ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ, ਤੁਰੰਤ ਹੋਵੇਗੀ ‘ਐੱਫ਼. ਆਈ. ਆਰ.’

Sunday, May 28, 2023 - 10:54 AM (IST)

ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ, ਤੁਰੰਤ ਹੋਵੇਗੀ ‘ਐੱਫ਼. ਆਈ. ਆਰ.’

ਅੰਮ੍ਰਿਤਸਰ (ਇੰਦਰਜੀਤ)- ਸਮਾਜ ਅਤੇ ਕਾਨੂੰਨ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਰੰਤ ਐੱਫ਼. ਆਈ. ਆਰ. ਹੋ ਜਾਵੇਗੀ। ਅੰਮ੍ਰਿਤਸਰ ਦੀ ਜਨਤਾ ਨੂੰ ਲੰਮੇ ਸਮੇਂ ਸ਼ਿਕਾਇਤ ਚੱਲ ਰਹੀ ਹੈ ਕਿ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕਈ-ਕਈ ਮਹੀਨੇ ਥਾਣੇ-ਚੌਂਕੀਆਂ ਦੇ ਚੱਕਰ ਲਗਾਉਣ ਦੇ ਉਪਰੰਤ ਸ਼ਿਕਾਇਤ ਦਰਜ ਹੀ ਨਹੀਂ ਹੁੰਦੀ ਹੈ। ਇੱਥੋਂ ਤੱਕ ਕਿ ਕਈ ਮਾਮਲਿਆਂ 'ਚ ਤਾਂ 2-2 ਸਾਲ ‘ਕਥਿਤ ਤੌਰ ’ਤੇ ਜਾਂਚ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਪਰ ਕੇਸ ਦਰਜ ਨਹੀਂ ਹੁੰਦਾ। ਅਜਿਹੇ ਹਲਾਤਾਂ ਵਿਚ ਕੇਸ ਦਾ ਕਿਸੇ ਨਤੀਜੇ ’ਤੇ ਪੁੱਜਣਾ ਇਕ ਲੰਮੀ ਪ੍ਰਕਿਰਿਆ ਬਣ ਚੁੱਕੀ ਹੈ, ਉਥੇ ਹੁਣ 2 ਮਹੀਨੇ 25 ਦਿਨਾਂ ਦੇ ਵਿਚਕਾਰ ਕਈ ਅਜਿਹੇ ਮਾਮਲੇ ਜੋ ਲਟਕ ਰਹੇ ਸਨ, ਉਨ੍ਹਾਂ ਨੂੰ ਲਗਭਗ ਫ਼ੈਸਲਾਕੁੰਨ ਨਤੀਜੇ ਤੱਕ ਪਹੁੰਚਾਇਆ ਗਿਆ ਹੈ। ਇਸ ਤੋਂ ਨਾ ਕੇਵਲ ਜਨਤਾ ਦਾ ਮਨੋਬਲ ਪਿਆ ਹੈ, ਉਥੇ ਅਪਰਾਧ ਕਰਨ ਵਾਲਿਆਂ ਦੇ ਹੌਂਸਲੇ ਵੀ ਟੁੱਟਣ ਲੱਗੇ ਹਨ, ਕਿਉਂਕਿ ਪੁਲਸ ਹੁਣ ਦਬਾਅ ਰਹਿਤ ਕੰਮ ਕਰ ਕੇ ਜਲਦੀ ਹੀ ਮੁਲਜ਼ਮ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰ ਰਹੀ ਹੈ।

ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਕਤਲ ਦੇ ਇਲਜ਼ਾਮ 'ਚ ਫਸੇ 2 ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਮੰਤਰੀ ਕੁਲਦੀਪ ਧਾਲੀਵਾਲ

ਅੰਮ੍ਰਿਤਸਰ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਚਾਰਜ ਲੈਣ ਉਪਰੰਤ ਜਿੱਥੇ ਕਾਨੂੰਨ- ਵਿਵਸਥਾ ਅਤੇ ਟ੍ਰੈਫ਼ਿਕ ਵਿਚ ਕਈ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਵਿਚ ਜਨਤਾ ਨੂੰ ਰਾਹਤ ਮਿਲੀ ਹੈ, ਉਥੇ ਹੀ ਦੂਜੇ ਪਾਸੇ ਸ਼ਿਕਾਇਤਾਂ ਨੂੰ ਲੈ ਕੇ ਪੁਲਸ ਕਮਿਸ਼ਨਰ ਦੇ ਨੋਟਿਸ ਵਿਚ ਆਇਆ ਕਿ ਜਨਤਾ ਪ੍ਰੇਸ਼ਾਨ ਰਹਿੰਦੀ ਹੈ। ਇਸ ਦਾ ਮੁੱਖ ਕਾਰਨ ਇਹ ਸੀ ਕਿ ਸ਼ਿਕਾਇਤ ਕਰਨ ਉਪਰੰਤ ਉਸ ’ਤੇ ਮਹੀਨਿਆਂ ਸੁਣਵਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਵੱਡੀ ਗਿਣਤੀ ਵਿਚ ਲੋਕ ਇਸ ਗੱਲ ਦੀ ਉਮੀਦ ਹੀ ਖ਼ਤਮ ਕਰ ਦਿੰਦੇ ਹਨ ਕਿ ਐੱਫ਼. ਆਈ. ਆਰ. ਦਰਜ ਹੋਵੇਗੀ ਜਾਂ ਨਹੀਂ। ਕਾਰਵਾਈ ਹੋਵੇਗੀ ਜਾਂ ਫਿਰ ਮਾਮਲਾ ਠੰਡੇ ਬਸਤੇ ਵਿਚ ਪੈ ਜਾਵੇਗਾ ? ਨਵੀਂ ਪ੍ਰਣਾਲੀ ਵਿਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਅਤੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਨੇ ਲੋਕਾਂ ਨੂੰ ਰਾਹਤ ਦਿੰਦਿਆਂ ਨਾ ਸਿਰਫ਼ ਪੁਰਾਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, ਸਗੋਂ ਨਵੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਨੂੰ ਸਮੇਂ ਸਿਰ ਇਸ ’ਤੇ ਪਾਬੰਦੀ ਲਗਾਉਣ ਲਈ ਵੀ ਜ਼ੋਰ ਦਿੱਤਾ ਕਿ ਇਸ ਦਾ ਵੀ ਇਕ ਮਹੀਨੇ ਦੇ ਅੰਦਰ-ਅੰਦਰ ਨਿਪਟਾਰਾ ਕਰੇ।

ਇਹ ਵੀ ਪੜ੍ਹੋ-  ਨੌਜਵਾਨ ਦੀ ਕਹੀ ਗੱਲ ਤੋਂ ਖਫ਼ਾ ਕੁੜੀ ਨੇ ਜੜ੍ਹਿਆ ਥੱਪੜ, ਹੈਰਾਨ ਕਰੇਗੀ ਗੁਰਦਾਸਪੁਰ ਦੀ ਇਹ ਘਟਨਾ

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਸ ਕੋਲ ਕੁੱਲ 950 ਕੇਸ ਅਜਿਹੇ ਹਨ, ਜੋ ਇਸ ਵੇਲੇ 30 ਦਿਨਾਂ ਦੀ ਰੁਟੀਨ ਪ੍ਰਕਿਰਿਆ ਦੌਰਾਨ ਪੈਂਡਿੰਗ ਪਏ ਹਨ, ਪਰ ਅਜੇ ਵੀ ਸਮਾਂ ਸੀਮਾ ਦੇ ਅੰਦਰ ਹੈ, ਜਦਕਿ 371 ਸ਼ਿਕਾਇਤਾਂ ਅਜਿਹੀਆਂ ਹਨ ਜੋ 1 ਮਹੀਨੇ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ। ਇਸੇ ਤਰ੍ਹਾਂ 45 ਦਿਨਾਂ ਤੋਂ ਉਪਰ ਦੀਆਂ 210 ਸ਼ਿਕਾਇਤਾਂ ਹਨ। ਉਪਰੋਕਤ ਬਕਾਇਆ ਸ਼ਿਕਾਇਤਾਂ ਅੰਮ੍ਰਿਤਸਰ ਕਮਿਸ਼ਨਰੇਟ ਵਿਚ ਤਾਇਨਾਤ ਵੱਖ-ਵੱਖ ਪੁਲਸ ਅਧਿਕਾਰੀਆਂ ਕੋਲ ਹਨ, ਜਿਸ ਵਿਚ ਡੀ. ਸੀ. ਪੀ. ਡਿਟੈਕਟਿਵ, ਡੀ. ਸੀ. ਪੀ. ਹੈੱਡਕੁਆਰਟਰ ਵੱਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਇਨ੍ਹਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਹਾਲਾਂਕਿ ਉਕਤ ਕੁੱਲ ਸ਼ਿਕਾਇਤਾਂ ਵਿੱਚੋਂ 70 ਫ਼ੀਸਦੀ ਸ਼ਿਕਾਇਤਾਂ ਸਮਾਂ ਸੀਮਾ ਤੋਂ ਅੱਗੇ ਨਹੀਂ ਹਨ। ਜੇਕਰ ਪਹਿਲੀ ਵਾਰ ਇਸ ਦੀ ਸਮੀਖਿਆ ਕੀਤੀ ਜਾਵੇ ਤਾਂ ਅੰਕੜੇ ਹੈਰਾਨ ਕਰਨ ਵਾਲੇ ਹਨ।

ਇਹ ਵੀ ਪੜ੍ਹੋ-  ਤਰਨਤਾਰਨ ਵਿਖੇ ਮੁਲਜ਼ਮ ਨੂੰ ਫੜਨ ਗਈ ਮਹਿਲਾ ਸਬ ਇੰਸਪੈਕਟਰ ਨਾਲ ਹੋਈ ਬਦਸਲੂਕੀ

ਪੁਰਾਣੇ 9255 ਚੱਲ ਰਹੇ ਸਨ ਬਕਾਇਆ, ਹੁਣ ਸਿਰਫ਼ ਰਹਿ ਗਏ ਹਨ 1490

ਨਵੀਂ ਪੁਲਸ ਕਮਿਸ਼ਨਰੇਟ ਪ੍ਰਣਾਲੀ ਦੀ ਕੁਸ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਵਧੀਕ ਪੁਲਸ ਡਾਇਰੈਕਟਰ ਜਨਰਲ ਨੌਨਿਹਾਲ ਸਿੰਘ ਆਈ. ਪੀ. ਐੱਸ. ਨੇ ਅੰਮ੍ਰਿਤਸਰ ਦੇ ਨਵੇਂ ਪੁਲਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਪਹਿਲੇ ਕਈ ਸਾਲਾਂ ਤੋਂ ਪੈਂਡਿੰਗ ਕੇਸਾਂ ਦੀ ਗਿਣਤੀ 9255 ਸੀ। ਇਸ ਦੇ ਨਾਲ ਹੀ ਨਵੇਂ ਪੁਲਸ ਕਮਿਸ਼ਨਰ ਦੇ ਕਾਰਜਕਾਲ ਦੇ ਕੇਸ ਵੀ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ 3393 ਤੋਂ ਪਾਰ ਸੀ। ਦੋ ਕਾਰਜਕਾਲਾਂ ਦੇ ਵਿਚਕਾਰ, ਬਕਾਇਆ ਕੇਸਾਂ ਦੀ ਕੁੱਲ ਗਿਣਤੀ 12648 ਹੋ ਗਈ ਹੈ। ਨਵ-ਨਿਯੁਕਤ ਕਮਿਸ਼ਨਰ ਨੌਨਿਹਾਲ ਸਿੰਘ ਨੇ ਆਪਣੇ 85 ਦਿਨਾਂ ਦੇ ਕਾਰਜਕਾਲ ਦੌਰਾਨ 11,158 ਕੇਸਾਂ ਦਾ ਨਿਪਟਾਰਾ ਕੀਤਾ ਹੈ, ਜਿਨ੍ਹਾਂ ਵਿੱਚੋਂ ਸਿਰਫ਼ 1,490 ਕੇਸ ਪੈਂਡਿੰਗ ਹਨ। ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਕੇਸਾਂ ਨੂੰ ਵੀ 15 ਦਿਨਾਂ ਵਿੱਚ ਹੱਲ ਕਰ ਲਿਆ ਜਾਵੇਗਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News