ਸਿੱਖ ਕਕਾਰ ਕਿਰਪਾਨ ’ਤੇ ਪਾਬੰਦੀ ਦੀ ਮੰਗ ਕਰਨਾ ਤੇ ਨਫ਼ਰਤ ਦੀ ਸਿਆਸਤ ਕਰਨਾ ਗਹਿਰੀ ਸਾਜ਼ਿਸ਼: ਜਥੇਦਾਰ ਗੜਗੱਜ
Friday, Jun 05, 2026 - 08:33 PM (IST)
ਅੰਮ੍ਰਿਤਸਰ (ਸਰਬਜੀਤ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ. ਕੇ. ਦੇ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਮਾਮਲੇ ’ਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਦੋਸ਼ੀ ਵਿਕਰਮ ਸਿੰਘ ਦਿਗਵਾ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਕਾਨੂੰਨ ਮੁਤਾਬਕ ਬਿਲਕੁਲ ਸਹੀ ਹੈ ਅਤੇ ਸਿੱਖ ਭਾਈਚਾਰਾ ਇਸ ਦਾ ਸਮਰਥਨ ਕਰਦਾ ਹੈ।
ਜਥੇਦਾਰ ਗੜਗੱਜ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਮਾਮਲੇ ਨੂੰ ਆੜ ਬਣਾ ਕੇ ਕੁਝ ਤਾਕਤਾਂ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣਾ ਅਤੇ ਸਿੱਖ ਕਕਾਰ ‘ਕਿਰਪਾਨ’ ’ਤੇ ਪਾਬੰਦੀ ਦੀ ਮੰਗ ਕਰਨਾ ਇਕ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂ. ਕੇ. ਦੇ ਪ੍ਰਮੁੱਖ ਸਿੱਖਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ’ਚ ਵਰਤਿਆ ਗਿਆ ਹਥਿਆਰ ‘ਪੇਸ਼ ਕਬਜ਼’ (ਖੰਜਰ) ਸੀ, ਨਾ ਕਿ ਸਿੱਖ ਕਕਾਰ ਕਿਰਪਾਨ। ਸਿੱਖੀ ਸਿਧਾਂਤ ਅਨੁਸਾਰ ਕਿਰਪਾਨ ਮਜ਼ਲੂਮ ਦੀ ਰਾਖੀ ਲਈ ਹੈ, ਅਨਿਆਂ ਲਈ ਨਹੀਂ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਬਰਤਾਨੀਆ ਨਾਲ ਸਬੰਧ ਲੱਗਭਗ 200 ਵਰ੍ਹੇ ਪੁਰਾਣੇ ਹਨ। ਵਿਸ਼ਵ ਯੁੱਧਾਂ ਤੋਂ ਲੈ ਕੇ ਉਥੋਂ ਦੀ ਤਰੱਕੀ ਤੱਕ ਸਿੱਖਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਨੂੰ ਪੀੜਤ ਪਰਿਵਾਰ ਦਾ ਸਾਥ ਦੇਣ ਦੀ ਤਾਕੀਦ ਕੀਤੀ ਅਤੇ ਉਥੋਂ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਵਾਲੇ ਅਨਸਰਾਂ ’ਤੇ ਨਿਗ੍ਹਾ ਰੱਖੀ ਜਾਵੇ। ਅਖ਼ੀਰ ’ਚ ਉਨ੍ਹਾਂ ਮੀਡੀਆ ਨੂੰ ਵੀ ਨਫ਼ਰਤ ਫੈਲਾਉਣ ਦੀ ਬਜਾਏ ਤੱਥਾਂ ਦੇ ਆਧਾਰ ’ਤੇ ਖ਼ਬਰਾਂ ਪ੍ਰਕਾਸ਼ਿਤ ਕਰਨ ਦੀ ਅਪੀਲ ਕੀਤੀ।
