80 ਸਾਲਾ ਬਜ਼ੁਰਗ ਦੀ ਮਦਦ ਕਰਨ ''ਤੇ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ, ਸਵਾ 2 ਸਾਲ ਬਾਅਦ ਨਾਜਾਇਜ਼ ਪਰਚੇ ਦਾ ਲੱਗਾ ਪਤਾ

Wednesday, Mar 16, 2022 - 02:38 PM (IST)

ਅੰਮ੍ਰਿਤਸਰ (ਛੀਨਾ) : ਇਕ ਨੌਜਵਾਨ ਨੂੰ 80 ਸਾਲਾ ਬਜ਼ੁਰਗ ਵਿਅਕਤੀ ਦੀ ਮਦਦ ਕਰਨੀ ਇੰਨੀ ਮਹਿੰਗੀ ਪੈ ਗਈ ਹੈ ਕਿ ਹੁਣ ਉਹ ਖੁਦ ਨਾਜਾਇਜ਼ ਪੁਲਸ ਕੇਸ ’ਚ ਉਲਝ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਗੋਰਖੀ ਰੰਧਾਵਾ ਪੁੱਤਰ ਕਸ਼ਮੀਰ ਸਿੰਘ ਵਾਸੀ ਗੁਰਦੇਵ ਨਗਰ ਨੇ ਦੱਸਿਆ ਕਿ 4 ਦਸੰਬਰ 2019 ਨੂੰ ਨਗਰ ਨਿਗਮ ਦੀ ਟੀਮ ਸੁੰਦਰੀਕਰਨ ਦੇ ਬਹਾਨੇ ਖਜ਼ਾਨਾ ਗੇਟ ਸਥਿਤ ਲੋਕਾਂ ਵੱਲੋਂ ਲੀਜ਼ ’ਤੇ ਲਈਆਂ ਥਾਵਾਂ ਢਾਹੁਣ ਪਹੁੰਚੀ ਸੀ। ਇਸ ਸਬੰਧੀ ਇਕ 80 ਸਾਲਾ ਬਜ਼ੁਰਗ ਵਿਅਕਤੀ ਬਲਬੀਰ ਸਿੰਘ ਜਿਸ ਦੀਆਂ 2 ਬੇਟੀਆਂ ਹੀ ਹਨ, ਉਨ੍ਹਾਂ ’ਚੋਂ ਇਕ ਬੇਟੀ ਜੋ ਕਿ ਬਟਾਲਾ ’ਚ ਵਿਆਹੀ ਹੋਈ ਹੈ, ਦਾ ਮੈਨੂੰ ਫੋਨ ਆਇਆ ਕਿ ਖਜ਼ਾਨਾ ਗੇਟ ਜਲਦ ਪਹੁੰਚ ਕੇ ਮੇਰੇ ਪਿਤਾ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਨਾਕਾਰੀ ਅਤੇ ਸੋਨੇ ਦੇ ਪੱਤਰਿਆਂ ਦੀ ਮੁਰੰਮਤ ਦੀ ਸੇਵਾ ਆਰੰਭ

ਗੋਰਖੀ ਰੰਧਾਵਾ ਨੇ ਕਿਹਾ ਕਿ ਜਦੋਂ ਮੈਂ ਖਜ਼ਾਨਾ ਗੇਟ ਪਹੁੰਚਿਆਂ ਤਾਂ ਨਗਰ ਨਿਗਮ ਦੇ ਕੁਝ ਅਧਿਕਾਰੀ ਤੇ ਮੁਲਾਜ਼ਮ ਪੂਰੇ ਲਾਮ-ਲਸ਼ਕਰ ਨਾਲ ਉਕਤ ਬਜ਼ੁਰਗ ਦੀ ਜਗ੍ਹਾ ਢਾਹੁਣ ਲਈ ਤਿਆਰੀਆਂ ਕੱਸੀ ਬੈਠੇ ਸਨ ਪਰ ਉਸ ਤੋਂ ਕੁਝ ਦਿਨ ਪਹਿਲਾਂ ਹੀ ਉਕਤ ਬਜ਼ੁਰਗ ਮਾਣਯੋਗ ਅਦਾਲਤ ਤੋਂ ਸਟੇਅ ਹਾਸਲ ਕਰ ਚੁੱਕਾ ਸੀ ਕਿ ਉਸ ਦੀ ਜਗ੍ਹਾ ਨੂੰ ਨਾ ਢਾਹਿਆ ਜਾਵੇ। ਰੰਧਾਵਾ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਦੋਂ ਮੈਂ ਅਦਾਲਤ ਦੇ ਸਟੇਅ ਦਾ ਹਵਾਲਾ ਦਿੰਦਿਆਂ ਜਗ੍ਹਾ ਨਾ ਢਾਹੁਣ ਦੀ ਅਪੀਲ ਕੀਤੀ ਤਾਂ ਉਨ੍ਹਾਂ ਨੇ ਧੌਂਸ ਜਮਾਉਂਦਿਆਂ ਥਾਣਾ ਗੇਟ ਹਕੀਮਾਂ ਤੋਂ ਪੁਲਸ ਬੁਲਵਾ ਲਈ ਅਤੇ ਸਰਕਾਰੀ ਕੰਮ ’ਚ ਵਿਘਨ ਪਾਉਣ ਦਾ ਬਹਾਨਾ ਬਣਾ ਕੇ ਮੇਰੇ ਖ਼ਿਲਾਫ਼ ਸ਼ਿਕਾਇਤ ਦੇ ਦਿੱਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੱਧੂ ਨੇ ਦਿੱਤਾ ਅਸਤੀਫ਼ਾ

ਗੋਰਖੀ ਰੰਧਾਵਾ ਨੇ ਕਿਹਾ ਕਿ ਪੁਲਸ ਥਾਣੇ ਤੋਂ ਪਹੁੰਚੇ ਐੱਸ. ਐੱਚ. ਓ. ਨੇ ਨਿਗਮ ਅਧਿਕਾਰੀਆਂ ਦੇ ਇਸ਼ਾਰੇ ’ਤੇ ਲੋਕਾਂ ਦੀ ਮੌਜੂਦਗੀ ’ਚ ਮੈਨੂੰ ਜ਼ਲੀਲ ਕਰਨ ਲਈ ਪਹਿਲਾਂ ਅਪਸ਼ਬਦ ਬੋਲੇ ਤੇ ਫਿਰ ਜਬਰੀ ਗੱਡੀ ’ਚ ਬਿਠਾ ਕੇ ਥਾਣੇ ਲੈ ਗਏ ਅਤੇ ਹਵਾਲਾਤ ’ਚ ਬੰਦ ਕਰ ਦਿੱਤਾ। ਰੰਧਾਵਾ ਨੇ ਕਿਹਾ ਕਿ ਰਾਤ ਨੂੰ ਉਕਤ ਐੱਸ. ਐੱਚ. ਓ. ਨੇ ਨਿਗਮ ਅਧਿਕਾਰੀਆਂ ਨਾਲ ਫੈਸਲਾ ਲਿਖ ਕੇ ਮੈਨੂੰ ਛੱਡ ਦਿੱਤਾ ਪਰ ਹੁਣ ਕਰੀਬ ਸਵਾ 2 ਸਾਲ ਬਾਅਦ ਮਾਣਯੋਗ ਅਦਾਲਤ ਵੱਲੋਂ ਮੇਰੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ’ਤੇ ਉਸ ਦਿਨ ਹੀ ਨਾਜਾਇਜ਼ ਪਰਚਾ ਦਰਜ ਕਰ ਦਿੱਤਾ ਗਿਆ ਸੀ, ਜਿਸ ਦੀ ਮੈਨੂੰ ਕਦੇ ਭਿਣਕ ਤੱਕ ਨਹੀਂ ਲੱਗਣ ਦਿੱਤੀ। ਗੋਰਖੀ ਰੰਧਾਵਾ ਨੇ ਕਿਹਾ ਕਿ ਮੈਨੂੰ ਅੱਜ ਅਹਿਸਾਸ ਹੋ ਰਿਹਾ ਹੈ ਕਿ ਇਕ ਬਜ਼ੁਰਗ ਦੇ ਹੱਕ ਦੀ ਗੱਲ ਕਰਨ ਦਾ ਮੈਨੂੰ ਕਿੰਨਾ ਵੱਡਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

ਉਨ੍ਹਾਂ ਕਿਹਾ ਕਿ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ, ਇਸ ਲਈ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਡੀ. ਜੀ. ਪੀ. ਪੰਜਾਬ ਨੂੰ ਹੁਕਮ ਜਾਰੀ ਕਰਕੇ ਸੂਬੇ ’ਚ ਹੋਏ ਨਾਜਾਇਜ਼ ਪਰਚਿਆਂ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਝੂਠੇ ਪਰਚੇ ਦਰਜ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਵੀ ਸਖਤ ਐਕਸ਼ਨ ਲੈਣ ਤਾਂ ਜੋ ਲੋਕਾਂ ਨੂੰ ਵਾਕਿਆ ਹੀ ਪਤਾ ਲੱਗ ਸਕੇ ਕਿ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੁਣ ਆਮ ਲੋਕਾਂ ਦੇ ਹੱਕ ’ਚ ਫੈਸਲੇ ਲੈ ਰਹੀ ਹੈ।


Harnek Seechewal

Content Editor

Related News