ਦੀਦਾਰ ਸਿੰਘ ਜਾਫਰਪੁਰ, ਪਰਮਜੀਤ ਸਿੰਘ, ਗੁਰਮੁਖ ਸਿੰਘ, ਗੋਲਡੀ ਭੁੰਬਲੀ, ਬਲਵਿੰਦਰ ਬੱਬਰੀ, ਸੁਖਬੀਰ ਸਿੰਘ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ ਅਤੇ ਮੋਹਨ ਸ਼ਰਮਾ ਆਦਿ ਹਾਜ਼ਰ ਸਨ।


Related News