ਆਰਮੀ ਗੰਨ ਹਾਊਸ ’ਤੇ ਕਾਰਵਾਈ ਲਈ ਗਏ ਏ. ਟੀ. ਪੀ. ਤੇ ਬਿਲਡਿੰਗ ਇੰਸਪੈਕਟਰ ਨੂੰ ਬਣਾਇਆ ਬੰਧਕ

Monday, Jul 01, 2019 - 04:44 AM (IST)

ਅੰਮ੍ਰਿਤਸਰ, (ਵਡ਼ੈਚ)- ਇਲਾਕਾ ਹੁਸੈਨਪੁਰਾ ਸਥਿਤ ਗੈਰ-ਕਾਨੂੰਨੀ ਉਸਾਰੀ ਦੇ ਕੰਮ ਨੂੰ ਲੈ ਕੇ ਮੌਕੇ ’ਤੇ ਪਹੁੰਚੀ ਐੱਮ. ਟੀ. ਪੀ. ਵਿਭਾਗ ਦੀ ਟੀਮ ਨੂੰ ਬੰਧਕ ਬਣਾ ਲਿਆ ਗਿਆ। ਐੱਮ. ਟੀ. ਪੀ. ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪਤਾ ਲੱਗਣ ’ਤੇ ਪੁਲਸ ਦੀ ਸਹਾਇਤਾ ਨਾਲ ਏ. ਟੀ. ਪੀ. ਤੇ ਬਿਲਡਿੰਗ ਇੰਸਪੈਕਟਰ ਨੂੰ ਮੁਕਤ ਕਰਵਾਇਆ ਗਿਆ। ਘਟਨਾ ਤੋਂ ਬਾਅਦ ਨਿਗਮ ਯੂਨੀਅਨਾਂ ਦੇ ਪ੍ਰਧਾਨਾਂ ਨੇ ਘਟਨਾ ਦੀ ਨਿੰਦਾ ਕਰਦਿਆਂ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਦਿੰਦਿਆਂ ਨਿਗਮ ਟੀਮ ਨੂੰ ਬੰਧਕ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਏ. ਟੀ. ਪੀ. ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਬਿਲਡਿੰਗ ਇੰਸਪੈਕਟਰ ਪਰਮਜੀਤ ਸਿੰਘ ਨਾਲ ਕਰੀਬ 12.30 ਵਜੇ ਆਰਮੀ ਗੰਨ ਹਾਊਸ ਹੁਸੈਨਪੁਰਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਉਸਾਰੀ ਦੇ ਕੰਮ ਨੂੰ ਬੰਦ ਕਰਵਾਉਣ ਗਏ ਤਾਂ ਗੰਨ ਹਾਊਸ ਦੇ ਮਾਲਕ ਨੇ ਸਾਥੀਆਂ ਸਮੇਤ ਕਮਰੇ ’ਚ ਬੰਦ ਕਰ ਕੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ, ਮੋਬਾਇਲ ਰਾਹੀਂ ਐੱਮ. ਟੀ. ਪੀ. ਆਈ. ਪੀ. ਐੱਸ. ਰੰਧਾਵਾ ਨਾਲ ਸੰਪਰਕ ਕਰਨ ’ਤੇ ਕਰੀਬ ਇਕ ਘੰਟੇ ਬਾਅਦ ਪੁਲਸ ਦੀ ਸਹਾਇਤਾ ਨਾਲ ਛੁਡਵਾਇਆ ਗਿਆ। ਇਸ ਉਪਰੰਤ ਐੱਮ. ਟੀ. ਪੀ. ਅਧਿਕਾਰੀਆਂ, ਕਰਮਚਾਰੀਆਂ ਅਤੇ ਨਿਗਮ ਯੂਨੀਅਨਾਂ ਦੇ ਆਗੂਆਂ ਦੀ ਹਾਜ਼ਰੀ ’ਚ ਕਰਮਚਾਰੀਆਂ ਅਤੇ ਨਿਗਮ ਯੂਨੀਅਨਾਂ ਦੇ ਆਗੂਆਂ ਦੀ ਹਾਜ਼ਰੀ ਵਿਚ ਪੁਲਸ ਥਾਣਾ ਰਾਮਬਾਗ ’ਚ ਨਿਗਮ ਦੇ ਅਧਿਕਾਰੀਆਂ ਨੂੰ ਬੰਧਕ ਬਣਾਉਣ ਸਬੰਧੀ ਕਾਰਵਾਈ ਲਈ ਲਿਖਤੀ ਦਰਖਾਸਤ ਦਿੱਤੀ ਗਈ। ਇਸ ਮੌਕੇ ਏ. ਟੀ. ਪੀ. ਜਗਦੇਵ ਸਿੰਘ, ਸੰਜੀਵ ਦੇਵਗਨ, ਮਲਕੀਅਤ ਸਿੰਘ, ਧੀਰਜ, ਪ੍ਰਦੁਮਨ ਸਿੰਘ, ਅੰਗਦ, ਯੂਨੀਅਨ ਆਗੂ ਹਰਜਿੰਦਰ ਸਿੰਘ ਵਾਲੀਆ, ਮੇਜਰ ਸਿੰਘ ਤੇ ਹਰਬੰਸ ਲਾਲ ਮੌਜੂਦ ਸਨ।

ਮੁਲਾਜ਼ਮਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਤੋਂ ਬਾਹਰ : ਯੂਨੀਅਨਾਂ

ਨਿਗਮ ਯੂਨੀਅਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਵਾਲੀਆ, ਮੇਜਰ ਸਿੰਘ ਬੀਕਾ, ਕਰਮਜੀਤ ਸਿੰਘ ਕੇ. ਪੀ. ਤੇ ਹਰਬੰਸ ਲਾਲ ਨੇ ਕਿਹਾ ਕਿ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਕਿਸੇੇ ਵੱਲੋਂ ਕੀਤੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਐੱਮ. ਟੀ. ਪੀ. ਵਿਭਾਗ ਦੇ ਅਧਿਕਾਰੀਆਂ ਨੂੰ ਬੰਧਕ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨਾਂ ਕੰਮ-ਕਾਜ ਠੱਪ ਕਰ ਕੇ ਸੰਘਰਸ਼ ਲਈ ਮਜਬੂਰ ਹੋਣਗੀਆਂ। ਆਰਮੀ ਗੰਨ ਹਾਊਸ ਵਾਲਿਆਂ ਨੇ ਜਨਵਰੀ 2019 ਨੂੰ ਵੀ ਏ. ਟੀ. ਪੀ. ਸੰਜੀਵ ਦੇਵਗਨ ਤੇ ਹੋਰ ਮੁਲਾਜ਼ਮਾਂ ਖਿਲਾਫ ਕੁੱਟ-ਮਾਰ ਸਬੰਧੀ ਝੂਠੀ ਦਰਖਾਸਤ ਦਿੱਤੀ ਸੀ, ਜਿਸ ਤੋਂ ਬਾਅਦ ਰਾਜ਼ੀਨਾਮਾ ਕੀਤਾ ਗਿਆ ਸੀ।

ਦੋਸ਼ ਝੂਠੇ, ਨਹੀਂ ਬਣਾਇਆ ਬੰਧਕ : ਕਾਕਾ

ਆਰਮੀ ਗੰਨ ਹਾਊਸ ਦੇ ਮਾਲਕ ਗੁਰਜਿੰਦਰ ਸਿੰਘ ਕਾਕਾ ਨੇ ਕਿਹਾ ਕਿ ਕਿਸੇ ਨਿਗਮ ਅਧਿਕਾਰੀ ਨੂੰ ਬੰਧਕ ਨਹੀਂ ਬਣਾਇਆ ਗਿਆ, ਜਦਕਿ ਵਿਭਾਗ ਦੇ ਅਧਿਕਾਰੀ ਲੰਮੇ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸਾਰੀ ਸਬੰਧੀ 4 ਲੱਖ ਰੁਪਏ ਜਮ੍ਹਾ ਕਰਵਾਉਣ ਉਪਰੰਤ 16 ਲੱਖ ਦੀ ਕੰਪਾਊਂਡ ਫੀਸ ਜਮ੍ਹਾ ਕਰਵਾਈ ਜਾ ਚੁੱਕੀ ਹੈ। ਐਤਵਾਰ ਦੀ ਛੁੱਟੀ ਦੇ ਬਾਵਜੂਦ ਵਿਭਾਗ ਦੇ ਅਧਿਕਾਰੀ ਵੱਲੋਂ ਪ੍ਰੇਸ਼ਾਨ ਕੀਤਾ ਗਿਆ, ਜਦਕਿ ਉਨ੍ਹਾਂ ਕੋਲ ਅਦਾਲਤ ਦਾ ਸਟੇਅ ਵੀ ਹੈ।


Bharat Thapa

Content Editor

Related News