ਬਾਦਲ ਪਰਿਵਾਰ ਨੇ ਕਦੇ ਵੀ ਸੰਘੀ ਢਾਂਚੇ ਤੇ ਸੂਬਿਆਂ ਨੂੰ ਖੁਦ-ਮੁਖਤਿਆਰੀ ਦੇਣ ਦੀ ਗੱਲ ਨਹੀਂ ਕੀਤੀ : ਗੁਰਿੰਦਰ ਬਾਜਵਾ

01/10/2021 5:06:38 PM

ਬਟਾਲਾ (ਮਠਾਰੂ) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਬੁਲਾਰੇ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕੇਦਂਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸੂਬਿਆਂ ਦੀ ਖੁਦ-ਮੁਖਤਿਆਰੀ ਖੋਹਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਇਹ ਰਵਾਇਤ ਕੇਂਦਰ ’ਚ ਲੰਬਾ ਸਮਾਂ ਰਹੀ ਕਾਂਗਰਸ ਸਰਕਾਰ ਨੇ ਸ਼ੁਰੂ ਕੀਤੀ ਸੀ ਪਰ ਹੁਣ ਮੋਦੀ ਸਰਕਾਰ ਨੇ ਸੂਬਿਆਂ ਦੀ ਖੁਦ-ਮੁਖਤਿਆਰੀ ਖੋਹਣ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਖੇਤੀ ਅਤੇ ਬਿਜਲੀ ਆਦਿ ਸੰਵਿਧਾਨ ਅਨੁਸਾਰ ਸੂਬਾ ਸਰਕਾਰ ਦੇ ਖੇਤਰ ਵਿਚ ਆਉਂਦੇ ਹਨ ਪਰ ਕੇਂਦਰ ਸਰਕਾਰ ਨੇ ਹੋਲੀ-ਹੋਲੀ ਇਨ੍ਹਾਂ ਸਾਰਿਆਂ ਵਿਭਾਗਾਂ ਦਾ ਕੇਂਦਰੀਕਰਨ ਕਰ ਕੇ ਆਪਣੇ ਕੰਟਰੋਲ ਵਿਚ ਲੈ ਲਏ ਹਨ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 15 ਸਾਲ ਪੰਜਾਬ ’ਤੇ ਰਾਜ ਕੀਤਾ ਹੈ, ਜਦਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਸੰਘੀ ਢਾਂਚੇ ਅਤੇ ਸੂਬਿਆਂ ਨੂੰ ਖੁਦਮੁਖਤਿਰਾਈ ਦੇਣ ਦੀ ਗੱਲ ਨਹੀਂ ਕੀਤੀ, ਇਥੇ ਹੀ ਬੱਸ ਨਹੀਂ ਪਿਛਲੇ 6 ਸਾਲ ਤੋਂ ਹਰਸਿਮਰਤ ਕੌਰ ਬਾਦਲ ਵੀ ਕੇਂਦਰ ਦੀ ਮੋਦੀ ਸਰਕਾਰ ’ਚ ਮੰਤਰੀ ਰਹੀ ਹੈ, ਉਨ੍ਹਾਂ ਨੇ ਵੀ ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਕਦੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਮੋਦੀ ਸਰਕਾਰ ਨੇ ਸੂਬਿਆਂ ਦੇ ਖੁਦਮੁਖਤਿਆਰੀ ਦੇ ਅਧਿਕਾਰ ਖੋਹੇ ਹਨ ਤਾਂ ਬਾਦਲ ਪਰਿਵਾਰ ਨੇ ਕਦੇ ਵੀ ਮੋਦੀ ਸਰਕਾਰ ਖ਼ਿਲਾਫ਼ ਮੂੰਹ ਨਹੀਂ ਖੋਲਿ੍ਹਆ। ਹੁਣ ਜਦੋਂ ਬਾਦਲ ਪਰਿਵਾਰ ਸਤਾ ਤੋਂ ਲਾਂਬੇ ਹੋ ਗਿਆ ਹੈ, ਤਾਂ ਉਸ ਨੂੰ ਸੂਬਿਆਂ ਦੀ ਖੁਦਮੁਖਤਿਆਰੀ ਦਾ ਚੇਤਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸੂਬਿਆਂ ਦੀ ਖੁਦਮੁਖਤਿਆਰੀ ਲਈ ਖੇਤਰੀ ਪਾਰਟੀਆਂ ਨੂੰ ਇਕੱਠਾ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ ਕਰੇਗਾ।


cherry

Content Editor

Related News