ਡਿਪਟੀ ਕਮਿਸ਼ਨਰ ਨੇ ਮੀਂਹ ਕਾਰਨ ਨਿਕਾਸੀ ਨਾਲਿਆਂ ''ਚ ਵੱਧ ਰਹੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ

Tuesday, Sep 25, 2018 - 03:41 PM (IST)

ਡਿਪਟੀ ਕਮਿਸ਼ਨਰ ਨੇ ਮੀਂਹ ਕਾਰਨ ਨਿਕਾਸੀ ਨਾਲਿਆਂ ''ਚ ਵੱਧ ਰਹੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ

ਭਿੱਖੀਵਿੰਡ, ਖਾਲੜਾ (ਭਾਟੀਆ) : ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਿਲੇ ਦੀਆਂ ਡਰੇਨਾਂ ਅਤੇ ਨਿਕਾਸੀ ਨਾਲਿਆਂ 'ਚ ਵੱਧ ਰਹੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਅਲਗੋਂ ਕਲਾਂ, ਠੱਠੀ ਜੈਮਲ ਸਿੰਘ, ਮਸਤਗੜ੍ਹ ਅਤੇ ਕਾਲੀ ਸਕੱਤਰਾਂ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੰਦੀਪ ਰਿਸ਼ੀ ਅਤੇ ਡਰੇਨ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਅਲਗੋਂ ਕਲਾਂ, ਕਾਲੀ ਸਕੱਤਰਾਂ ਅਤੇ ਠੱਠੀ ਜੈਮਲ ਸਿੰਘ ਵਿਖੇ ਵੱਗ ਰਹੀਆਂ ਡਰੇਨਾਂ ਦਾ ਜਾਇਜ਼ਾ ਲਿਆ ਹੈ, ਜਿੱਥੇ ਪਾੜ ਪੈਣ ਦਾ ਖਤਰਾ ਸੀ, ਉੱਥੇ ਤੁਰੰਤ ਜੇ.ਸੀ.ਬੀ. ਮਸ਼ੀਨਾਂ ਲਗਾ ਕੇ ਕੰਮ ਚਾਲੂ ਕਰਵਾਇਆ। ਇਸ ਮੌਕੇ 'ਤੇ ਉਨ੍ਹਾਂ ਨੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਅਤੇ ਕਿਹਾ ਕਿ ਜਿਸ ਜਗ੍ਹਾ ਪਾੜ ਪੈਣ ਦਾ ਖਤਰਾ ਹੈ, ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਮਿੱਟੀ ਪਾ ਕੇ ਬੰਨ੍ਹ ਮਜ਼ਬੂਤ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਡਰੇਨਾਂ ਦੇ ਨਾਲ ਲੱਗਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਕੀਤੇ ਹਨ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਦੀਆਂ ਖਰਾਬ ਹੋਈਆ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਤਾਂ ਜੋ ਸਰਕਾਰ ਵਲੋਂ ਯੋਗ ਮੁਆਵਜ਼ਾ ਮਿਲ ਸਕੇ। 


Related News