ਕੇਂਦਰ ਸਰਕਾਰ ਨੇ ਨਗਰ ਕੌਂਸਲ ਗੁਰਦਾਸਪੁਰ ਨੂੰ ਅੰਮ੍ਰਿਤ ਸਕੀਮ ’ਚ ਕੀਤਾ ਸ਼ਾਮਲ

07/02/2022 4:11:57 PM

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਸ਼ਹਿਰ ਅਤੇ ਆਸਪਾਸ ਦੇ ਪਿੰਡ ਜੋ ਨਗਰ ਕੌਂਸਲ ਗੁਰਦਾਸਪੁਰ ਅਧੀਨ ਆਉਦੇ ਹਨ, ਦੇ ਵਿਕਾਸ ਦੇ ਰਸਤੇ ਹੁਣ ਖੁੱਲ੍ਹ ਗਏ ਹਨ। ਨਗਰ ਕੌਂਸਲ ਗੁਰਦਾਸਪੁਰ ਹੁਣ ਕੇਂਦਰ ਸਰਕਾਰ ਦੀ ਅੰਮ੍ਰਿਤ ਸਕੀਮ ’ਚ ਸ਼ਾਮਲ ਕਰ ਲਿਆ ਗਿਆ ਹੈ, ਜਿਸ ਅਧੀਨ ਨਗਰ ਕੌਂਸਲ ਗੁਰਦਾਸਪੁਰ ਦੇ ਅਧੀਨ ਆਉਣ ਵਾਲੇ ਇਲਾਕਿਆਂ ’ਚ ਸਰਵਪੱਖੀ ਵਿਕਾਸ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸਫ਼ਾਈ ਵਿਵਸਥਾ ਬਣਾਈ ਰੱਖਣ ’ਚ ਪ੍ਰਸ਼ੰਸਾਯੋਗ ਕੰਮ ਕਰਨ ਦੇ ਚੱਲਦੇ ਕੇਂਦਰ ਸਰਕਾਰ ਨੇ ਨਗਰ ਕੌਂਸਲ ਨੂੰ ਅੰਮ੍ਰਿਤ ਸਕੀਮ ’ਚ ਸ਼ਾਮਲ ਕੀਤਾ ਹੈ।

ਇਸ ਤੋਂ ਪਹਿਲਾਂ ਬਟਾਲਾ ਨਗਰ ਕੌਂਸਲ ਇਸ ਸਕੀਮ ਅਧੀਨ ਆਈ ਸੀ ਅਤੇ ਨਗਰ ਕੌਂਸਲ ਬਟਾਲਾ ਵਿਚ ਲਗਭਗ 300 ਕਰੋੜ ਰੁਪਏ ਖ਼ਰਚ ਕਰਕੇ ਵਿਕਾਸ ਕੰਮ ਕਰਵਾਏ ਗਏ ਸੀ। ਬਲਜੀਤ ਪਾਹੜਾ ਨੇ ਦੱਸਿਆ ਕਿ ਇਸ ਸਕੀਮ ਅਧੀਨ ਸਭ ਤੋਂ ਪਹਿਲਾ ਤਾਂ ਅਸੀ ਬਾਹਰੀ ਇਲਾਕਿਆਂ ’ਚ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਾਂਗੇ, ਜਿਸ ਅਧੀਨ ਪਿੰਡ ਪਾਹੜਾ ਅਤੇ ਬਾਬੋਵਾਲ ਦੇ ਛੱਪੜਾਂ ਦਾ ਕੰਮ ਹੱਥ ’ਚ ਲਿਆ ਜਾਵੇਗਾ। ਇਨ੍ਹਾਂ ਦੋਵਾਂ ਪਿੰਡਾਂ ਦੇ ਛੱਪੜਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਕੇ ਦੋਵੇਂ ਛੱਪੜਾਂ ਨੂੰ ਡੂੰਘਾ ਕੀਤਾ ਜਾਵੇਗਾ ਅਤੇ ਇਸ ਦੇ ਆਸਪਾਸ ਦਾ ਇਲਾਕਾ ਸੁੰਦਰ ਬਣਾਇਆ ਜਾਵੇਗਾ।

ਇਨ੍ਹਾਂ ’ਚ ਮੱਛੀ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ, ਜਦਕਿ ਦੂਜੇ ਚਰਨ ’ਚ ਸੀਵਰੇਂਜ ਤੇ ਵਾਟਰ ਸਪਲਾਈ ਪ੍ਰਬੰਧ ’ਚ ਸੁਧਾਰ ਕੀਤਾ ਜਾਵੇਗਾ। ਇਸ ਅਧੀਨ ਗੁਰਦਾਸਪੁਰ ਸ਼ਹਿਰ ’ਚ ਸੀਵਰੇਂਜ ਤੇ ਵਾਟਰ ਸਪਲਾਈ ਦੀ ਸੌ ਫੀਸਦੀ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ। ਉਸ ਦੇ ਬਾਅਦ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਅਤੇ ਕੇਬਲ ਵਿਛਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਨਗਰ ਕੌਂਸਲ ਨੂੰ ਕਿੰਨਾ ਪੈਸਾ ਮਿਲਦਾ ਹੈ , ਉਸ ’ਤੇ ਨਿਰਭਰ ਕਰੇਗਾ ਕਿ ਕਿੰਨਾ ਵਿਕਾਸ ਕਰਵਾਇਆ ਜਾਵੇਗਾ।


rajwinder kaur

Content Editor

Related News