ਸਫ਼ਾਈ ਨਾ ਹੋਣ ਕਾਰਨ ਸਰਹੱਦੀ ਡਰੇਨਾਂ ਨੇ ਜੰਗਲ ਦਾ ਰੂਪ ਧਾਰਿਆ
Thursday, Jan 23, 2025 - 02:28 PM (IST)
ਦੌਰਾਂਗਲਾ (ਨੰਦਾ)- ਆਉਣ ਵਾਲੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਕਰਨ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਬਲਾਕ ਦੌਰਾਂਗਲਾ ਦੇ ਹਲਕਾ ਦੀਨਾਨਗਰ ਦੇ ਦਰਜਨ ਦੇ ਕਰੀਬ ਪਿੰਡਾ ਵਿੱਚੋਂ ਗੁਜਰਦੀ ਡਰੇਨ ਦੀ ਪਿਛਲੇ ਕਈ ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਡਰੇਨ ਨੇ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ। ਪਿੰਡ ਭੁੱਲਾ, ਪਹਾੜੀ ਪੁਰ, ਮਨਸੂਰਾ, ਸ਼ੇਖਾਂ, ਦਬੂੜੀ , ਧੂਤ , ਖੌਖਰ ਰਾਜਪੂਤਾਂ, ਬਹਿਰਾਮਪੁਰ,ਖੌਖਰਰਾਜਪੂਤਾ,, ਮਗਰਮੂਦੀਆ ,ਭਾਗੌਕਾਵਾ , ਮਜੀਠੀ, ਠਾਕੁਰ ਪੁਰ, ਕਾਹਨਾਂ , ਮਕੌੜਾ, ਬਾਹਮਣੀ , ਝਾਬੜਾ ਆਦਿ ਪਿੰਡਾ ਨਾਲ ਸੰਬੰਧਿਤ ਸਰਪੰਚ, ਰਵੇਲ ਸਿੰਘ ,, ਕਿਸਾਨ ਜੱਥੇਬੰਦੀਆਂ ਦੇ ਆਗੂ ਬਲਦੇਵ ਸਿੰਘ, ਸਤਨਾਮ ਕਾਹਲੋ, ਮਨਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਚੰਦ, ਅਮਨਦੀਪ ਸ਼ਰਮਾ, ਸਾਬਕਾ ਸਰਪੰਚ ਕੁਲਵੰਤ ਸਿੰਘ ਦਬੂੜੀ, ਪੰਚ ਅਜ਼ੇ ਸ਼ਰਮਾਂ ਨੇ ਦੱਸਿਆ ਕਿ ਸਾਲਾਂ ਤੋਂ ਸਫਾਈ ਨਾ ਹੋਣ ਕਾਰਨ ਸਰਹੱਦੀ ਇਲਾਕੇ ਦੀ ਡਰੇਨ ਤੇ ਕਿਰਨ ਨਾਲੇ ਵਿੱਚ ਕਈ ਪ੍ਰਕਾਰ ਦੀਆਂ ਉਗੀਆਂ ਬੂਟੀਆਂ ਕਾਰਨ ਡਰੇਨ ਨੇ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ।
ਉਹਨਾਂ ਦੱਸਿਆ ਕਿ ਜੰਗਲ ਬੂਟੀ ਅਤੇ ਘਾਹ ਪੂਸ ਕਾਰਨ ਜਿੱਥੇ ਬਰਸਾਤੀ ਮੌਸਮ ਦੌਰਾਨ ਇਸ ਡਰੇਨ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੀਆਂ ਕਣਕ ਤੇ ਝੋਨੇ ਦੀ ਫਸਲਾ ਨੂੰ ਪ੍ਰਭਾਵਿਤ ਕਰਦਾ ਹੈ, ਉੱਥੇ ਡਰੇਨ ਦੀ ਸਫਾਈ ਨਾ ਹੋਣ ਕਾਰਨ ਜ਼ਹਿਰੀਲੇ ਜੀਵ ਜੰਤੂਆਂ ਦਾ ਰਹਿਣ ਬਸੇਰਾ ਵੀ ਬਣਿਆ ਹੋਇਆ। ਉਹਨਾਂ ਦੱਸਿਆ ਕਿ ਉਹਨਾਂ ਵੱਲੋ ਕਈ ਵਾਰ ਪ੍ਰਸ਼ਾਸਨ ਨੂੰ ਡਰੇਨ ਦੀ ਸਫਾਈ ਸਬੰਧੀ ਮੰਗ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਇਸ ਡਰੇਨ ਤੇ ਕਿਰਨ ਨਾਲੇ ਦੀ ਸਫਾਈ ਨਹੀਂ ਹੋ ਸਕੀ, ਜਿਸ ਕਾਰਨ ਦਰਜਨਾ ਪਿੰਡਾ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਰਸਾਤੀ ਮੌਸਮ ਦੌਰਾਨ ਉਨ੍ਹਾਂ ਦੀਆ ਫ਼ਸਲਾਂ ਪਾਣੀ ਦੀ ਮਾਰ ਨਾਲ ਆਰਥਿਕ ਨੁਕਸਾਨ ਝੱਲਣਾ ਪੈਂਦਾ ਤੇ ਉਨ੍ਹਾਂ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਬਰਸਾਤੀ ਮੌਸਮ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਡਰੇਨਾਂ ਅਤੇ ਨਾਲਿਆਂ ਦੀ ਸਫਾਈ ਕਰਨ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ। ਉਹਨਾਂ ਦੇ ਪਿੰਡਾਂ ਵਿੱਚੋਂ ਗੁਜ਼ਰਦੀ ਇਸ ਡਰੇਨ ਦੀ ਸਫਾਈ ਸਬੰਧੀ ਪ੍ਰਸ਼ਾਸਨ ਦੀ ਨਜ਼ਰ ਸਵੱਲੀ ਨਹੀਂ ਹੋ ਰਹੀ। ਇਸ ਮੌਕੇ ਤੇ ਉਹਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਡਰੇਨ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜੰਗਲ ਦਾ ਰੂਪ ਧਾਰਨ ਕਰਨ ਚੁੱਕੀ ਡਰੇਨ ਤੇ ਕਿਰਨ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਬਰਸਾਤੀ ਮੌਸਮ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਆਸਾਨੀ ਨਾਲ ਹੋ ਸਕੇ। ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰੇਨਾਂ ਅਤੇ ਨਾਲਿਆਂ ਵਿੱਚ ਕਿਸੇ ਪ੍ਰਕਾਰ ਦੀ ਗੰਦਗੀ ਜਾ ਕੂੜਾ ਕਰਕਟ ਨਾ ਸੁੱਟਣ।