ਮਾਮਲਾ ਫੇਸਬੁੱਕ ਵੀਡੀਓ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦਾ, ਖੰਡਿਤ ਹੋਇਆ ਗੁਟਕਾ ਸਾਹਿਬ ਬਰਾਮਦ

7/11/2020 12:30:28 PM

ਚੌਂਕ ਮਹਿਤਾ (ਪਾਲ) : ਫੇਸਬੁੱਕ ‘ਤੇ ਵਾਇਰਲ ਹੋਈ ਇੱਕ ਵੀਡਿਓ ਦੌਰਾਨ ਗੁਟਕਾ ਸਾਹਿਬ ਦੀ ਕੀਤੀ ਗਈ ਬੇਅਦਬੀ ਨੂੰ ਲੈ ਕੇ ਥਾਣਾ ਮਹਿਤਾ ਦੀ ਪੁਲਸ ਵੱਲੋਂ ਬੀਤੇ ਦਿਨੀਂ ਕਥਿਤ ਦੋਸ਼ੀ ਜਸਵਿੰਦਰ ਸਿੰਘ ਉਰਫ ਨਿਹੰਗ ਖਿਲਾਫ ਮੁਕੱਦਮਾ ਨੰਬਰ 95 ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸੇ ਕੇਸ ‘ਚ ਕਾਰਵਾਈ ਕਰਦੇ ਹੋਏ ਪੁਲਸ ਨੇ ਹੁਣ ਇਸ ਵੀਡੀਓ ‘ਚ ਖੰਡਿਤ ਹੋਏ ਗੁਟਕਾ ਸਾਹਿਬ ਨੂੰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। 

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ

ਇਸ ਸਬੰਧੀ ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਹਰੀਸ਼ ਬਹਿਲ ਤੇ ਪ੍ਰੈੱਸ ਮਿਲਣੀ ਦੌਰਾਨ ਥਾਣਾ ਮੁਖੀ ਮਹਿਤਾ ਇੰਸਪੈਕਟਰ ਸਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਸਵਿੰਦਰ ਸਿੰਘ ਨੇ ਇਹ ਗੁਟਕਾ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕੋਲ ਇੱਕ ਧਾਰਮਿਕ ਪੁਸਤਕਾਂ ਦੀ ਦੁਕਾਨ ਤੋਂ ਲਿਆ ਸੀ, ਜਿਸ ਦੇ ਮਾਲਕ ਸੁਖਦੇਵ ਸਿੰਘ ਨਾਗੋਕੇ ਵਾਸੀ ਅੰਮ੍ਰਿਤਸਰ ਨੇ ਖੁਦ ਇਹ ਸਾਰੀ ਜਾਣਕਾਰੀ ਪੁਲਸ ਨੂੰ ਦਿੱਤੀ ਹੈ ਤੇ ਉਸ ਨੇ ਮਾਣਯੋਗ ਅਦਾਲਤ ‘ਚ ਪੇਸ਼ ਹੋ ਕੇ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ ਹਨ। ਦੁਕਾਨ ਮਾਲਕ ਸੁਖਦੇਵ ਸਿੰਘ ਦੇ ਬਿਆਨਾਂ ਮੁਤਾਬਿਕ 6 ਜੂਨ ਤੋਂ ਪਹਿਲਾਂ ਜਸਵਿੰਦਰ ਸਿੰਘ ਉਸਦੀ ਦੁਕਾਨ ‘ਤੇ ਆਇਆ ਸੀ ਤੇ ਇੱਕ ਗੁਟਕਾ ਸਾਹਿਬ ਲੈ ਕੇ ਗਿਆ ਸੀ। ਤਕਰੀਬਨ 20-25 ਦਿਨ ਬੀਤ ਜਾਣ ਬਾਅਦ ਜਸਵਿੰਦਰ ਸਿੰਘ ਮੁੜ ਉਸ ਕੋਲ ਦੁਕਾਨ ‘ਤੇ ਆਇਆ ਤੇ ਰੁਮਾਲੇ ‘ਚ ਲਪੇਟਿਆ ਹੋਇਆ ਉਹੀ ਗੁਟਕਾ ਸਾਹਿਬ ਉਸ ਨੂੰ ਫੜਾਉਂਦੇ ਹੋਏ ਕਿਹਾ ਕਿ ਉਹ ਇਸ ਗੁਟਕਾ ਸਾਹਿਬ ਨੂੰ ਕੁਝ ਦਿਨ ਆਪਣੇ ਕੋਲ ਰੱਖ ਲੈਣ, ਜਿਸ ਨੂੰ ਕੁਝ ਦਿਨ ਬਾਅਦ ਵਾਪਸ ਲੈ ਜਾਵੇਗਾ ਪਰ ਬੀਤੇਂ ਦਿਨੀਂ ਜਸਵਿੰਦਰ ਸਿੰਘ ਸਬੰਧੀ ਅਖਬਾਰਾਂ ‘ਚ ਛਪੀਆ ਖਬਰਾਂ ਦੇਖ ਕੇ ਮੈਨੂੰ ਸ਼ੱਕ ਹੋਇਆ ਤੇ ਜਦ ਮੈਂ ਉਹ ਰੁਮਾਲਾ ਖੋਲ੍ਹ ਕੇ ਦੇਖਿਆ ਤਾਂ ਪਾਇਆ ਕਿ ਗੁਟਕਾ ਸਾਹਿਬ ਖੰਡਿਤ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਉਹ ਗੁਟਕਾ ਸਾਹਿਬ ਲੈ ਕੇ ਪੁਲਸ ਕੋਲ ਪੇਸ਼ ਹੋ ਗਿਆ। ਸੁਖਦੇਵ ਸਿੰਘ ਨੇ ਧਾਰਾ 164 ਤਹਿਤ ਮਾਣਯੋਗ ਅਦਾਲਤ ‘ਚ ਆਪਣੇ ਬਿਆਨ ਦਰਜ ਕਰਾ ਦਿੱਤੇ ਹਨ।

ਇਹ ਵੀ ਪੜ੍ਹੋਂ :  'PPE ਕਿੱਟਸ' ਘਪਲੇ ਨੂੰ ਉਜਾਗਰ ਕਰਨ ਵਾਲਾ ਡਾਕਟਰ ਮੁਅੱਤਲ


Baljeet Kaur

Content Editor Baljeet Kaur