ਐਮਰਜੈਂਸੀ ’ਚ ਦਾਖ਼ਲ ਨਾ ਕਰਨ ਦਾ ਮਾਮਲਾ: ਹਸਪਤਾਲ ’ਚ ਪ੍ਰਾਈਵੇਟ ਕਰਿੰਦਿਆਂ ਹੱਥੋਂ ਸਰਕਾਰੀ ਮੁਲਾਜ਼ਮ ਦੀ ਕੁੱਟਮਾਰ

Tuesday, Aug 13, 2024 - 02:35 PM (IST)

ਅੰਮ੍ਰਿਤਸਰ (ਦਲਜੀਤ)-ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਨਾ ਹੋਣ ਦੇਣ ’ਤੇ ਪ੍ਰਾਈਵੇਟ ਸਟੋਰ ਦੇ ਕਰਿੰਦਿਆਂ ਵੱਲੋਂ ਸਰਕਾਰੀ ਮੁਲਾਜ਼ਮ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਮੁਲਾਜ਼ਮ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਜੇਰੇ ਇਲਾਜ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੂੰ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਤੀ ਪੱਤਰ ਲਿਖਿਆ ਹੈ।

ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿਚ ਪ੍ਰਾਈਵੇਟ ਮੈਡੀਕਲ ਸਟੋਰ ਦੇ ਕਰਿੰਦਿਆਂ ਦੀ ਐਂਟਰੀ ਨੂੰ ਬੈਨ ਕੀਤਾ ਗਿਆ ਹੈ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਐਮਰਜੈਂਸੀ ਵਿਚ ਕੋਈ ਵੀ ਪ੍ਰਾਈਵੇਟ ਮੈਡੀਕਲ ਸਟੋਰ ਜਾਂ ਲੈਬ ਦਾ ਕਰਿੰਦਾ ਦਾਖਲ ਹੁੰਦਾ ਹੈ ਤਾਂ ਸੰਬੰਧਤ ਮੁਲਾਜ਼ਮ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ

ਡਾ. ਕਰਮਜੀਤ ਸਿੰਘ ਅਨੁਸਾਰ ਸਵੇਰੇ 3 ਵਜੇ ਦੇ ਕਰੀਬ ਹਸਪਤਾਲ ਦੇ ਬਾਹਰ ਇਕ ਪ੍ਰਾਈਵੇਟ ਮੈਡੀਕਲ ਸਟੋਰ ਦੇ ਵਿਅਕਤੀ ਵੱਲੋਂ ਐਮਰਜੈਸੀ ਵਿਚ ਜ਼ਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਨੇ ਉਸ ਨੂੰ ਰੋਕਿਆ ਤਾਂ ਸੰਬੰਧਤ ਵਿਅਕਤੀ ਨੇ ਆਪਣੇ 5-6 ਹੋਰ ਸਾਥੀ ਨਾਲ ਲਿਆ ਕੇ ਐਮਰਜੈਂਸੀ ਦੇ ਬਾਹਰ ਸਰਕਾਰੀ ਕੰਪਲੈਕਸ ਵਿਚ ਮੁਲਾਜ਼ਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਵੱਲੋਂ ਜਦੋਂ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਜਦਕਿ ਬਾਕੀ ਅਣਪਛਾਤੇ ਸਨ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਡਾ. ਕਰਮਜੀਤ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਅਜਿਹੀਆਂ ਘਟਨਾਵਾਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਲਿਖਿਆ ਹੈ ਅਤੇ ਥਾਣਾ ਮਜੀਠਾ ਰੋਡ ਦੇ ਐੱਸ. ਐੱਚ. ਓ. ਨਾਲ ਗੱਲਬਾਤ ਕਰ ਕੇ ਮਾਮਲੇ ਵਿਚ ਦਖਲ ਦਿੰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਮੈਡੀਕਲ ਰਿਪੋਰਟ ਵੀ ਪੁਲਸ ਨੂੰ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਕਿਸੇ ਵੀ ਪ੍ਰਾਈਵੇਟ ਮੈਡੀਕਲ ਸਟੋਰ ਦੇ ਕਰਿੰਦੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਕਿਸੇ ਸਟੋਰ ਵੱਲੋਂ ਜਬਰੀ ਦਾਖਲ ਹੋ ਕੇ ਸਰਕਾਰੀ ਮੁਲਾਜ਼ਮ ਜਾਂ ਡਾਕਟਰ ਨਾਲ ਮਾੜਾ ਵਤੀਰਾ ਕੀਤਾ ਗਿਆ ਤਾਂ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੁਲਸ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾਵੇਗੀ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

 ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਕੁਝ ਪ੍ਰਾਈਵੇਟ ਮੈਡੀਕਲ ਸਟੋਰ ਅਤੇ ਲੈਬ ਦੇ ਕਰਿੰਦੇ ਜਾਣਬੁਝ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ : ਮੈਡੀਕਲ ਸੁਪਰਡੈਂਟ

ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਪੰਜਾਬ ਭਰ ਵਿਚ ਚੰਗੀਆਂ ਸਿਹਤ ਸੇਵਾਵਾਂ ਲਈ ਪ੍ਰਸਿੱਧ ਹੈ ਅਤੇ ਅੰਮ੍ਰਿਤਸਰ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਦੇ ਲੋਕ ਸੇਵਾਵਾਂ ਲੈਣ ਲਈ ਵੱਡੀ ਗਿਣਤੀ ਵਿਚ ਆਉਂਦੇ ਹਨ। ਸਰਕਾਰ ਵੱਲੋਂ ਮੁਫਤ ਦਵਾਈਆਂ ਅਤੇ ਟੈਸਟ ਕੀਤੇ ਜਾ ਰਹੇ ਹਨ ਪਰ ਕੁਝ ਪ੍ਰਾਈਵੇਟ ਮੈਡੀਕਲ ਸਟੋਰ ਅਤੇ ਲੈਬ ਦੇ ਕਰਿੰਦੇ ਜਾਣਬੁਝ ਕੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਸਰੇ ਪਾਸੇ ਹਸਪਤਾਲ ਵਿਚ ਦਾਖਲ ਸਰਕਾਰੀ ਮੁਲਾਜ਼ਮ ਦੇ ਪੁਲਸ ਵੱਲੋਂ ਬਿਆਨ ਵੀ ਲਏ ਗਏ ਹਨ ਅਤੇ ਵੱਖ-ਵੱਖ ਜਥੇਬੰਦੀਆਂ ਮੁਲਾਜ਼ਮ ਦੀ ਹਮਾਇਤ ਵਿਚ ਡੱਟ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News