ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਮਾਧੋਪੁਰ ਚੈੱਕਪੋਸਟ ਵਿਖੇ ਕੀਤੀ ਗਈ ਚੈਕਿੰਗ
Tuesday, Dec 16, 2025 - 06:28 PM (IST)
ਪਠਾਨਕੋਟ,(ਹਰਜਿੰਦਰ ਸਿੰਘ ਗੋਰਾਇਆ)- ਡਾਇਰੈਕਟਰ, ਮਾਈਨਜ਼ ਐਂਡ ਜਿਓਲੋਜੀ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ, ਪਠਾਨਕੋਟ ਡਾ. ਪੱਲਵੀ ਵੱਲੋਂ ਜ਼ਿਲਾ ਪਠਾਨਕੋਟ ਵਿਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਾਸਤੇ 24 ਘੰਟੇ ਚੈਕਿੰਗ ਕਰਨ ਲਈ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਸ ਤਹਿਤ ਅੱਜ ਜ਼ਿਲ੍ਹਾ ਟਾਊਨ ਪਲਾਨਰ, ਪਠਾਨਕੋਟ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਜ਼ਿਲਾ ਟਾਊਨ ਪਲਾਨਰ ਦੇ ਰੈਗੂਲੇਟਰੀ ਵਿੰਗ, ਮਾਈਨਿੰਗ ਦੇ ਅਧਿਕਾਰੀਆਂ ਅਤੇ ਪੁਲਸ ਟੀਮ ਵੱਲੋਂ ਪੰਜਾਬ ਅਤੇ ਹੋਰਾਂ ਰਾਜਾਂ ਤੋਂ ਪੰਜਾਬ ਵਿੱਚ ਐਂਟਰ ਕਰਨ ਵਾਲੇ Minor Minerals ਲੋਡਡ ਵਹੀਕਲਾਂ ਦੀ ਮਾਧੋਪੁਰ ਇੰਟਰਸਟੇਟ ਚੈੱਕਪੋਸਟ ਉਪਰ ਚੈਕਿੰਗ ਅਤੇ ਰੈਂਡਮ ਮੋਨੀਟਰਿੰਗ ਕੀਤੀ ਗਈ।
ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਜ਼ਿਲ੍ਹਾ ਟਾਊਨ ਪਲਾਨਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਹੋਰ ਰਾਜਾਂ ਤੋਂ ਖਣਿਜ ਲਿਜਾਣ ਵਾਲੇ ਟਰੱਕਾਂ ਲਈ ਇੰਟਰ-ਸਟੇਟ ਮਾਈਨਿੰਗ ਟਰੱਕ ਐਂਟਰੀ ਫੀਸ ਨੀਤੀ ਲਾਗੂ ਕੀਤੀ ਹੈ ਜਿਸ ਦਾ ਮੁੱਖ ਉਦੇਸ਼ ਗੈਰਕਾਨੂੰਨੀ ਖਣਨ ‘ਤੇ ਕਾਬੂ ਪਾਉਣਾ, ਖਣਿਜਾਂ ਦੀ ਆਵਾਜਾਈ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਸਰਕਾਰੀ ਆਮਦਨ ਵਿੱਚ ਵਾਧਾ ਕਰਨਾ ਹੈ। ਇਹ ਫੀਸ ਹਿਮਾਚਲ ਪ੍ਰਦੇਸ਼ ਅਤੇ ਜੰਮੂ–ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਰੇਤ, ਬਜਰੀ ਅਤੇ ਹੋਰ ਖਣਿਜ ਲਿਜਾਣ ਵਾਲੇ ਟਰੱਕਾਂ ‘ਤੇ ਲਾਗੂ ਕੀਤੀ ਗਈ ਹੈ। ਇਸ ਨੀਤੀ ਤਹਿਤ ਪ੍ਰਾਪਤ ਹੋਣ ਵਾਲੀ ਆਮਦਨ ਨਾਲ ਬਾਰਡਰ ਚੈਕਪੋਸਟਾਂ ਦਾ ਆਧੁਨੀਕੀਕਰਨ ਕੀਤਾ ਜਾਵੇਗਾ ਅਤੇ ਵਾਹਨਾਂ ਦੀ ਆਵਾਜਾਈ ਟ੍ਰੈਕ ਕਰਨ ਲਈ ਅਧੁਨਿਕ ਤਕਨਾਲੋਜੀ ਲਾਗੂ ਕੀਤੀ ਜਾਵੇਗੀ। ਫੀਸ ਅਦਾ ਕਰਨ ਤੋਂ ਬਾਅਦ ਹਰ ਵਾਹਨ ਨੂੰ ਡਿਜ਼ੀਟਲ ਰਸੀਦ ਦਿੱਤੀ ਜਾਵੇਗੀ, ਜਿਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਅਨਿਯਮਤਾਵਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ। ਜ਼ਿਲ੍ਹਾ ਟਾਊਨ ਪਲਾਨਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਐਂਟਰ ਹੋਣ ਵਾਲੇ ਮਾਈਨਿੰਗ ਨਾਲ ਭਰੇ ਹੋਏ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਦੇ ਕੰਮ ਨੂੰ ਰੋਕਿਆ ਜਾ ਸਕੇ ਅਤੇ ਸਰਕਾਰ ਵੱਲੋਂ ਜਾਰੀ ਉਕਤ ਨੀਤੀ ਨੂੰ ਪ੍ਰਭਾਵੀ ਤੌਰ ਤੇ ਲਾਗੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋ ਗਿਆ ਨਵਾਂ ਫਰਮਾਨ, ਪੜ੍ਹੋ ਪੂਰੀ ਖ਼ਬਰ
