ਅੰਮ੍ਰਿਤਸਰ ਦੇ ਵਿਕਾਸ 'ਤੇ ਆਪਣਾ ਰਿਪੋਰਟ ਕਾਰਡ ਜਾਰੀ ਕਰਨ : ਸ਼ਵੇਤ ਮਲਿਕ

Thursday, Jan 31, 2019 - 11:26 AM (IST)

ਅੰਮ੍ਰਿਤਸਰ ਦੇ ਵਿਕਾਸ 'ਤੇ ਆਪਣਾ ਰਿਪੋਰਟ ਕਾਰਡ ਜਾਰੀ ਕਰਨ : ਸ਼ਵੇਤ ਮਲਿਕ

ਅੰਮ੍ਰਿਤਸਰ (ਕਮਲ) : ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਖੁੱਲ੍ਹਾ ਚੈਲੰਜ ਦਿੰਦਿਆਂ ਆਪਣੇ ਸੰਸਦ ਮੈਂਬਰ ਵਜੋਂ ਕਾਰਜਕਾਲ ਤੇ ਪੰਜਾਬ ਸਰਕਾਰ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਪੇਸ਼ ਕਰਨ ਲਈ ਕਿਹਾ ਹੈ। ਮਲਿਕ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ  ਨੇ 14 ਸਾਲ ਦੇ ਕਾਰਜਕਾਲ ਵਿਚ ਅੰਮ੍ਰਿਤਸਰ ਦੇ ਵਿਕਾਸ ਦੇ ਝੂਠੇ ਵਾਅਦੇ ਕਰ ਕੇ ਜਨਤਾ ਨੂੰ ਧੋਖਾ ਦਿੱਤਾ ਹੈ, ਜਦਕਿ ਮੈਂ ਆਪਣੇ ਢਾਈ ਸਾਲ ਦੇ ਕਾਰਜਕਾਲ 'ਚ ਸੰਸਦ ਮੈਂਬਰ ਵਜੋਂ ਆਪਣਾ ਰਿਪੋਰਟ ਕਾਰਡ ਦੇ ਰਿਹਾ ਹਾਂ। ਜੇਕਰ ਕੈਪਟਨ ਤੇ ਸਿੱਧੂ 'ਚ ਹਿੰਮਤ ਹੈ ਤਾਂ ਆਪਣਾ ਰਿਪੋਰਟ ਕਾਰਡ ਪੇਸ਼ ਕਰਨ। ਮਲਿਕ ਨੇ ਕਿਹਾ ਕਿ ਜਦੋਂ  ਉਹ 2016 'ਚ ਸੰਸਦ ਮੈਂਬਰ ਬਣੇ ਤਾਂ ਉਨ੍ਹਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਸੰਸਦ 'ਚ ਉਠਾਇਆ। ਮੋਦੀ ਸਰਕਾਰ ਦੇ ਸਹਿਯੋਗ ਨਾਲ ਅੱਜ ਉਹ ਅੰਮ੍ਰਿਤਸਰ 'ਚ 2 ਸਾਲਾਂ 'ਚ 1500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਉਣ 'ਚ ਸਫਲ ਹੋਏ ਹਨ।

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਮਨਮੋਹਨ ਸਿੰਘ ਸਰਕਾਰ ਨੇ ਦਿੱਲੀ ਵਿਚ ਨਿੱਜੀ ਕੰਪਨੀ ਨੂੰ ਲਾਭ ਦੇਣ ਲਈ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚੀ ਅਤੇ ਚੱਲ ਰਹੀਆਂ ਲਾਭ ਵਾਲੀਆਂ ਚੰਗੀਆਂ ਫਲਾਈਟਸ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਰੇਲਵੇ  ਸਟੇਸ਼ਨ 'ਤੇ 70 ਸਾਲ ਦੇ ਕਾਂਗਰਸ ਦੇ ਕੁਸ਼ਾਸਨ ਵਿਚ 5 ਪਲੇਟਫਾਰਮ, ਢਾਈ ਸਾਲ ਵਿਚ 5 ਨਵੇਂ ਪਲੇਟਫਾਰਮ ਬਣਵਾਏ, 300 ਕਰੋੜ ਨਾਲ ਅੰਮ੍ਰਿਤਸਰ-ਫਿਰੋਜ਼ਪੁਰ ਰੇਲ ਲਾਈਨ ਪ੍ਰਾਜੈਕਟ ਪਾਸ ਕਰਵਾਇਆ, ਜਿਸ ਨਾਲ ਅੰਮ੍ਰਿਤਸਰ ਤੋਂ ਮੁੰਬਈ ਦੀ ਦੂਰੀ 5 ਘੰਟੇ ਘੱਟ ਹੋਵੇਗੀ। ਸਮਾਰਟ ਸਿਟੀ ਪ੍ਰਾਜੈਕਟ ਵਿਚ ਅੰਮ੍ਰਿਤਸਰ 'ਚ 80 ਕਰੋੜ ਦੀ ਲਾਗਤ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ 2019 ਵਿਚ ਭਾਜਪਾ ਹੀ ਦੁਬਾਰਾ ਸੱਤਾ ਵਿਚ ਆਵੇਗੀ। ਮਹਾ ਗਠਜੋੜ ਨੂੰ ਲੋਕ ਮੂੰਹ ਨਹੀਂ ਲਾਉਣਗੇ। ਇਸ ਮੌਕੇ 'ਤੇ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਡਾ. ਹਰਵਿੰਦਰ ਸੰਧੂ, ਮੋਹਿਤ ਖੰਨਾ, ਅਰਜੁਨ ਮਲਿਕ ਤੇ ਹੋਰ ਹਾਜ਼ਰ ਸਨ।


author

Baljeet Kaur

Content Editor

Related News