ਜ਼ਖਮੀ ASI ਦੀ ਤਰੱਕੀ ਲਈ ਬਾਜਵਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
Tuesday, Apr 14, 2020 - 11:58 PM (IST)

ਗੁਰਦਾਸਪੁਰ, (ਹਰਮਨ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪਟਿਆਲਾ ਜ਼ਿਲੇ ’ਚ ਨਿਹੰਗ ਸਿੰਘਾਂ ਦੇ ਹਮਲੇ ਤੋਂ ਪੀਡ਼ਤ ਏ. ਐੱਸ. ਆਈ. ਹਰਜੀਤ ਸਿੰਘ ਦੀ ਤਰੱਕੀ ਕੀਤੀ ਜਾਵੇ। ਬਾਜਵਾ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਜਿਥੇ ਹੋਰ ਵਿਭਾਗ ਦੇ ਅਧਿਕਾਰੀ ਵੱਡੀ ਭੂਮਿਕਾ ਨਿਭਾ ਰਹੇ ਹਨ, ਉਥੇ ਪੁਲਸ ਵੱਲੋਂ ਵੀ ਦਿਨ ਰਾਤ ਦਲੇਰਾਨਾ ਢੰਗ ਨਾਲ ਡਿਊਟੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਿਹੰਗਾਂ ਵੱਲੋਂ ਕੀਤੇ ਹਮਲੇ ਦੇ ਬਾਵਜੂਦ ਹਰਜੀਤ ਸਿੰਘ ਨੇ ਆਪਣੀ ਡਿਊਟੀ ਦਲੇਰਾਨਾ ਢੰਗ ਨਾਲ ਨਿਭਾਈ ਹੈ, ਜਿਸ ਦੇ ਇਲਾਜ ਲਈ ਸੂਬੇ ਦੀ ਸਰਕਾਰ ਨੇ ਅਹਿਮ ਕਦਮ ਚੁੱਕੇ ਹਨ। ਇਸ ਪੁਲਸ ਅਧਿਕਾਰੀ ਦੀ ਹੌਸਲਾ ਅਫਜ਼ਾਈ ਅਤੇ ਸਨਮਾਨ ਲਈ ਉਸ ਨੂੰ ਪੁਲਸ ’ਚ ਤਰੱਕੀ ਦੇਣੀ ਚਾਹੀਦੀ ਹੈ ਤਾਂ ਜੋ ਸੂਬੇ ਦੀ ਅਮਨ ਸ਼ਾਂਤੀ ਅਤੇ ਸੁਰੱਖਿਆ ਲਈ ਜੂਝ ਰਹੇ ਹੋਰ ਮੁਲਾਜ਼ਮਾਂ ਦਾ ਮਨੋਬਲ ਵੀ ਉੱਚਾ ਹੋ ਸਕੇ।