ਅਗਨੀਪਥ ਸਕੀਮ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨ ਕਰ DC ਨੂੰ ਦਿੱਤਾ ਮੰਗ ਪੱਤਰ

Friday, Jun 24, 2022 - 03:48 PM (IST)

ਅਗਨੀਪਥ ਸਕੀਮ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨ ਕਰ DC ਨੂੰ ਦਿੱਤਾ ਮੰਗ ਪੱਤਰ

ਗੁਰਦਾਸਪੁਰ (ਵਿਨੋਦ) - ਅਗਨੀਪਥ ਸਕੀਮ ਨੂੰ ਰੱਦ ਕਰਵਾਉਣ ਅਤੇ ਰੈਗੂਲਰ ਭਰਤੀ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਨਹਿਰੂ ਪਾਰਕ ’ਚ ਰੋਸ ਰੈਲੀ ਕੀਤੀ। ਇਸ ਦੌਰਾਨ ਸ਼ਹਿਰ ਵਿੱਚ ਮਾਰਚ ਕਰਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਰਾਹੀਂ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਰੈਲੀ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਰਾਜੂ ਔਲਖ, ਅਜੀਤ ਸਿੰਘ ਹੁੰਦਲ, ਅਸ਼ਵਨੀ ਕੁਮਾਰ ਲੱਖਣਕਲਾਂ, ਗੁਰਵਿੰਦਰ ਸਿੰਘ ਜੀਵਨ ਚੱਕ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਅਸ਼ਵਨੀ ਕੁਮਾਰ ਹੈਪੀ ਨੇ ਸਾਂਝੇ ਤੌਰ ’ਤੇ ਕੀਤੀ।

ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਫੌਜ ਵਿੱਚ ਭਰਤੀ ਲਈ ਅਗਨੀਪਥ ਸਕੀਮ ਨੂੰ ਤੁਰੰਤ ਰੱਦ ਕੀਤਾ ਜਾਵੇ, ਕਿਉਂਕਿ ਇਹ ਸਕੀਮ ਰੁਜ਼ਗਾਰ ਵਿਰੋਧੀ ਹੋਣ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਵਿਰੋਧੀ ਹੈ। ਪੱਕੇ ਰੁਜ਼ਗਾਰ ਦੀ ਗਰੰਟੀ ਦੀ ਅਣਹੋਂਦ ਵਿੱਚ ਸਿਰਫ 4 ਸਾਲ ਲਈ ਫੌਜ ਵਿੱਚ ਭਰਤੀ ਜਵਾਨ ਦੇਸ਼ ਭਗਤੀ ਦੀ ਭਾਵਨਾ ਨਾਲ ਸੇਵਾ ਨਹੀਂ ਕਰ ਪਾਉਣਗੇ। ਅਗਨੀਪਥ ਸਕੀਮ ਦੀ ਜਗਾਂ ਸਭ ਨੂੰ ਪੱਕਾ ਰੁਜ਼ਗਾਰ ਦੇਣ ਲਈ ਪਾਰਲੀਮੈਂਟ ਵਿੱਚ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕੀਤਾ ਜਾਵੇ ਅਤੇ ਹਰ ਇਕ ਨੂੰ ਪੱਕਾ ਰੁਜ਼ਗਾਰ ਮਿਲ ਸਕੇ। ਇਸ ਕਾਨੂੰਨ ਤਹਿਤ ਕੰਮ ਕਰਨ ਵਾਲੇ ਫੌਜ ਵਿੱਚ ਹੀ ਸਗੋਂ ਹਰ ਖੇਤਰ ਵਿੱਚ ਸੱਚੀ ਦੇਸ਼ ਭਗਤੀ ਨਾਲ ਕੰਮ ਕਰਨਗੇ ਅਤੇ ਅਸਲੀ ਵਿਕਾਸ ਕਰਨਗੇ। 

ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਸਰੀਰਕ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰਾਂ ਦੀ ਲਿਖਤ ਪ੍ਰੀਖਿਆ ਲਈ ਤਾਰੀਖ ਦਾ ਤੁਰੰਤ ਐਲਾਨ ਕੀਤਾ ਜਾਵੇ ਅਤੇ ਉਮੀਦਵਾਰਾਂ ਨੂੰ 2 ਸਾਲ ਦੀ ਛੋਟ ਦਿੱਤੀ ਜਾਵੇ। ਅਗਨੀਪਥ ਸਕੀਮ ਵਿਰੁੱਧ ਸੰਘਰਸ਼ ਕਰ ਰਹੇ ਆਗੂਆਂ/ਵਰਕਰਾਂ ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਕਪੂਰ ਸਿੰਘ ਘੁੰਮਣ, ਗੁਰਭੇਜ ਸਿੰਘ, ਅਬਿਨਾਸ਼ ਸਿੰਘ, ਅਮਰਜੀਤ ਸਿੰਘ ਸੈਣੀ ਸੰਤ ਨਗਰ ਆਦਿ ਨੇ ਸੰਬੋਧਨ ਕੀਤਾ।    


author

rajwinder kaur

Content Editor

Related News