ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ
Friday, Sep 11, 2026 - 12:29 PM (IST)
ਅੰਮ੍ਰਿਤਸਰ(ਸਰਬਜੀਤ)- ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ ਪੋਸਟਰ ਵਿਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਦੇ ਦਿੱਲੀ ਸਥਿਤ ਦੂਤਾਵਾਸ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ ਪ੍ਰਗਟ ਕੀਤਾ ਹੈ। ਐਡਵੋਕੇਟ ਧਾਮੀ ਨੇ ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਵੀ ਇਹ ਮਾਮਲਾ ਕੂਟਨੀਤਕ ਤੌਰ ’ਤੇ ਅਮਰੀਕਾ ਸਰਕਾਰ ਕੋਲ ਉਠਾਉਣ ਲਈ ਆਖਿਆ ਹੈ।
ਇਹ ਵੀ ਪੜ੍ਹੋ- ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ
ਐਡਵੋਕੇਟ ਧਾਮੀ ਨੇ ਕਿਹਾ ਕਿ ਅਮਰੀਕਾ ਦੇ ਵਿਕਾਸ ਅਤੇ ਆਰਥਿਕ ਤਰੱਕੀ ਵਿਚ ਪੰਜਾਬੀਆਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਹੁਨਰ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਹੈ। ਟਰੱਕਿੰਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਿੱਖ ਅਤੇ ਪੰਜਾਬੀ ਆਪਣੀ ਮਿਹਨਤ ਨਾਲ ਅੱਗੇ ਵਧੇ ਹਨ ਅਤੇ ਅਮਰੀਕੀ ਸਮਾਜ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੋਸਟਰ ਵਿਚ ਮਿਸਟਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਕੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਸਲੀ ਅਤੇ ਭਾਈਚਾਰਕ ਪੱਖਪਾਤ ਵਾਲੀ ਸੋਚ ਨੂੰ ਦਰਸਾਉਂਦਾ ਹੈ। ਵਿਕਸਤ ਕਹੇ ਜਾਣ ਵਾਲੇ ਦੇਸ਼ ਲਈ ਅਜਿਹੀ ਸੋਚ ਹੋਰ ਵੀ ਦੁਖਦਾਈ ਅਤੇ ਚਿੰਤਾਜਨਕ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਨੂੰ ਉਸ ਦੀ ਧਾਰਮਿਕ ਪਛਾਣ, ਨਾਮ ਜਾਂ ਪਹਿਰਾਵੇ ਦੇ ਆਧਾਰ ’ਤੇ ਨਿਸ਼ਾਨਾ ਬਨਾਉਣਾ ਸੱਭਿਅਕ ਸਮਾਜ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਰਾਹੀਂ ਪ੍ਰਵਾਸੀ ਭਾਈਚਾਰਿਆਂ ਨੂੰ ਡਰਾਉਣ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਅਮਰੀਕਾ ਦੀ ਬਹੁ-ਸੱਭਿਆਚਾਰਕ ਪਛਾਣ ਨਾਲ ਵੀ ਮੇਲ ਨਹੀਂ ਖਾਂਦੀ।
ਇਹ ਵੀ ਪੜ੍ਹੋ-ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ 3 ਘੰਟੇ ਰਹੇਗਾ ਚੱਕਾ ਜਾਮ
ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਸ਼ਵ ਭਰ ਵਿਚ ਆਪਣੀ ਮਿਹਨਤ ਅਤੇ ਮਨੁੱਖਤਾ ਦੀ ਸੇਵਾ ਲਈ ਜਾਣੀ ਜਾਂਦੀ ਹੈ। ਕਿਸੇ ਵਿਅਕਤੀ ਵਿਸ਼ੇਸ਼ ਦੇ ਵਾਹਨ ਚਲਾਉਣ ਨਾਲ ਸਬੰਧਤ ਮਾਮਲੇ ਨੂੰ ਪੂਰੇ ਪੰਜਾਬੀ ਜਾਂ ਸਿੱਖ ਭਾਈਚਾਰੇ ਨਾਲ ਜੋੜ ਕੇ ਦੇਖਣਾ ਸਰਾਸਰ ਅਨਿਆਂ ਅਤੇ ਨਾ-ਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਵੱਖ-ਵੱਖ ਭਾਈਚਾਰਿਆਂ ਦੀ ਆਪਸੀ ਸਾਂਝ ਅਤੇ ਮਿਲਵਰਤਣ ਲਈ ਵੀ ਖ਼ਤਰਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਜਿਹੇ ਚਿੰਤਾਜਨਕ ਅਤੇ ਸਿੱਖ ਸਮਾਜ ਪ੍ਰਤੀ ਨਫ਼ਰਤੀ ਵਰਤਾਰੇ ਵਾਲੇ ਮਾਮਲੇ ਨੂੰ ਅਮਰੀਕਾ ਸਰਕਾਰ ਪਾਸ ਉਠਾਉਣ ਲਈ ਆਖਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਗੁਰਦੁਆਰਿਆਂ 'ਚ ਹੋ ਗਈ ਅਨਾਊਂਸਮੈਂਟ, ਪੁਲਸ ਨੇ ਕੀਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
