ਦੀਨਾਨਗਰ ਦੀ ਅਵਾਂਖਾ ਕਲੋਨੀ ਵਾਸੀਆਂ ਨੇ ਰੋਡ ਜਾਮ ਕਰਕੇ ਬਿਜਲੀ ਵਿਭਾਗ ਖਿਲਾਫ ਕੱਢੀ ਭੜਾਸ
Thursday, Apr 17, 2025 - 08:02 PM (IST)

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਅਵਾਂਖਾ ਕਲੋਨੀ ਦੇ ਇਕ ਘਰ ਅੰਦਰ ਬਿਜਲੀ ਦਾ ਖੰਭਾ ਡਿੱਗ ਗਿਆ। ਇਸ ਮਗਰੋਂ ਪਾਵਰਕਾਮ ਦੇ ਰਵੱਈਏ ਤੋਂ ਨਰਾਜ਼ ਅਵਾਂਖਾ ਕਲੋਨੀ ਵਾਸੀਆਂ ਨੇ ਦੀਨਾਨਗਰ ਬਹਿਰਾਮਪੁਰ ਰੋਡ ਜਾਮ ਕਰਕੇ ਪਾਵਰਕਾਮ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਆਪਣੀ ਭੜਾਸ ਕੱਢੀ।
ਪਿੰਡ ਅਵਾਂਖਾ ਦੇ ਮੈਂਬਰ ਪੰਚਾਇਤ ਚਮਨ ਲਾਲ ਦੀ ਅਗਵਾਈ ਹੇਠ ਇਕੱਠੇ ਹੋਏ ਅਵਾਂਖਾ ਕਲੋਨੀ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਕੁਝ ਘਰਾਂ ਦੇ ਉੱਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਜੋ ਢਿੱਲੀਆਂ ਹੋਣ ਕਾਰਨ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਇਸ ਸਬੰਧੀ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਸਮੱਸਿਆ ਦਾ ਹੱਲ ਨਹੀ ਕੀਤਾ ਜਾ ਰਿਹਾ।
ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਬਿਜਲੀ ਦਾ ਖੰਭਾ ਅਤੇ ਤਾਰਾਂ ਲੋਕਾਂ ਦੇ ਘਰਾਂ ਅੰਦਰ ਡਿੱਗ ਪਈਆਂ। ਉਹਨਾਂ ਕਿਹਾ ਕਿ ਖੰਭਾ ਅਤੇ ਤਾਰਾਂ ਡਿੱਗਣ ਵੇਲੇ ਬਿਜਲੀ ਬੰਦ ਹੋਣ ਕਾਰਨ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਪਰ ਜੇਕਰ ਘਟਨਾ ਸਮੇਂ ਬਿਜਲੀ ਹੁੰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
ਰੋਡ ਜਾਮ ਦੀ ਸੂਚਨਾ ਮਿਲਣ ਮਗਰੋਂ ਦੀਨਾਨਗਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ। ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਬਿਜਲੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਲਦੀ ਹੀ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਰੋਡ ਜਾਮ ਅਤੇ ਧਰਨਾ ਪ੍ਰਦਰਸ਼ਨ ਖਤਮ ਕਰਵਾਇਆ। ਦੂਜੇ ਪਾਸੇ ਬਿਜਲੀ ਵਿਭਾਗ ਦੇ ਜੇਈ ਦਾ ਕਹਿਣਾ ਹੈ ਕਿ ਬੀਤੀ ਰਾਤ ਹਨ੍ਹੇਰੀ ਚੱਲਣ ਕਾਰਨ ਖੇਤਰ ਅੰਦਰ ਕਈ ਥਾਵਾਂ ਤੇ ਬਿਜਲੀ ਲਾਈਨਾਂ ਦਾ ਨੁਕਸਾਨ ਹੋਇਆ ਹੈ। ਬਿਜਲੀ ਵਿਭਾਗ ਅਪਣੀ ਪੂਰੀ ਕੋਸ਼ਿਸ਼ ਨਾਲ ਨੁਕਸਾਨੀਆਂ ਗਈਆਂ ਲਾਈਨਾਂ ਨੂੰ ਠੀਕ ਕਰਨ ਦਾ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ ਅਵਾਂਖਾ ਕਲੋਨੀ ਵਾਸੀਆਂ ਦੀ ਮੁਸ਼ਕਲ ਨੂੰ ਵੀ ਦੂਰ ਕਰ ਦਿੱਤਾ ਜਾਵੇਗਾ।