ਅੰਮ੍ਰਿਤਸਰ : ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸਮੂਹ ਸਿੱਖ ਸੰਪ੍ਰਦਾਵਾਂ ਦੀ ਹੋਈ ਇਕੱਤਰਤਾ
Saturday, Apr 03, 2021 - 07:17 PM (IST)
ਅੰਮ੍ਰਿਤਸਰ (ਬਿਊਰੋ) : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ ਤਹਿਤ ਸੰਤ-ਮਹਾਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰਸੇਵਾ ਵਾਲੇ ਮਹਾਪੁਰਸ਼ਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਬੁਲਾਈ ਗਈ। ਇਕੱਤਰਤਾ ’ਚ ਸਿੰਘ ਸਾਹਿਬਾਨ ਸਮੇਤ ਵੱਖ-ਵੱਖ ਸੰਪ੍ਰਦਾਵਾਂ ਦੇ ਮੁਖੀ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਮੈਂਬਰ ਸਾਹਿਬਾਨ, ਅਧਿਕਾਰੀ ਹਾਜ਼ਰ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਪੰਥ ਵੱਲੋਂ 1 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ, ਉਸ ਸਮੇਂ ਦੇਸ਼ ’ਚ ਫਿਰਕਾਪ੍ਰਸਤੀ ਫੈਲੀ ਹੋਈ ਸੀ। ਉਸ ਸਮੇਂ ਦੇ ਹਾਕਮ ਹਿੰਦੂਆਂ ਦਾ ਜਬਰੀ ਧਰਮ ਤਬਦੀਲ ਕਰ ਰਹੇ ਸਨ। ਨੌਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ’ਚ ਫਿਰਕਾਪ੍ਰਸਤੀ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਰਪ੍ਰਸਤੀ ਹੇਠ ਘੱਟਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ, ਜੋ ਸਹੀ ਨਹੀਂ ਹੈ। ਉਨ੍ਹਾਂ ਸਮੁੱਚੇ ਪੰਥ ਨੂੰ ਸ਼ਤਾਬਦੀ ਸਮਾਗਮਾਂ ’ਚ ਵਧ-ਚੜ੍ਹ ਕੇ ਹਾਜ਼ਰੀਆਂ ਭਰਨ ਦੀ ਅਪੀਲ ਵੀ ਕੀਤੀ।
ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰਤਾ ’ਚ ਹਾਜ਼ਰ ਹੋਣ ’ਤੇ ਜੀ ਆਇਆਂ ਆਖਿਆ। ਉਨ੍ਹਾਂ ਸਮੁੱਚੀਆਂ ਜਥੇਬੰਦੀਆਂ ਨੂੰ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪੋ-ਆਪਣੇ ਇਲਾਕੇ ’ਚ ਗੁਰਮਤਿ ਸਮਾਗਮਾਂ ਰਾਹੀਂ ਪ੍ਰਚਾਰ ਕਰਨ ਲਈ ਪ੍ਰੇਰਣਾ ਕੀਤੀ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮਨਾਉਂਦਿਆਂ ਸਾਰਿਆਂ ਵੱਲੋਂ ਰਲ ਕੇ ਵਾਤਾਵਰਣ ਸੰਭਾਲ ਲਹਿਰ ਚਲਾਈ ਜਾਵੇ। ਉਨ੍ਹਾਂ ਸ਼ਤਾਬਦੀ ਸਮਾਗਮਾਂ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਹੀ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ, ਜਿਸ ਪ੍ਰਤੀ ਸੰਗਤਾਂ ’ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸ਼ਤਾਬਦੀ ਨਾਲ ਸਬੰਧਤ ਬਾਕੀ ਸਮਾਗਮ ਵੀ ਯਾਦਗਾਰੀ ਹੋਣਗੇ। ਅੱਜ ਦੀ ਇਕੱਤਰਤਾ ਦੌਰਾਨ ਸਮੂਹ ਸਿੱਖ ਸੰਪ੍ਰਦਾਵਾਂ ਵੱਲੋਂ ਜੋ ਵੀ ਸੁਝਾਅ ਦਿੱਤੇ ਗਏ ਹਨ, ਸ਼੍ਰੋਮਣੀ ਕਮੇਟੀ ਉਨ੍ਹਾਂ ’ਤੇ ਅਮਲ ਕਰਨ ਦਾ ਯਤਨ ਕਰੇਗੀ।