ਸਿੱਖਿਆ ਵਿਭਾਗ ਦਾ ਐਕਸ਼ਨ, ਅੰਮ੍ਰਿਤਸਰ-4 ਦੇ ਬਲਾਕ ਸਿੱਖਿਆ ਅਧਿਕਾਰੀ ਦਾ ਤਬਾਦਲਾ
Monday, Sep 01, 2025 - 03:19 PM (IST)

ਅੰਮ੍ਰਿਤਸਰ (ਦਲਜੀਤ)-ਸਿੱਖਿਆ ਵਿਭਾਗ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਅੰਮ੍ਰਿਤਸਰ -4 ਦਾ ਤਬਾਦਲਾ ਬਲਾਕ ਭਗਤਾਂ ਭਾਈ ਕਾ ਜ਼ਿਲਾ ਬਠਿੰਡਾ ਵਿਖੇ ਖਾਲੀ ਅਸਾਮੀ ਵਿਰੁੱਧ ਪ੍ਰਬੰਧਕੀ ਕਾਰਨਾਂ ਨੂੰ ਮੱਦੇਨਜ਼ਰ ਰੱਖਦਿਆਂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਕਤ ਅਧਿਕਾਰੀ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਗਵਾਲ ਮੰਡੀ ਦੀ ਮਹਿਲਾ ਮੁਖੀ ਵੱਲੋਂ ਗੰਭੀਰ ਦੋਸ਼ ਲਾਏ ਗਏ ਸਨ ਅਤੇ ਲੰਬਾ ਸਮਾਂ ਜ਼ਿਲਾ ਸਿੱਖਿਆ ਦਫਤਰ ਐਲੀਮੈਂਟਰੀ ਵੱਲੋਂ ਮਾਮਲੇ ਦੀ ਜਾਂਚ ਦੇ ਨਾਂ ’ਤੇ ਖਾਨਾਪੂਰਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ-ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਇਸ ਬਦਮਾਸ਼ ਨੇ ਲਈ ਜ਼ਿੰਮੇਵਾਰੀ
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਬਲਾਕ ਸਿੱਖਿਆ ਅਧਿਕਾਰੀ ਦੇ ਪ੍ਰਬੰਧਕੀ ਆਧਾਰ ਤਹਿਤ ਕੀਤੇ ਗਏ ਤਬਾਦਲੇ ਸਬੰਧੀ ਸ਼ੁੱਕਰਵਾਰ ਨੂੰ ਪੱਤਰ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਬਲਾਕ ਸਿੱਖਿਆ ਅਧਿਕਾਰੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਗਵਾਲ ਮੰਡੀ ਦੀ ਮਹਿਲਾ ਮੁਖੀ ਵੱਲੋਂ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਸਨ। ਦੋਸ਼ਾਂ ਦੇ ਮੱਦੇਨਜ਼ਰ ਮੁਖੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸਿੱਖਿਆ ਵਿਭਾਗ ਵੱਲੋਂ ਜ਼ਿਲਾ ਪੱਧਰ ’ਤੇ ਸੈਕਸੁਅਲ ਹਰਾਸ ਕਮੇਟੀ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਕਮੇਟੀ ਵੱਲੋਂ ਸਕੂਲ ਦੇ ਅਧਿਆਪਕਾਂ ਮੁਖੀ ਅਤੇ ਸਬੰਧਤ ਬਲਾਕ ਸਿੱਖਿਆ ਅਧਿਕਾਰੀ ਦੇ ਬਿਆਨ ਕਲਮ ਬੰਦ ਕਰਦਿਆਂ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਰੈਸਟੋਰੈਂਟ ਮਾਲਕ ਨੂੰ ਗੈਂਗਸਟਰ ਨੇ ਗੋਲੀਆਂ ਨਾਲ ਭੁੰਨਿਆ
ਓਧਰ ਦੂਸਰੇ ਪਾਸੇ ਬਲਾਕ ਸਿੱਖਿਆ ਅਧਿਕਾਰੀ ਵੱਲੋਂ ਵੀ ਵੱਖ-ਵੱਖ ਮਾਮਲਿਆਂ ’ਚ ਉਕਤ ਸਕੂਲ ਦੀ ਮੁਖੀ ਖਿਲਾਫ ਪਹਿਲਾਂ ਤੋਂ ਜਾਂਚ ਆਰੰਭੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਰਿਪੋਰਟ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਰਫ ਇਕ ਹੀ ਬਲਾਕ ਸਿੱਖਿਆ ਅਧਿਕਾਰੀ ਦੇ ਪ੍ਰਬੰਧਕੀ ਆਧਾਰ ’ਤੇ ਤਬਾਦਲੇ ਸਬੰਧੀ ਵਿਸ਼ੇਸ਼ ਪੱਤਰ ਸਕੱਤਰ ਵੱਲੋਂ ਜਾਰੀ ਕੀਤਾ ਗਿਆ। ਓਧਰ ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੰਵਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਨੂੰ ਉਲਝਾਉਂਦਿਆਂ ਸਪੱਸ਼ਟ ਤੌਰ ’ਤੇ ਵਿਭਾਗ ਦੀ ਸਕੱਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਪੱਤਰ ਦੀ ਕਾਪੀ ਨਾ ਮਿਲਣ ਦੀ ਗੱਲ ਕਹੀ ਅਤੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਆ ਗਈ। ਸੋਮਵਾਰ ਜਾ ਕੇ ਹੀ ਵਿਭਾਗ ਦੀ ਮੇਲ ਚੈੱਕ ਕਰਕੇ ਉਹ ਤਬਾਦਲੇ ਸਬੰਧੀ ਕੋਈ ਟਿੱਪਣੀ ਕਰ ਸਕਦੇ ਹਨ ਪਰ ਜ਼ਿਲਾ ਸਿੱਖਿਆ ਅਫਸਰ ਇਹ ਕਿਵੇਂ ਭੁੱਲ ਗਏ ਕਿ ਸ਼ੁੱਕਰਵਾਰ ਨੂੰ ਕੋਈ ਵੀ ਛੁੱਟੀ ਨਹੀਂ ਸੀ ਅਤੇ ਉਸ ਦਿਨ ਹੀ ਵਿਭਾਗ ਦੀ ਸਕੱਤਰ ਵੱਲੋਂ ਪੱਤਰ ਜਾਰੀ ਕਰਦਿਆਂ ਹੋਇਆ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਪਰ ਅਫਸੋਸ ਦੀ ਗੱਲ ਹੈ ਕਿ ਉਕਤ ਡੀਈਓ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਅਣਜਾਨਤਾ ਜਾਹਿਰ ਕਰਦਿਆਂ ਹੋਇਆਂ ਵਿਭਾਗ ਦੀ ਹੋ ਰਹੀ ਕਿਰਕਰੀ ਨੂੰ ਦਬਾਉਣਾ ਚਾਹੁੰਦੇ ਹਨ ।
ਇਹ ਵੀ ਪੜ੍ਹੋ-ਗਲੀ ’ਚ ਖੇਡ ਰਹੇ ਮੁੰਡੇ ਨੂੰ ਔਰਤ ਨੇ ਪਿਲਾ ਦਿੱਤਾ ਕਾਹਵਾ, ਹੋਈ ਦਰਦਨਾਕ ਮੌਤ
ਸਬੰਧਤ ਬਲਾਕ ਸਿੱਖਿਆ ਅਧਿਕਾਰੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਸਕੂਲ ਮੁਖੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਉਨ੍ਹਾਂ ਦਾ ਤਬਾਦਲਾ ਨਹੀਂ ਹੋਇਆ ਹੈ ਸਗੋਂ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਹੋਇਆ ਹੈ। ਵਿਭਾਗ ਨੂੰ ਜਿੱਥੇ ਪ੍ਰਬੰਧ ਚਲਾਉਣ ਲਈ ਜ਼ਰੂਰਤ ਹੁੰਦੀ ਹੈ ਉੱਥੇ ਸਬੰਧਤ ਅਧਿਕਾਰੀ ਦਾ ਤਬਾਦਲਾ ਕਰ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਭਾਗ ਵੱਲੋਂ ਤਾਂ ਤੁਹਾਨੂੰ ਸਬੰਧਤ ਬਲਾਕ ਤੋਂ ਇਲਾਵਾ ਕੁਝ ਹੋਰ ਬਲਾਕਾਂ ਦਾ ਚਾਰਜ ਵੀ ਦਿੱਤਾ ਗਿਆ ਸੀ ਤਾਂ ਕਿਉਂ ਇੰਨੀ ਦੂਰ ਤੁਹਾਡਾ ਤਬਾਦਲਾ ਕਰ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੇ ਕੁਝ ਵੀ ਨਾ ਕਹਿੰਦਿਆਂ ਫੋਨ ਨੂੰ ਕੱਟ ਕਰ ਦਿੱਤਾ ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਪੇਸ਼ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8