ਬ੍ਰਿਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ
Sunday, Mar 29, 2026 - 02:08 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਬ੍ਰਿਸਬੇਨ ਸਿੱਖ ਟੈਂਪਲ ਦੇ ਐਜੂਕੇਸ਼ਨ ਸੈਂਟਰ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਦੀ ਯਾਦ ਵਿੱਚ ਇੱਕ ਭਾਵੁਕ ਅਤੇ ਗੰਭੀਰ ਕਮਿਊਨਿਟੀ ਸਮਾਗਮ ਕਰਵਾਇਆ ਗਿਆ। ਸੰਗਤ ਨੇ ਮਰਹੂਮ ਅਧਿਕਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟਾਇਆ।
ਮੰਚ ਸੰਚਾਲਕ ਸ. ਮਨਦੀਪ ਸਿੰਘ ਨੇ ਸਮੁੱਚੇ ਘਟਨਾਕ੍ਰਮ ਨੂੰ ਵਿਸਥਾਰ ਨਾਲ ਬਿਆਨ ਕੀਤਾ ਅਤੇ ਡਾ. ਰੰਧਾਵਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਆਤਮ ਹੱਤਿਆ ਨਹੀਂ ਸਗੋਂ ਪਰਿਵਾਰ ਅਤੇ ਇਮਾਨਦਾਰੀ ਲਈ ਬਲੀਦਾਨ ਹੈ। ਉਨ੍ਹਾਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਪਰਿਵਾਰ ਨਾਲ ਖੜ੍ਹਨ ਅਤੇ ਪੰਜਾਬ ਸਰਕਾਰ 'ਤੇ ਦਬਾਅ ਪਾਉਣ ਦੀ ਅਪੀਲ ਕੀਤੀ। ਪ੍ਰਭ ਗਿੱਲ ਨੇ ਮਰਹੂਮ ਦੇ ਪਿਛੋਕੜ, ਉੱਚ ਵਿਦਿਆ ਅਤੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਬੇਵਕਤੀ ਮੌਤ ਨੂੰ ਮੰਦਭਾਗਾ ਦੱਸਿਆ ਅਤੇ ਸਰਕਾਰੀ ਤੰਤਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਮਨਦੀਪ ਸਿੰਘ ਨੇ ਡਾ. ਰੰਧਾਵਾ ਨਾਲ ਬਿਤਾਏ ਆਪਣੇ ਯੂਨੀਵਰਸਿਟੀ ਦੇ ਦਿਨਾਂ ਨੂੰ ਸਾਂਝਾ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਕਿਆਮਤ ਦੀ ਨਿਸ਼ਾਨੀ! ਆਸਟ੍ਰੇਲੀਆ 'ਚ ਅਸਮਾਨ ਹੋਇਆ ਲਾਲ-ਸੂਹਾ, ਦਹਿਸ਼ਤ 'ਚ ਆਏ ਲੋਕ (ਵੀਡੀਓ)
ਲੇਖਕ ਗੁਰਜਿੰਦਰ ਸਿੰਘ ਨੇ ਇਸ ਘਟਨਾ ਨੂੰ ਸਵੈਮਾਣ ਦਾ ਨਿਰਾਦਰ ਕਿਹਾ, ਜਦਕਿ ਗੁਰੂਘਰ ਦੇ ਪ੍ਰਧਾਨ ਸ. ਜਸਜੋਤ ਸਿੰਘ ਨੇ ਇਸ ਨੂੰ ਭ੍ਰਿਸ਼ਟ ਅਤੇ ਨਾਕਾਮ ਸਿਸਟਮ ਦੀ ਦੇਣ ਦੱਸਿਆ। ਸ. ਗੁਰਮੀਤ ਸਿੰਘ ਨੇ ਸਰਕਾਰੀ ਤੰਤਰ ਦੀ ਬੇਰੁਖੀ ਉੱਤੇ ਚਿੰਤਾ ਪ੍ਰਗਟ ਕੀਤੀ ਅਤੇ ਅਜਿਹੀਆਂ ਤ੍ਰਾਸਦੀਆਂ ਵੇਲੇ ‘ਮਨੁੱਖਤਾ ਦੀ ਚੁੱਪ’ ਨੂੰ ਵੱਡੀ ਭਵਿੱਖੀ ਚਿੰਤਾ ਕਿਹਾ। ਗੁਰਸ਼ਰਨ ਸਿੰਘ ਸਕਾਰੀਆ ਨੇ ਮੈਮੋਰੰਡਮ ਦੀ ਕਾਪੀ ਪੜ੍ਹਦਿਆਂ ਭਾਰਤੀ ਸੰਵਿਧਾਨ ਅਨੁਸਾਰ ਨਿਰਪੱਖ ਜਾਂਚ ਦੀ ਮੰਗ ਦੁਹਰਾਈ। ਗੁਰੂਘਰ ਦੇ ਸੈਕਟਰੀ ਸ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇੱਕ ਇਮਾਨਦਾਰ ਅਫਸਰ ਦੀ ਜਾਨ ਜਾਣਾ ਸਿਰਫ਼ ਇੱਕ ਪਰਿਵਾਰ ਦਾ ਨੁਕਸਾਨ ਨਹੀਂ, ਸਗੋਂ ਪੂਰੇ ਸਮਾਜ ਦਾ ਘਾਟਾ ਹੈ। ਉਨ੍ਹਾਂ ਚੁੱਪ ਰਹਿਣ ਨੂੰ ਅਸੰਭਵ ਦੱਸਿਆ। ਅੰਤ ਵਿੱਚ ਗਗਨਦੀਪ ਸਿੰਘ ਦੀ ਕਵਿਤਾ ਅਤੇ ਬੱਬੂ ਰੰਧਾਵਾ ਦੀ ਲਘੂ ਕਹਾਣੀ ਨੇ ਸੰਗਤਾ ਨੂੰ ਭਾਵੁਕ ਕੀਤਾ। ਸਮਾਗਮ ਦੌਰਾਨ ਸੰਗਤ ਨੇ ਇਸ ਘਟਨਾ ਉੱਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਇਨਸਾਫ਼ ਲਈ ਤੁਰੰਤ ਨਿਰਪੱਖ ਜਾਂਚ ਦੀ ਮੰਗ ਕੀਤੀ ਤਾਂਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਣ। ਦੱਸਣਯੋਗ ਹੈ ਕਿ ਡਾ. ਗਗਨਦੀਪ ਸਿੰਘ ਰੰਧਾਵਾ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (PSWC) ਦੇ ਅੰਮ੍ਰਿਤਸਰ ਜ਼ਿਲ੍ਹਾ ਮੈਨੇਜਰ ਸਨ। ਖੇਤੀਬਾੜੀ ਵਿਸ਼ੇ ਵਿਚ ਪੀ.ਐੱਚ.ਡੀ ਡਾਕਟਰੇਟ ਹੋਣ ਕਰਕੇ ਉਹ ਇੱਕ ਉੱਚ ਸਿੱਖਿਅਤ, ਇਮਾਨਦਾਰ ਅਤੇ ਸਾਫ਼-ਸੂਥਰੀ ਛਬੀ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਆਪਣੀ ਮੌਤ ਤੋਂ ਪਹਿਲਾਂ ਜਾਰੀ ਕੀਤੇ ਵੀਡੀਓ ਸੰਦੇਸ਼ ਵਿਚ ਉਨ੍ਹਾਂ ਨੇ ਤਤਕਾਲੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਉੱਤੇ ਦਬਾਅ ਅਤੇ ਹਰਾਸਮੈਂਟ ਦੇ ਗੰਭੀਰ ਇਲਜ਼ਾਮ ਲਗਾਏ ਸਨ। ਇਸ ਘਟਨਾ ਨੇ ਪੰਜਾਬ ਵਿਚ ਰਾਜਨੀਤਿਕ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ ਅਤੇ ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਵੀ ਗਹਿਰਾ ਗੁੱਸਾ ਅਤੇ ਦੁੱਖ ਵਿਆਪਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
