ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਣੇ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

Wednesday, Jul 15, 2026 - 01:52 AM (IST)

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਣੇ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

ਅੰਮ੍ਰਿਤਸਰ (ਸਰਬਜੀਤ) - ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੂਹ ਖਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਉਸ ਤੋਂ ਬਾਅਦ ਦੇ ਦਹਾਕੇ ਦੇ ਸਮੂਹ ਸ਼ਹੀਦਾਂ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ’ਚ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੁਸ਼ੋਭਿਤ ਪਾਲਕੀ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸਾਹਿਬ ਪ੍ਰਕਾਸ਼ਮਾਨ ਕਰ ਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਦੇ ਜਥੇ ਨੇ ਸੰਗਤ ਨੂੰ ਰਸਭਿੰਨਾ ਗੁਰਬਾਣੀ ਕੀਰਤਨ ਸਰਵਣ ਕਰਵਾਇਆ।

ਸਮਾਗਮ ਦੀ ਸਮਾਪਤੀ ਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ। ਜਥੇਦਾਰ ਗੜਗੱਜ ਨੇ ਅਰਦਾਸ ਦੌਰਾਨ ਲਾਵਾਰਿਸ ਕਹਿ ਕੇ ਸਾੜੇ ਅਤੇ ਦਰਿਆਵਾਂ ਞਚ ਵਹਾਏ ਪੰਜਾਬ ਦੇ ਧੀਆਂ-ਪੁੱਤਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਿਸ ਹਰੀਕੇ ਪੱਤਣ (ਦਰਿਆ ਸਤਲੁਜ-ਬਿਆਸ ਦੇ ਸੰਗਮ) ਵਿਖੇ ਅੱਜ ਸੰਗਤ ਖੜ੍ਹੀ ਹੈ, ਇੱਥੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਨੌਜਵਾਨਾਂ, ਭੈਣਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਕਤਲ ਕਰ ਕੇ ਵਹਾਇਆ ਗਿਆ ਸੀ। ਉਨ੍ਹਾਂ ਅਰਦਾਸ ਕੀਤੀ ਕਿ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਿੱਖਾਂ-ਹਿੰਦੂਆਂ ਦੇ ਸਰੀਰ ਵਾਰਿਸਾਂ ਨੂੰ ਨਾ ਸੌਂਪਣ ਅਤੇ ਮ੍ਰਿਤਕ ਸਰੀਰਾਂ ਨਾਲ ਵੈਰ ਕਮਾਉਣ ਵਾਲੇ ਹਾਕਮਾਂ ਦਾ ਲੇਖਾ ਅਕਾਲ ਪੁਰਖ ਆਪ ਕਰਨ। ਅਰਦਾਸ ਉਪਰੰਤ ਪਾਵਨ ਮੁੱਖਵਾਕ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ ਦੇ ਮੁੱਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਨੇ ਸਰਵਣ ਕਰਵਾਇਆ।

ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 2 ਅਹਿਮ ਐਲਾਨ ਕੀਤੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ ਖਾਲਸਾ ਪੰਥ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ ‘ਸ਼ਹੀਦੀ ਪੱਤਣ ਯਾਦਗਾਰ’ ਦੀ ਉਸਾਰੀ ਕਰੇ ਅਤੇ ਅੱਜ ਤੋਂ ਬਾਅਦ ਇਸ ਥਾਂ ਨੂੰ ਸਿੱਖ ‘ਸ਼ਹੀਦੀ ਪੱਤਣ’ ਵਜੋਂ ਸੰਬੋਧਤ ਕੀਤਾ ਜਾਵੇਗਾ। ਦੂਜੇ ਐਲਾਨ ’ਚ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਰਾਹੀਂ ਸਾਲ 1982 ਤੋਂ 1995 ਤੱਕ ਦੇ ਸਾਰੇ ਸ਼ਹੀਦਾਂ (ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜਿਆ ਜਾਂ ਕਤਲ ਕੀਤਾ ਗਿਆ) ਦੇ ਸਮੁੱਚੇ ਵੇਰਵੇ ਦਸਤਾਵੇਜ਼ੀ ਰੂਪ ’ਚ ਇਕੱਠੇ ਕੀਤੇ ਜਾਣਗੇ, ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਪੱਕਾ ਰਿਕਾਰਡ ਹੋਣਗੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਕੌਮੀ ਸ਼ਹੀਦ ਦੱਸਦਿਆਂ ਕਿਹਾ ਕਿ ਜਥੇਦਾਰ ਸਾਹਿਬ ਦੇ ਆਦੇਸ਼ ਅਨੁਸਾਰ ਇੱਥੇ ਸ਼ਹੀਦੀ ਯਾਦਗਾਰ ਉਸਾਰੀ ਜਾਵੇਗੀ, ਜਿਸ ’ਚ ਸ਼ਹੀਦਾਂ ਦੇ ਨਾਮ ਉਕਰੇ ਜਾਣਗੇ। ਉਨ੍ਹਾਂ ਵਾਰਿਸਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਵੀ ਇਸ ਦੌਰ ਨਾਲ ਸਬੰਧਤ ਕੋਈ ਜਾਣਕਾਰੀ ਹੈ, ਉਹ ਸ਼੍ਰੋਮਣੀ ਕਮੇਟੀ ਕੋਲ ਪੁੱਜਦੀ ਕਰਨ ਤਾਂ ਜੋ ਸਹੀ ਦਸਤਾਵੇਜ਼ ਤਿਆਰ ਕੀਤੇ ਜਾ ਸਕਣ।

ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਐੱਸ. ਜੀ. ਪੀ. ਸੀ. ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰਾਨ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਗੁਰਬਚਨ ਸਿੰਘ ਕਰਮੂੰਵਾਲਾ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਲਜੀਤ ਸਿੰਘ ਜਲਾਲਉਸਮਾ, ਭਾਈ ਮਨਜੀਤ ਸਿੰਘ, ਗੁਰਮੀਤ ਸਿੰਘ ਬੂਹ, ਖੁਸ਼ਵਿੰਦਰ ਸਿੰਘ ਭਾਟੀਆ, ਜਰਨੈਲ ਸਿੰਘ ਡੋਗਰਾਂਵਾਲ, ਧਰਮ ਪ੍ਰਚਾਰ ਕਮੇਟੀ ਮੈਂਬਰ ਸੁਖਵਰਸ ਸਿੰਘ, ਈਮਾਨ ਸਿੰਘ ਮਾਨ, ਦਲ ਖਾਲਸਾ ਤੋਂ ਕੰਵਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਮੈਂਨੇਜਰ ਮੇਜਰ ਸਿੰਘ ਅਤੇ ਇੰਚਾਰਜ ਜਗਦੀਸ਼ ਸਿੰਘ ਬੁੱਟਰ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
 


author

Inder Prajapati

Content Editor

Related News