ਮਹਿਤੇ ਦੀ ਸਿਆਸਤ ''ਚ ਜੁੱਤੀ ਦਾ ਭੂਚਾਲ

04/23/2019 10:49:16 PM

ਚੌਂਕ ਮਹਿਤਾ,(ਮਨਦੀਪ) : ਸਿਆਸਤ 'ਚ ਦੂਸ਼ਣਬਾਜ਼ੀ ਆਮ ਗੱਲ ਹੈ ਪਰ ਕਈ ਵਾਰ ਸਿਆਸੀ ਲੋਕ ਮੰਚ ਤੋਂ ਕਈ ਵਾਰ ਆਗੂ ਅਜਿਹੇ ਕਾਰਨਾਮੇ ਕਰ ਦਿੰਦੇ ਹਨ, ਜੋ ਸਿਆਸਤ ਦੇ ਨਿੱਤ-ਦਿਨ ਡਿੱਗਦੇ ਮਿਆਰ ਦੀ ਰਫ਼ਤਾਰ ਹੋਰ ਤੇਜ਼ ਕਰ ਦਿੰਦੇ ਹਨ। ਕੁਝ ਅਜਿਹੀ ਹੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ ਮਹਿਤਾ ਚੌਕ ਦੀ ਰਾਜਨੀਤੀ 'ਚ, ਜਿਥੇ ਬਿਕਰਮ ਸਿੰਘ ਮਜੀਠੀਆ ਨੂੰ ਇਕ ਕਾਂਗਰਸੀ ਆਗੂ ਵਲੋਂ ਵੀਡੀਓ ਰਾਹੀਂ ਜੁੱਤੀ ਵਿਖਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 
ਜਾਣਕਾਰੀ ਮੁਤਾਬਕ ਬੀਤੇ ਕੁਝ ਦਿਨ ਪਹਿਲਾਂ ਬਿਕਰਮ ਮਜੀਠੀਆ ਵੱਲੋਂ ਬੀਬੀ ਜਗੀਰ ਕੌਰ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਤਾਕੀਦ ਕਰਦਿਆਂ ਮਹਿਤਾ ਸਰਕਲ ਦੇ ਕਾਂਗਰਸੀ ਆਗੂ ਕਸ਼ਮੀਰ ਸਿੰਘ ਕਾਲਾ ਤੇ ਚਤਰ ਸਿੰਘ 'ਤੇ ਸ਼ਬਦੀ ਹਮਲਾ ਕੀਤਾ ਗਿਆ। ਜਿਸ ਦੇ ਜਵਾਬ ਵਜੋਂ ਕਸ਼ਮੀਰ ਸਿੰਘ ਕਾਲਾ ਵਲੋਂ ਜਸਬੀਰ ਸਿੰਘ ਡਿੰਪਾ ਦੇ ਚੋਣ ਸਮਾਗਮ ਦੌਰਾਨ ਤਲਖ਼ੀ ਰੁਖ ਵਰਤਦਿਆਂ ਵੀਡੀਓ ਰਾਹੀਂ ਜੁੱਤੀ ਵਿਖਾਉਦਿਆਂ ਦਾ ਕਲਿਪ ਕਾਫੀ ਵਾਇਰਲ ਹੋ ਰਿਹਾ ਹੈ।  ਵੀਡੀਓ 'ਚ ਕਾਲਾ ਵਲੋਂ ਮਜੀਠੀਆ ਨੂੰ ਨਸ਼ੇ ਦਾ ਤਸਕਰ ਕਹਿੰਦੇ ਹੋਇਆ ਮਹਿਤੇ ਚੌਂਕ ਤੋਂ ਬੱਚ ਕੇ ਰਹਿਣ ਦੀ ਤਾੜਨਾ ਵੀ ਦੇ ਦਿੱਤੀ ਗਈ।  ਵੀਡੀਓ 'ਚ ਮਾਈਕ 'ਤੇ ਗਾਲੀ ਗਲੋਚ ਕਰਦੇ ਹੋਏ ਨਾਅਰਿਆਂ ਦੀ ਗੂੰਜ 'ਚ ਕਾਲਾ ਵਲੋਂ ਆਪਣੀ ਗੱਲਬਾਤ ਖ਼ਤਮ ਕਰਦੇ ਹੋਏ ਨਜ਼ਰ ਆ ਰਹੇ ਹਨ।  ਇਸ ਸਬੰਧੀ ਕਸ਼ਮੀਰ ਸਿੰਘ ਕਾਲਾ ਨਾਲ ਜਦ 'ਜਗ ਬਾਣੀ' ਪ੍ਰਤੀਨਿਧ ਵਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਅਸੀਂ ਮਹਿਤਾ ਸਰਕਲ ਦੇ ਅਕਾਲੀ ਤੇ ਹੋਰ ਪਾਰਟੀਆਂ ਦੇ ਆਗੂ ਇਕ ਦੂਜੇ ਦੀ ਹਰ ਖੁਸ਼ੀ ਗਮੀ ਤੇ ਇਕੱਠੇ ਹੁੰਦੇ ਹਾਂ ਅਤੇ ਮਜੀਠੀਆ ਵੱਲੋਂ ਬਿਆਨਬਾਜ਼ੀ ਕਰਕੇ ਸਾਡੀ ਭਾਈਚਾਰਕ ਸਾਂਝ ਖ਼ਤਮ ਕੀਤੀ ਜਾ ਰਹੀ ਹੈ।ਜਦ ਛਿੱਤਰ ਵਿਖਾਉਣ ਤੇ ਗਾਲੀ ਗਲੋਚ ਕਰਦੇਆ ਹੇਠਲੇ ਦਰਜੇ ਦੀ ਰਾਜਨੀਤੀ ਕਰਨ ਪ੍ਰਤੀ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾ ਰਾਜਨੀਤੀ 'ਚ ਇੱਟ ਦਾ ਜੁਆਬ ਪੱਥਰ ਨਾਲ ਦੇਣ ਦੀ ਗੱਲ ਕਹੀ।


Related News