ਧਰਮ ’ਚ ਸਿਆਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ : ਬੀਬੀ ਜਗੀਰ ਕੌਰ

Monday, Jun 19, 2023 - 02:30 PM (IST)

ਧਰਮ ’ਚ ਸਿਆਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ : ਬੀਬੀ ਜਗੀਰ ਕੌਰ

ਗੁਰਦਾਸਪੁਰ (ਹਰਮਨ)- ਸ਼੍ਰੋਮਣੀ ਅਕਾਲੀ ਪੰਥ ਵੱਲੋਂ ਮਾਝੇ ਤੋਂ ਪੰਥਕ ਸੰਵਾਦ ਲਹਿਰ ਦੀ ਸ਼ੁਰੂਆਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਥ ਨੂੰ ਮਜ਼ਬੂਤ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖਤਿਆਰੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਪੰਥਕ ਸੰਵਾਦ ਲਹਿਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਾਹਨੂੰਵਾਨ ਛੰਭ ’ਚ 17 ਮਈ 1746 ਨੂੰ ਵਾਪਰੇ ਖੂਨੀ ਦੁਖਾਂਤ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਦੀ ਜਾਲਮ ਹਾਕੂਮਤ ਨੇ ਕਾਹਨੂੰਵਾਨ ਛੰਭ ’ਚ ਮੱਸਿਆ ਦੇ ਦਿਨ ਵੱਡੀ ਗਿਣਤੀ ’ਚ ਸਿੱਖਾਂ ਦਾ ਕਤਲੇਆਮ ਕੀਤਾ ਸੀ। ਇਸ ਛੋਟੇ ਘੱਲੂਘਾਰੇ ’ਚ 10 ਤੋਂ 12 ਹਜ਼ਾਰ ਸਿੰਘ ਸ਼ਹੀਦੀਆਂ ਪਾ ਗਏ ਸਨ।

ਇਹ ਵੀ ਪੜ੍ਹੋ- ਬੋਹੜ ਨਾਲ ਲਟਕਦੀ ਮਿਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਨਹੀਂ ਆਵੇਗਾ ਯਕੀਨ

ਉਨ੍ਹਾਂ ਨੇ ਇੱਥੇ ਨਵਾਂ ਪਿੰਡ ਬਹਾਦਰ ਵਿਖੇ ਸ਼ਹੀਦ ਬੀਬੀ ਸੁੰਦਰੀ ਦੀ ਯਾਦ ’ਚ ਬਣਾਏ ਗੁਰੂ ਘਰ ’ਚ ਮੱਸਿਆ ਦੇ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਜੁੜੀਆਂ ਸੰਗਤਾਂ ਨੂੰ ਕਿਹਾ ਕਿ ਪੰਥਕ ਸੰਘਰਸ਼ਾਂ ’ਚ ਔਰਤਾਂ ਦਾ ਹਮੇਸ਼ਾ ਹੀ ਵੱਡਾ ਯੋਗਦਾਨ ਰਿਹਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਔਰਤ ਨੂੰ ਮਾਣ ਸਤਿਕਾਰ ਦਿੱਤਾ ਹੈ, ਉਸ ਨੂੰ ਸਿੱਖ ਜਗਤ ਕਦੇ ਭੁੱਲ ਨਹੀਂ ਸਕਦਾ। ਉਨ੍ਹਾਂ ਸੰਗਤਾਂ ’ਚ ਹਾਜ਼ਰ ਬੀਬੀਆਂ ਨੂੰ ਸੱਦਾ ਦਿੱਤਾ ਕਿ ਉਹ 100 ਸਾਲ ਚਲਾਈ ਗੁਰਦੁਆਰਾ ਸੁਧਾਰ ਲਹਿਰ ਵਾਂਗ ਮੁੜ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਰਹਿਣ।

ਇਹ ਵੀ ਪੜ੍ਹੋ- 'ਗੁਰਬਾਣੀ ਪ੍ਰਸਾਰਣ' ਦੇ ਮਾਮਲੇ ਦਾ ਕੀਤਾ ਜਾ ਰਿਹੈ ਸਿਆਸੀਕਰਨ: ਐਡਵੋਕੇਟ ਧਾਮੀ

ਬੀਬੀ ਜਗੀਰ ਕੌਰ ਨੇ ਕਿਹਾ ਕਿ ਧਰਮ ’ਚ ਸਿਆਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਸਗੋਂ ਧਰਮ ਦਾ ਕੁੰਡਾ ਸਿਆਸਤ ’ਤੇ ਜ਼ਰੂਰ ਹੋਣਾ ਚਾਹੀਦਾ ਹੈ। ਯਾਦ ਰਹੇ ਕਿ ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਯਾਦ ’ਚ ਕਰਵਾਏ ਸਮਾਗਮ ਦੌਰਾਨ 3 ਜੂਨ ਨੂੰ ਹੀ ਸ਼੍ਰੋਮਣੀ ਅਕਾਲੀ ਫੰਥ ਨਾਮ ਦੀ ਜਥੇਬੰਦੀ ਬਣਾਈ ਸੀ ਅਤੇ ਠੀਕ 15 ਦਿਨਾਂ ਬਾਅਦ ਇੰਨੇ ਵੱਡੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਵੱਡੇ-ਵੱਡੇ ਦਾਅਵੇ ਕਰਨ ਵਾਲੇ ਰੇਲਵੇ ਵਿਭਾਗ ਦੀਆਂ ਗੱਡੀਆਂ ਦੀ ਹਾਲਤ ਤਰਸਯੋਗ, ਸੁਰੱਖਿਆ ਰੱਬ ਭਰੋਸੇ

ਇਸ ਮੌਕੇ ਉਨ੍ਹਾਂ ਹਾਜ਼ਰ ਮਾਝੇ ਦੇ ਲੋਕਾਂ ਨੂੰ ਕਿਹਾ ਕਿ ਇਹ ਇਲਾਕਾ ਪੰਥਕ ਮੰਨਿਆ ਜਾਂਦਾ ਹੈ, ਜਿਸ ਨੇ ਪੰਜਾਬ ਦੇ ਕਾਲੇ ਦੌਰ ’ਚ ਆਪਣੀ ਜਵਾਨੀ ਗਵਾ ਲਈ ਸੀ ਪਰ ਸਿੱਖੀ ਤੋਂ ਮੁੱਖ ਨਹੀਂ ਸੀ ਮੋੜਿਆ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਜੀ ਪਿੰਡ ਬਹਾਦਰ ਨੌਸ਼ਹਿਰਾ ਗੁਰਦਾਸਪੁਰ ਵਿਖੇ ਨਤਮਸਤਕ ਹੋ ਕੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News