ਸਿੱਖਿਆ ਵਿਭਾਗ ਵੱਲੋਂ ਸਰਹੱਦੀ ਸਕੂਲਾਂ ਦੀ ਅਚਨਚੇਤ ਚੈਕਿੰਗ
Sunday, Sep 02, 2018 - 05:59 AM (IST)

ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਦੀਆਂ ਟੀਮਾਂ ਨੇ ਅੱਜ ਸਰਹੱਦੀ ਖੇਤਰ ਦੇ 19 ਸਕੂਲਾਂ ’ਚ ਅਚਨਚੇਤ ਛਾਪੇਮਾਰੀ ਕੀਤੀ। ਟੀਮਾਂ ਨੇ ਇਸ ਦੌਰਾਨ ਕਈ ਸਕੂਲਾਂ ’ਚ ਪਾਈਅਾਂ ਗਈਅਾਂ ਊਣਤਾਈਆਂ ਮੌਕੇ ’ਤੇ ਹੀ ਠੀਕ ਕਰਵਾਈਅਾਂ।
ਜਾਣਕਾਰੀ ਅਨੁਸਾਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਲਵਿੰਦਰ ਸਿੰਘ ਸਮਰਾ ਦੀ ਅਗਵਾਈ ’ਚ ਉਪ ਜ਼ਿਲਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ ਤੇ ਹਰਭਗਵੰਤ ਸਿੰਘ ਵੱਲੋਂ ਸਰਹੱਦੀ ਖੇਤਰ ਦੇ ਸਕੂਲਾਂ ’ਚ ਚੈਕਿੰਗ ਕੀਤੀ ਗਈ, ਜਿਥੇ ਉਨ੍ਹਾਂ ਨੂੰ ਕੋਈ ਵੀ ਅਧਿਆਪਕ ਗੈਰ-ਹਾਜ਼ਰ ਨਹੀਂ ਮਿਲਿਆ। ਸਿੱਖਿਆ ਅਧਿਕਾਰੀ ਸਲਵਿੰਦਰ ਸਮਰਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਨਿਰਦੇਸ਼ਾਂ ਤਹਿਤ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਭਾਗ ਯਤਨਸ਼ੀਲ ਹੈ। ਸਰਹੱਦੀ ਖੇਤਰ ਦੇ ਅਧਿਆਪਕਾਂ ਤੋਂ ਸੱਖਣੇ ਸਕੂਲਾਂ ਵਿਚ ਨਵੀਂ ਭਰਤੀ ਨਾਲ ਅਧਿਆਪਕ ਪਹੁੰਚ ਗਏ ਹਨ।
ਅੱਜ ਚੈਕਿੰਗ ਦੌਰਾਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲਾਂ ’ਚ ਅਧਿਆਪਕ ਆਉਣ ’ਤੇ ਵਿਭਾਗ ਦਾ ਧੰਨਵਾਦ ਵੀ ਕੀਤਾ। ਸਵੇਰੇ ਸਕੂਲ ਸਭਾਵਾਂ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਜਿਥੇ ਮਨ ਲਾ ਕੇ ਪਡ਼੍ਹਨ ਲਈ ਪ੍ਰੇਰਿਤ ਕੀਤਾ, ਉਥੇ ਹੀ ਅਧਿਆਪਕ ਵਰਗ ਨੂੰ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਪਡ਼੍ਹਾਉਣ ਲਈ ਅਪੀਲ ਵੀ ਕੀਤੀ। ਡੀ. ਈ. ਓ. ਸਮਰਾ ਨੇ ਕਿਹਾ ਕਿ ਉਹ ਦਿਨ ਹੁਣ ਦੂਰ ਨਹੀਂ, ਜਦੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਹੋਰਨਾਂ ਸੂਬਿਆਂ ਨਾਲੋਂ ਬਿਹਤਰ ਹੁੰਦਿਆਂ ਆਪਣਾ ਵਿਸ਼ੇਸ਼ ਮੀਲ ਪੱਥਰ ਕਾਇਮ ਕਰੇਗੀ।