ਫ਼ਲਾਈਟ ਲੈਫ਼ਟੀਨੈਂਟ ਬਣੇ ਅਰਸ਼ਦੀਪ ਤੇ ਪਰਿਵਾਰ ਨੂੰ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ
Wednesday, Aug 19, 2026 - 03:52 AM (IST)
ਅੰਮ੍ਰਿਤਸਰ (ਸਰਬਜੀਤ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਯੂ.ਕੇ. ਦੀ ਹਵਾਈ ਫ਼ੌਜ ਵਿਚ ਫ਼ਲਾਈਟ ਲੈਫ਼ਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਵਾਲੇ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਸਮੁੱਚੇ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਨੇ ਆਪਣੀ ਮਿਹਨਤ, ਲਗਨ, ਯੋਗਤਾ ਅਤੇ ਸਮਰਪਣ ਨਾਲ ਵਿਦੇਸ਼ ਦੀ ਧਰਤੀ ’ਤੇ ਸਿੱਖ ਨੌਜਵਾਨਾਂ ਦੀ ਸਮਰੱਥਾ ਦਾ ਮਾਣ ਵਧਾਇਆ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂ.ਕੇ. ਦੀ ਹਵਾਈ ਫ਼ੌਜ ਵਿਚ ਇਸ ਪੱਧਰ ਦੀ ਪ੍ਰਾਪਤੀ ਹਾਸਲ ਕਰਨਾ ਵਿਲੱਖਣ ਕਾਮਯਾਬੀ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਨੇ ਜਿੱਥੇ ਆਪਣੇ ਮਾਪਿਆਂ, ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਉਨ੍ਹਾਂ ਦੀ ਇਹ ਪ੍ਰਾਪਤੀ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਵੀ ਮਾਣ ਅਤੇ ਪ੍ਰੇਰਨਾ ਵਾਲੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੇ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਆਪਣੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਅਰਸ਼ਦੀਪ ਸਿੰਘ ਦੀ ਪ੍ਰਾਪਤੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਨੌਜਵਾਨ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ਨਾਲ ਉੱਚੀਆਂ ਮੰਜ਼ਿਲਾਂ ਹਾਸਲ ਕਰ ਸਕਦੇ ਹਨ। ਉਨ੍ਹਾਂ ਅਰਸ਼ਦੀਪ ਸਿੰਘ, ਉਨ੍ਹਾਂ ਦੇ ਪਿਤਾ ਜਗਦੀਪ ਸਿੰਘ, ਮਾਤਾ ਬੀਬੀ ਗਗਨਦੀਪ ਕੌਰ ਅਤੇ ਸਮੁੱਚੇ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਉਹ ਭਵਿੱਖ ਵਿੱਚ ਵੀ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਹੋਰ ਉੱਚੀਆਂ ਪ੍ਰਾਪਤੀਆਂ ਹਾਸਲ ਕਰਨ ਅਤੇ ਆਪਣੇ ਪਰਿਵਾਰ, ਸਿੱਖ ਕੌਮ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ।
