ਐਕਟਿਵਾ ਚਾਲਕ ਚਿਰਾਗ ਦੀ ਮੌਤ, ਪਿੱਛੇ ਬੈਠੀ ਕੁੜੀ ਦੀ ਹਾਲਤ ਗੰਭੀਰ

Saturday, Jan 28, 2023 - 11:47 AM (IST)

ਐਕਟਿਵਾ ਚਾਲਕ ਚਿਰਾਗ ਦੀ ਮੌਤ, ਪਿੱਛੇ ਬੈਠੀ ਕੁੜੀ ਦੀ ਹਾਲਤ ਗੰਭੀਰ

ਅੰਮ੍ਰਿਤਸਰ (ਜ.ਬ/ਇੰਦਰਜੀਤ)- ਪੁਤਲੀਘਰ ਇਲਾਕੇ ਵਿਚ ਬੀ. ਆਰ. ਟੀ. ਸੀ. ਲੇਨ ’ਤੇ ਬੀਤੀ ਸ਼ਾਮ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇਕ ਕਾਰ ਅਤੇ ਐਕਟਿਵਾ ਦੀ ਟੱਕਰ ਹੋ ਗਈ ਅਤੇ ਪੁਲਸ ਦੀ ਕਾਰਜਪ੍ਰਣਾਲੀ ਦਾ ਵਿਰੋਧ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਨੰਬਰ ਵਾਲੀ ਇਕ ਆਈ-ਟਵੰਟੀ ਕਾਰ ਬੀ. ਆਰ. ਟੀ. ਸੀ. ਲੇਨ ਵਿਚ ਗੈਰ-ਕਾਨੂੰਨੀ ਤੌਰ ’ਤੇ ਪੁਤਲੀਘਰ ਵੱਲ ਜਾ ਰਹੀ ਸੀ। ਇਸ ਦੌਰਾਨ ਛੇਹਰਟਾ ਐਕਟਿਵਾ ’ਤੇ ਸਵਾਰ ਹੋ ਕੇ ਇਕ ਨੌਜਵਾਨ ਚਿਰਾਗ ਅਤੇ ਇਕ ਕੁੜੀ ਸੋਨਮ ਸ਼ਹਿਰ ਵੱਲ ਆ ਰਹੇ ਸਨ। ਚਸਮਦੀਦਾਂ ਨੇ ਦੱਸਿਆ ਕਿ ਉਕਤ ਕਾਰ ਕਾਫ਼ੀ ਤੇਜ਼ ਰਫ਼ਤਾਰ ਨਾਲ ਸੜਕ ’ਤੇ ਦੌੜ ਰਹੀ ਸੀ ਅਤੇ ਜਦੋਂ ਇਸ ਨੇ ਬੀ. ਆਰ. ਟੀ. ਸੀ. ਲੇਨ ਵਿਚ ਤੇਜ਼ ਰਫ਼ਤਾਰ ਨਾਲ ਚੱਲ ਰਹੀ ਪੀਲੀ ਮੈਟਰੋ ਬੱਸ ਨੂੰ ਓਵਰਟੇਕ ਕੀਤਾ ਤਾਂ ਸਾਹਮਣੇ ਤੋਂ ਆ ਰਹੀ ਐਕਟਿਵਾ ਨਾਲ ਟਕਰਾ ਗਈ, ਜਿਸ ਕਾਰਨ ਤੇਜ਼ ਰਫ਼ਤਾਰ ਨਾਲ ਚੱਲ ਰਹੀ ਕਾਰ ਬੀ. ਆਰ. ਟੀ. ਸੀ. ਲੇਨ ਦੇ ਨਾਲ ਲੱਗਦੇ ਲੋਹੇ ਦੇ ਕਈ ਐਂਗਲ ਤੋੜ ਕੇ ਇਕ ਐਂਗਲ ’ਤੇ ਜਾ ਟਕਰਾਈ। ਹਾਦਸੇ ਦੌਰਾਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਦੌਰਾਨ ਪਤਾ ਲੱਗਾ ਹੈ ਕਿ ਐਕਟਿਵਾ ਚਲਾ ਰਹੇ ਨੌਜਵਾਨ ਚਿਰਾਗ ਦੀ ਮੌਤ ਹੋ ਗਈ ਅਤੇ ਇਸ ਦੇ ਨਾਲ ਬੈਠੀ ਕੁੜੀ ਸੋਨਮ ਗੰਭੀਰ ਜ਼ਖ਼ਮੀ ਹੋ ਗਈ। ਉਸ ਦਾ ਇਲਾਜ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ, ਜਿਸ ਦੌਰਾਨ ਡਾਕਟਰਾਂ ਨੇ ਸਪੱਸ਼ਟ ਕਿਹਾ ਕਿ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਇਕ-ਇਕ ਮੁਹੱਲਾ ਕਲੀਨਿਕ ਤੇ ਸਕੂਲ ਬਣਾਉਣ ਦੀ ਲਓ ਜ਼ਿੰਮੇਵਾਰੀ

ਦੂਜੇ ਪਾਸੇ ਜਦੋਂ ਮ੍ਰਿਤਕ ਦੇ ਰਿਸ਼ਤੇਦਾਰ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਪੁਲਸ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਹੋ ਕੇ ਮੌਕੇ ’ਤੇ ਹੀ ਧਰਨਾ ਦੇ ਦਿੱਤਾ। ਮ੍ਰਿਤਕ ਚਿਰਾਗ ਦੇ ਜਾਣਕਾਰ ਸਤਪਾਲ ਪਾਲਾ ਅਤੇ ਦਲੀਪ ਚੋਪੜਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਪਹਿਲਾਂ ਥਾਣਾ ਗੇਟ ਹਕੀਮਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਇਲਾਕਾ ਉਨ੍ਹਾਂ ਦੇ ਅਧਿਕਾਰ ਖ਼ੇਤਰ ਵਿਚ ਨਹੀਂ ਆਉਂਦਾ। ਇਸ ਤੋਂ ਬਾਅਦ ਜਦੋਂ ਉਹ ਥਾਣਾ ਕੰਟੋਨਮੈਂਟ ਅਤੇ ਥਾਣਾ ਸਦਰ ਵਿਖੇ ਗਏ ਤਾਂ ਉਨ੍ਹਾਂ ਨੂੰ ਉਥੇ ਵੀ ਇਹੀ ਗੱਲ ਸੁਣਨ ਨੂੰ ਮਿਲੀ। ਇਸ ਕਾਰਨ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੇ ਮੌਕੇ ’ਤੇ ਹੀ ਰੋਸ ਜਤਾਉਂਦਿਆਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ, ਨਸ਼ੇ ਦੀ ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਪ੍ਰਦਰਸ਼ਨ ਦੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ ਕੰਵਲਜੀਤ ਸਿੰਘ ਤੁਰੰਤ ਮੌਕੇ ’ਤ ਪੁੱਜੇ ਅਤੇ ਸਾਰੀ ਸਥਿਤੀ ਨੂੰ ਸੰਭਾਲਿਆ। ਸਤਪਾਲ ਅਤੇ ਦਲੀਪ ਚੋਪੜਾ ਨੇ ਦੱਸਿਆ ਕਿ ਏ. ਸੀ .ਪੀ. ਨੇ ਮ੍ਰਿਤਕ ਦੇ ਵਾਰਿਸਾਂ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਕੁੜੀ ਸੋਨਮ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ, ਜਦਕਿ ਕਾਰ ਚਾਲਕ ਦਾ ਫ਼ਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਕਾਰਵਾਈ ਕਰ ਰਹੀ ਸੀ। ਏ. ਸੀ. ਪੀ ਦੇ ਭਰੋਸੇ ਤੋਂ ਬਾਅਦ ਧਰਨਾ ਮੌਕੇ ਤੋਂ ਹਟਾਇਆ ਗਿਆ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News