ਸਿਵਲ ਸਰਜਨ ਦਫ਼ਤਰ ਦੀ ਅਕਾਊਟ ਬ੍ਰਾਂਚ ਫ਼ਿਰ ਵਿਵਾਦਾਂ ’ਚ

Friday, Dec 25, 2020 - 04:56 PM (IST)

ਸਿਵਲ ਸਰਜਨ ਦਫ਼ਤਰ ਦੀ ਅਕਾਊਟ ਬ੍ਰਾਂਚ ਫ਼ਿਰ ਵਿਵਾਦਾਂ ’ਚ

ਅੰਮ੍ਰਿਤਸਰ (ਦਲਜੀਤ): ਸਿਵਲ ਸਰਜਨ ਦਫ਼ਤਰ ਦੀ ਅਕਾਊਂਟ ਬ੍ਰਾਂਚ ਵਲੋਂ ਸਿਵਲ ਹਸਪਤਾਲ ਦੇ ਸਾਬਕਾ ਐੱਸ. ਐੱਮ. ਓ. ਅਤੇ ਕੋਰੋਨਾ ਯੋਧਾ ਸਵ. ਡਾ. ਅਰੁਣ ਸ਼ਰਮਾ ਦੇ ਵਿੱਤੀ ਲਾਭਾਂ ਸਬੰਧੀ ਦਸਤਾਵੇਜ਼ਾਂ ’ਚ ਦੇਰੀ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਹੁਣ ਸਹਾਇਕ ਮਲੇਰੀਆ ਅਧਿਕਾਰੀ ਵਲੋਂ ਬ੍ਰਾਂਚ ਦੀ ਮਹਿਲਾ ਸੁਪਰਡੈਂਟ ’ਤੇ ਜਾਣਬੁੱਝ ਕੇ ਉਨ੍ਹਾਂ ਦੀ ਤਨਖ਼ਾਹ ਰੋਕਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਤਨਖਾਹ ਜਾਰੀ ਕਰਨ ਵਾਲੇ ਸਹਾਇਕ ਸਿਵਲ ਸਰਜਨ ਡੀ. ਡੀ. ਓ. ਵਲੋਂ ਤਨਖਾਹ ਜਾਰੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਪਰ ਉਕਤ ਮਹਿਲਾ ਸੁਪਰਡੈਂਟ ਉਸਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਹੈ । ਸਿਹਤ ਵਿਭਾਗ ਦੇ ਸਹਾਇਕ ਮਲੇਰੀਆ ਅਧਿਕਾਰੀ ਗੋਵਿੰਦ ਮਹਿਤਾ ਨੇ ਕਿਹਾ ਕਿ ਅਕਾਊਂਟ ਬ੍ਰਾਂਚ ਵਿਚ ਤਾਇਨਾਤ ਸ਼ਰਨਜੀਤ ਕੌਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਤਨਖਾਹ ਸਬੰਧੀ ਉਨ੍ਹਾਂ ਦੇ ਡੀ. ਡੀ. ਓ. ਸਹਾਇਕ ਸਿਵਲ ਸਰਜਨ ਵੱਲੋਂ ਸਪੱਸ਼ਟ ਤੌਰ ’ਤੇ ਉਸਦੀ ਤਨਖਾਹ ਜਾਰੀ ਕਰਨ ਸਬੰਧੀ ਅਕਾਉਂਟ ਬ੍ਰਾਂਚ ’ਚ ਨਿਰਦੇਸ਼ ਦਿੱਤੇ ਗਏ ਹਨ ਪਰ ਬ੍ਰਾਂਚ ’ਚ ਤਾਇਨਾਤ ਸੁਪਰਡੈਂਟ ਕਹਿ ਰਹੀ ਹੈ ਕਿ ਉਹ ਕਿਸੇ ਹੋਰ ਅਧਿਕਾਰੀ ਤੋਂ ਬਿੱਲ ਵੈਰੀਫਾਈ ਕਰਵਾ ਕੇ ਲਿਆਏ।

ਇਹ ਵੀ ਪੜ੍ਹੋ : ਹੈਵਾਨੀਅਤ : ਬਠਿੰਡਾ ’ਚ 4 ਸਾਲਾ ਬੱਚੀ ਨਾਲ ਦੋ ਵਿਅਕਤੀਆਂ ਨੇ ਕੀਤਾ ਜਬਰ-ਜ਼ਿਨਾਹ

ਗੋਵਿੰਦ ਮਹਿਤਾ ਦਾ ਇਲਜ਼ਾਮ ਹੈ ਕਿ ਰੂਟੀਨ ’ਚ ਉਹ ਪਹਿਲਾਂ ਵੀ ਇਸ ਤਰ੍ਹਾਂ ਆਪਣੇ ਬਿੱਲ ਭੇਜ ਦਿੰਦੇ ਸਨ ਅਤੇ ਜਿਹੜੇ ਅਧਿਕਾਰੀ ਤੋਂ ਉਹ ਬਿੱਲ ਨੂੰ ਵੈਰੀਫਾਈ ਕਰਵਾਉਣ ਦੀ ਗੱਲ ਕਰ ਰਹੀ ਹੈ, ਉਹ ਸਹਾਇਕ ਸਿਵਲ ਸਰਜਨ ਤੋਂ ਰੁਤਬੇ ਵਿਚ ਵੀ ਛੋਟਾ ਹੈ ਅਤੇ ਨਿਯਮਾਂ ਅਨੁਸਾਰ ਵੀ ਸਹਾਇਕ ਸਿਵਲ ਸਰਜਨ ਨੇ ਹੀ ਵੈਰੀਫਾਈ ਕਰ ਕੇ ਬਿੱਲ ਅਕਾਊਂਟ ਬ੍ਰਾਂਚ ਵਿਚ ਭੇਜੇ ਹਨ। ਪਿਛਲੇ ਮਹੀਨੇ ਵੀ ਇਸੇ ਤਰ੍ਹਾਂ ਉਸਨੂੰ ਪ੍ਰੇਸ਼ਾਨ ਕੀਤਾ ਗਿਆ ਸੀ ਅਤੇ ਉਦੋਂ ਵੀ ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਜਾਰੀ ਹੋਈ ਸੀ। ਗੋਵਿੰਦ ਮਹਿਤਾ ਨੇ ਕਿਹਾ ਕਿ ਤਨਖਾਹ ਨਾ ਮਿਲਣ ਕਾਰਣ ਉਸਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੂੰ ਵੱਖ-ਵੱਖ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਪਰ ਆਪਣੀ ਹੀ ਮਿਹਨਤ ਦੀ ਕਮਾਈ ਨਹੀਂ ਮਿਲ ਰਹੀ ਹੈ। ਉਨ੍ਹਾਂ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਉੱਧਰ ਦੂਜੇ ਪਾਸੇ ਅਕਾਉਂਟ ਬ੍ਰਾਂਚ ’ਚ ਤਾਇਨਾਤ ਸੁਪਰਡੈਂਟ ਸ਼ਰਨਜੀਤ ਕੌਰ ਨੇ ਕਿਹਾ ਕਿ ਗੋਵਿੰਦ ਮਹਿਤਾ ਵਲੋਂ ਲਾਏ ਗਏ ਦੋਸ਼ ਬੇਬੁਨਿਆਦ ਹੈ। ਉਨ੍ਹਾਂ ਨੇ ਆਪਣੀ ਹਾਜ਼ਰੀ ਜੂਨੀਅਰ ਤੋਂ ਟੈਸਟ ਕਰਵਾ ਕੇ ਭੇਜੀ ਹੈ। ਉਨ੍ਹਾਂ ਨੂੰ ਸਿਰਫ਼ ਇਹੀ ਕਿਹਾ ਗਿਆ ਹੈ ਕਿ ਸੀਨੀਅਰ ਅਧਿਕਾਰੀ ਤੋਂ ਵੈਰੀਫ਼ਾਈ ਕਰਵਾ ਕੇ ਲਿਆਏ। ਨਿਯਮਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਕਰਮਚਾਰੀ ਦੀ ਤਨਖ਼ਾਹ ਨਹੀਂ ਰੋਕੀ ਜਾ ਰਹੀ।


author

Baljeet Kaur

Content Editor

Related News