ਬਟਾਲਾ ਦਾਣਾ ਮੰਡੀ ’ਚ ਕਣਕ ਦੀ ਆਮਦ ਸ਼ੁਰੂ, ਨਮੀ ਜ਼ਿਆਦਾ ਹੋਣ ਕਾਰਨ ਨਹੀਂ ਹੋਈ ਸਰਕਾਰੀ ਖ਼ਰੀਦ
Friday, Apr 14, 2023 - 11:49 AM (IST)
ਬਟਾਲਾ (ਸਾਹਿਲ)- ਮੌਸਮ ਸਾਫ਼ ਹੁੰਦਿਆ ਹੀ ਬਟਾਲਾ ਦੇ ਨੇੜਲੇ ਖ਼ੇਤਰ ’ਚ ਕਣਕ ਦੀ ਵਢਾਈ ਦਾ ਕੰਮ ਚੱਲ ਪਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ’ਚ ਕਣਕ ਦੀ ਆਮਦ ਤਾਂ ਸ਼ੁਰੂ ਹੋ ਗਈ ਹੈ ਪਰ ਮੰਡੀ ’ਚ ਆਈਆਂ ਤਿੰਨ-ਚਾਰ ਢੇਰੀਆਂ ਵਿਚ ਨਿਰਧਾਰਤ ਨਮੀ ਦੀ ਮਾਤਰਾ ਵੱਧ ਪਾਈ ਜਾਣ ਕਾਰਨ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਭਾਲ ਲਈ ਪ੍ਰਸ਼ਾਸਨ ਦੀ ਤਿੱਖੀ ਨਜ਼ਰ, ਬਿਆਸ ਰੇਲਵੇ ਸਟੇਸ਼ਨ ’ਤੇ ਲੱਗੇ ਪੋਸਟਰ
ਬਟਾਲਾ ਮੰਡੀ ’ਚ ਸਰਕਾਰੀ ਤੌਰ ’ਤੇ ਕਣਕ ਦੀ ਖ਼ਰੀਦ ਨੂੰ ਲੈ ਕੇ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਹਨ। ਬਟਾਲਾ ਦਾਣਾ ਮੰਡੀ ’ਚ ਆਈ ਕਣਕ ਦੀ ਖ਼ਰੀਦ ਪ੍ਰਾਈਵੇਟ ਡੀਲਰਾਂ ਵੱਲੋਂ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦਾਣਾ ਮੰਡੀ ਬਟਾਲਾ ਜ਼ਿਲ੍ਹੇ ਦੀ ਮੋਹਰੀ ਅਨਾਜ ਮੰਡੀ ਹੈ ਅਤੇ ਹਰ ਸਾਲ ਕਰੀਬ 16 ਲੱਖ ਕਣਕ ਦੀਆਂ ਬੋਰੀਆਂ ਮੰਡੀ ਅੰਦਰ ਤੁਲਾਈ ਹੁੰਦੀ ਹੈ।
ਦਾਣਾ ਮੰਡੀ ਬਟਾਲਾ 5 ਪ੍ਰਮੁੱਖ ਸਰਕਾਰੀ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਦੀਆਂ ਹਨ। ਦਾਣਾ ਮੰਡੀ ਬਟਾਲਾ ’ਚੋਂ ਐੱਫ. ਸੀ. ਆਈ., ਪਨਗ੍ਰੇਨ, ਪੰਜਾਬ ਵੇਅਰ ਹਾਊਸ, ਮਾਰਕਫੈਡ, ਪਨਸਪ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਦੀਆਂ ਹਨ। ਮਾਰਕੀਟ ਕਮੇਟੀ ਬਟਾਲਾ ਦੇ ਸਕੱਤਰ ਸਾਹਿਬ ਸਿੰਘ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ- ਸਿੱਖਿਆ ਮੰਤਰੀ ਨੇ ਸਰਹੱਦੀ ਖ਼ੇਤਰਾਂ ਦੇ ਸਕੂਲਾਂ 'ਚ ਕੀਤੀ ਦੌਰਾ, ਕਿਹਾ- ਵੱਡੇ ਸੁਧਾਰਾਂ ਦੀ ਹੈ ਲੋੜ
ਉਨ੍ਹਾਂ ਦੱਸਿਆ ਕਿ ਬਟਾਲਾ ਮੰਡੀ ’ਚ ਜੋ ਕਣਕ ਦੀ ਫ਼ਸਲ ਆਈ ਹੈ, ਉਸ ਵਿਚ ਨਮੀ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ, ਜਿਸ ਕਾਰਨ ਸਰਕਾਰੀ ਖ਼ਰੀਦ ਨਹੀਂ ਹੋ ਸਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਵਡਾਉਣ ਤਾਂ ਕਿ ਕੋਈ ਦਿੱਕਤ ਨਾ ਆਵੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।