ਅੰਮ੍ਰਿਤਸਰ ਦੇ ਹਸਪਤਾਲ ’ਚ ਨਹੀਂ ਹੋ ਰਿਹੈ ਸੁਧਾਰ, ਮਰੀਜ਼ਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ
Friday, May 12, 2023 - 04:05 PM (IST)

ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਵਿਚ ਸਿਹਤ ਸੇਵਾਵਾਂ ਬਿਹਤਰ ਹੋਣ ਦੀ ਬਜਾਏ ਵਿਗੜਦੀਆਂ ਜਾ ਰਹੀਆਂ ਹਨ। ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਹੋਰ ਵਿਭਾਗਾਂ ਵਿਚ ਆਪਣੇ ਟੈਸਟ ਕਰਵਾਉਣ ਲਈ ਵੀ ਸਟਰੈਚਰ ਮੁਹੱਈਆਂ ਨਹੀਂ ਹਨ। ਆਲਮ ਇਹ ਹੈ ਕਿ ਸਟ੍ਰੈਚਰ ਨਾ ਮਿਲਣ ਕਾਰਨ ਮਰੀਜ਼ ਵਾਰਡਾਂ ’ਚ ਪਏ ਵੱਡੇ ਪਹੀਏ ਵਾਲੇ ਬੈੱਡ ’ਤੇ ਹੀ ਮਰੀਜ਼ ਨੂੰ ਲੇਟ ਕਿ ਹੋਰ ਵਿਭਾਗਾਂ ’ਚ ਟੈਸਟ ਕਰਵਾਉਣ ਲਈ ਲੈ ਕੇ ਜਾ ਰਹੇ ਹਨ। ਅਜਿਹੇ ਵਿਚ ਜਿੱਥੇ ਸਰਕਾਰੀ ਸਿਸਟਮ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ, ਉੱਥੇ ਹੀ ਮਰੀਜ਼ ਅਧਿਕਾਰੀਆਂ ਨੂੰ ਕੋਸ ਰਹੇ ਹਨ।
ਇਹ ਵੀ ਪੜ੍ਹੋ- ਬਟਾਲਾ ਸਕੂਲ ਦੇ ਵਿਦਿਆਰਥੀਆਂ ਨੇ ਦੁਬਈ ’ਚ ਮਾਰੀਆਂ ਮੱਲਾਂ, ਹਾਸਲ ਕੀਤਾ ਵੱਡਾ ਮੁਕਾਮ
ਜਾਣਕਾਰੀ ਅਨੁਸਾਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਪੰਜਾਬ ਦੇ ਸਭ ਤੋਂ ਵਧੀਆ ਗੁਰੂ ਨਾਨਕ ਦੇਵ ਹਸਪਤਾਲ ਦੇ ਅੰਦਰ ਵਧੀਆ ਸੇਵਾਵਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਵਿਭਾਗ ਦਾ ਇਹ ਦਾਅਵਾ ਸੱਚਾਈ ਤੋਂ ਕੋਹਾਂ ਦੂਰ ਹੈ, ਜਿੱਥੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ ਵਿਚ ਸੇਵਾਵਾਂ ਦਾ ਲਾਭ ਲੈਣ ਲਈ ਮਰੀਜ਼ਾਂ ਨੂੰ ਜਿੱਥੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਐਮਰਜੈਂਸੀ ਅਤੇ ਹੋਰ ਆਉਣ ਵਾਲੇ ਮਰੀਜ਼ਾਂ ਨੂੰ ਸਟ੍ਰੈਚਰ ਤੱਕ ਮੁਹੱਈਆ ਨਹੀਂ ਹੁੰਦੇ, ਇੱਥੋਂ ਤੱਕ ਕਿ ਹਸਪਤਾਲ ਪ੍ਰਬੰਧਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਲੋੜੀਂਦੇ ਸਟ੍ਰੈਚਰ ਹੀ ਮੁਹੱਈਆ ਹਨ ਅਤੇ ਵਾਰਡ ਵਿਚ ਵੀ ਸਟ੍ਰੈਚਰ ਦਿੱਤੇ ਗਏ ਹਨ ਪਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਮਰੀਜ਼ ਨੂੰ ਸਟ੍ਰੈਚਰ ਨਾ ਮਿਲਣ ਕਾਰਨ ਉਸ ਦੇ ਰਿਸ਼ਤੇਦਾਰ ਵਾਰਡ ਵਿਚ ਪਏ ਬੈੱਡ ’ਤੇ ਹੀ ਮਰੀਜ਼ ਨੂੰ ਟੈਸਟ ਕਰਵਾਉਣ ਲਈ ਹੋਰ ਵਿਭਾਗਾਂ ਵਿਚ ਲੈ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ
ਹਾਲਾਤ ਇਹ ਬਣ ਗਏ ਹਨ ਕਿ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਹਸਪਤਾਲ ਦੀ ਹਾਲਤ ਸੁਧਰਨ ਦੀ ਬਜਾਏ ਵਿਗੜਦੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਸਰਕਾਰ ਮਰੀਜ਼ਾਂ ਦੀ ਬਿਹਤਰੀ ਲਈ ਯੋਗ ਕਦਮ ਚੁੱਕਦੀ ਹੈ ਜਾਂ ਪਹਿਲਾਂ ਵਾਂਗ ਹੀ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਹੋਏ ਹਨ। ਇਸੇ ਤਰ੍ਹਾਂ ਸਰਕਾਰ ਆਪਣਾ ਸਮਾਂ ਸਿਰਫ਼ ਇਹ ਦਾਅਵਾ ਕਰ ਕੇ ਹੀ ਬਿਤਾਉਂਦੀ ਹੈ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੀ ਗੱਲ ਕੀਤੀ ਸੀ, ਪਰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਸਿਹਤ ਸੇਵਾਵਾਂ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ। ਗੁਰੂ ਨਾਨਕ ਦੇਵ ਹਸਪਤਾਲ ਵਿਚ ਵੱਡੀਆਂ ਖ਼ਾਮੀਆਂ ਹਨ, ਜਿਨ੍ਹਾਂ ਨੂੰ ਹਾਲੇ ਤੱਕ ਦੂਰ ਨਹੀਂ ਕੀਤਾ ਗਿਆ। ਪ੍ਰਾਈਵੇਟ ਮੈਡੀਕਲ ਸਟੋਰ ਅਤੇ ਲੈਬਾਂ ਵਿਚ ਕਰਿੰਦਿਆਂ ਦੀ ਵੀ ਭਰਮਾਰ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।