ਵਾਹਨ ਰੋਕਣ ਦੇ ਤੁਗਲਕੀ ਫਰਮਾਨ ’ਤੇ ਜੀ. ਐੱਨ. ਡੀ. ਯੂ. ਦੇ ਵਿਦਿਆਰਥੀਆਂ ਦਿਖਾਇਆ ਰੋਹ
Friday, Nov 02, 2018 - 04:53 PM (IST)

ਅੰਮ੍ਰਿਤਸਰ (ਜ.ਬ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੈਂਪਸ ਨੂੰ ਪ੍ਰਦੂਸ਼ਣ-ਮੁਕਤ ਕਰਨ ਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਮੱਦੇਨਜ਼ਰ ਵਾਹਨਾਂ ਦੇ ਆਉਣ-ਜਾਣ ’ਤੇ ਪਾਬੰਦੀ ਲਾ ਕੇ ਸ਼ੁਰੂ ਕੀਤੀਅਾਂ ਪਾਰਕਿੰਗਾਂ ਦੇ ਵਿਰੋਧ ’ਚ ਅੱਜ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਦੋਵਾਂ ਗੇਟਾਂ ’ਤੇ ਅਣਮਿੱਥੇ ਸਮੇਂ ਲਈ ਧਰਨਾ ਦੇ ਦਿੱਤਾ। ਵਿਦਿਆਰਥੀ ਭਾਰੀ-ਭਰਕਮ ਫੀਸਾਂ ਨਾਲ ਵਾਹਨ ਨੂੰ ਪਾਰਕਿੰਗਾਂ ਵਿਚ ਲਾਉਣ ਤੇ ਸਾਈਕਲ ਸੇਵਾ ਦੇ ਨਾਂ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਵਪਾਰ ਦਾ ਵਿਰੋਧ ਕਰ ਰਹੇ ਸਨ। ®ਵਰਣਨਯੋਗ ਹੈ ਕਿ ਜੀ. ਐੱਨ. ਡੀ. ਯੂ. ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਕੈਂਪਸ ਦੇ ਵਾਤਾਵਰਣ ਨੂੰ ਬਚਾਉਣ ਤੇ ਗ਼ੈਰ-ਕਾਨੂੰਨੀ ਢੰਗ ਨਾਲ ਵਾਹਨਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ। ਇਸ ਦੇ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਜੀ. ਐੱਨ. ਡੀ. ਯੂ. ਦੇ ਦੋਵਾਂ ਗੇਟਾਂ ’ਤੇ ਵਿਸ਼ਾਲ ਪਾਰਕਿੰਗਾਂ ਦੀ ਉਸਾਰੀ ਕਰਵਾਈ ਗਈ, ਜਿਨ੍ਹਾਂ ਵਿਚ ਦੋਪਹੀਆ ਤੇ ਚਾਰ-ਪਹੀਆ ਵਾਹਨ ਪਾਰਕ ਕਰਨ ਦੀ ਫੀਸ 75 ਤੇ 150 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਸ ਤੋਂ ਇਲਾਵਾ ਪ੍ਰਤੀ ਮਹੀਨਾ ਸਾਈਕਲ ਦਾ ਖਰਚ 175 ਰੁਪਏ ਰੱਖਿਆ ਗਿਆ ਹੈ। ਜੀ. ਐੱਨ. ਡੀ. ਯੂ. ਦੇ ਇਸ ਫਰਮਾਨ ਨੂੰ ਤਾਨਾਸ਼ਾਹੀ ਕਰਾਰ ਦਿੰਦਿਅਾਂ ਵਿਦਿਆਰਥੀਆਂ ਵੱਲੋਂ ਅੱਜ ਜਮਾਤਾਂ ਦਾ ਬਾਈਕਾਟ ਕੀਤਾ ਗਿ ਦਿਨ ਵਿਦਿਆਰਥੀ ਕੈਂਪਸ ਵਿਚ ਜੀ. ਐੱਨ. ਡੀ. ਯੂ. ਵੀ. ਸੀ. ਦੀਅਾਂ ਵਿਦਿਆਰਥੀ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ ਤੇ ਇਸ ਦੌਰਾਨ ਘਟੀਆ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਕੈਂਪਸ ਵਿਚ ਵਾਹਨਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਰਿਅਾਂ ਲਈ ਇਕ ਹੀ ਨਿਯਮ ਲਾਗੂ ਕੀਤਾ ਜਾਵੇ, ਜਦੋਂ ਕਿ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਦੇ ਵੀ. ਸੀ. ਨੇ ਵੱਖ-ਵੱਖ ਨਿਯਮ ਬਣਾ ਦਿੱਤੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਵੀ. ਸੀ. ਨੇ ਆਪਣੇ ਚਹੇਤਿਆਂ ਦੀ ਇਕ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਸਾਈਕਲ ਸਟੈਂਡ ਦੇ ਨਾਂ ’ਤੇ ਵਿਦਿਆਰਥੀਆਂ ’ਤੇ ਪ੍ਰਤੀ ਮਹੀਨਾ 1000 ਰੁਪਏ ਦਾ ਜਜੀਆ ਲਾ ਦਿੱਤਾ ਹੈ। ਇਕ ਘੰਟੇ ਤੱਕ ਕਰਮਚਾਰੀਆਂ ਨੂੰ ਰੋਕ ਕੇ ਰੱਖਿਆ ਕੈਂਪਸ ’ਚ : ਵਿਦਿਆਰਥੀਆਂ ਵਿਚ ਤਾਨਾਸ਼ਾਹੀ ਫਰਮਾਨ ਖਿਲਾਫ ਇਸ ਕਦਰ ਰੋਸ ਸੀ ਕਿ ਉਨ੍ਹਾਂ ਨੇ ਇਕ ਘੰਟੇ ਤੱਕ ਕਰਮਚਾਰੀਆਂ ਤੇ ਸਟਾਫ ਨੂੰ ਵੀ ਕੈਂਪਸ ਵਿਚ ਰੋਕ ਕੇ ਰੱਖਿਆ। ਦੇਰ ਸ਼ਾਮ 5 ਵਜੇ ਜਦੋਂ ਕੈਂਪਸ ਵਿਚ ਛੁੱਟੀ ਹੋਈ ਤਾਂ ਵਿਦਿਆਰਥੀਆਂ ਨੇ ਦੋਵੇਂ ਗੇਟ ਬੰਦ ਕਰ ਦਿੱਤੇ ਅਤੇ ਕਿਸੇ ਨੂੰ ਵੀ ਨਾ ਤਾਂ ਅੰਦਰ ਜਾਣ ਦਿੱਤਾ ਤੇ ਨਾ ਹੀ ਬਾਹਰ ਨਿਕਲਣ ਦਿੱਤਾ। ਦੇਰ ਸ਼ਾਮ ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ, ਡੀਨ ਵਿਦਿਆਰਥੀ ਕਲਿਆਣ ਡਾ. ਐੱਸ. ਐੱਸ. ਬਹਿਲ ਤੇ ਰਜਿਸਟਰਾਰ ਡਾ. ਕੇ. ਐੱਸ. ਕਾਹਲੋਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਮੰਗਾਂ ਦਾ ਪੱਤਰ ਲਿਆ ਤੇ ਕੱਲ ਉਨ੍ਹਾਂ ਦੀ ਮੁਸ਼ਕਿਲ ਹੱਲ ਕਰਨ ਦਾ ਵਿਸ਼ਵਾਸ ਦਿੰਦਿਅਾਂ ਧਰਨਾ ਹਟਾਇਆ। ਉਧਰ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਸ਼ੁੱਕਰਵਾਰ ਵੀ ਸਵੀਕਾਰ ਨਹੀਂ ਕੀਤਾ ਗਿਆ ਤਾਂ ਉਹ ਦੁਬਾਰਾ ਕੈਂਪਸ ਨੂੰ ਸੰਘਰਸ਼ ਦੇ ਅਖਾਡ਼ੇ ਵਿਚ ਤਬਦੀਲ ਕਰ ਦੇਣਗੇ। ਵੀ. ਸੀ. ਦੇ ਖਾਸ ਵੀ ਸ਼ਾਮਿਲ ਹੋਏ ਧਰਨੇ ’ਚ : ਧਰਨੇ ਦੌਰਾਨ ਹੈਰਾਨੀ ਦੀ ਗੱਲ ਇਹ ਰਹੀ ਕਿ ਕੁਝ ਸਮਾਂ ਪਹਿਲਾਂ ਜੋ ਵਿਦਿਆਰਥੀ ਯੂਨੀਵਰਸਿਟੀ ਦੇ ਵੀ. ਸੀ. ਦੇ ਪੱਖ ਵਿਚ ਵੱਖ-ਵੱਖ ਅਥਾਰਟੀਜ਼ ਕੋਲ ਬਿਆਨ ਦਿੰਦੇ ਸਨ, ਉਥੇ ਉਹ ਵੀ ਅੱਜ ਪ੍ਰਦਰਸ਼ਨ ਦੌਰਾਨ ਵੀ. ਸੀ. ਖਿਲਾਫ ਖੁੱਲ੍ਹੇਆਮ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ। ਧਰਨੇ ’ਤੇ ਬੈਠੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਅਾਂ ਵਿਦਿਆਰਥੀ ਪ੍ਰਤੀਨਿਧੀਆਂ ਹਰਪ੍ਰੀਤ ਸਿੰਘ, ਵਰੁਣਦੀਪ, ਸੁਮਿਤ ਢਿੱਲੋਂ, ਅਕਸ਼ੇ ਕੁਮਾਰ, ਅਨਿਲ ਕੁਮਾਰ, ਸੁਮਿਤ, ਰਾਹੁਲ ਤੇ ਮਨਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੀ. ਸੀ. ਡਾ. ਜਸਪਾਲ ਸਿੰਘ ਨੇ ਕੈਂਪਸ ਨੂੰ ਵਾਤਾਵਰਣ ਫ੍ਰੈਂਡਲੀ ਬਣਾਉਣ ਲਈ ਕੈਂਪਸ ਦੇ ਅੰਦਰ-ਬਾਹਰ ਲਿਜਾਣ ’ਤੇ ਰੋਕ ਲਾ ਦਿੱਤੀ ਹੈ, ਜੋ ਸਿਰਫ ਵਿਦਿਆਰਥੀਆਂ ਦੇ ਵਾਹਨਾਂ ’ਤੇ ਹੀ ਲਾਈ ਗਈ ਹੈ, ਜਦੋਂ ਕਿ ਜੀ. ਐੱਨ. ਡੀ. ਯੂ. ਦੇ ਟੀਚਿੰਗ, ਨਾਨ-ਟੀਚਿੰਗ ਸਟਾਫ, ਕੈਂਪਸ ਦੀ ਮੈੱਸ, ਹੋਸਟਲ ਦੇ ਕਰਮਚਾਰੀਆਂ, ਕੰਨਟੀਨਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵਾਹਨਾਂ ’ਤੇ ਨਹੀਂ ਲਾਈ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੀ. ਸੀ. ਆਪਣਾ ਵਿਦਿਆਰਥੀ ਵਿਰੋਧੀ ਫੈਸਲਾ ਵਾਪਸ ਨਹੀਂ ਲੈਂਦੇ ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਉਧਰ ਜੀ. ਐੱਨ. ਡੀ. ਯੂ. ਦੇ ਰਜਿਸਟਰਾਰ ਡਾ. ਕੇ. ਐੱਸ. ਕਾਹਲੋਂ ਨੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀ ਵਿਦਿਆਰਥੀਆਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।