ਧਾਮੀ ਸਣੇ ਸ਼੍ਰੋਮਣੀ ਕਮੇਟੀ ਦੀ 6 ਮੈਂਬਰੀ ਐਡਵਾਂਸ ਪਾਰਟੀ ਪਾਕਿ ਸਥਿਤ ਗੁ.ਸ੍ਰੀ ਪੰਜਾ ਸਾਹਿਬ ਵਿਖੇ ਹੋਵੇਗੀ ਨਤਮਸਤਕ
Thursday, Sep 29, 2022 - 03:00 PM (IST)

ਅੰਮ੍ਰਿਤਸਰ - ਸ੍ਰੀ ਪੰਜਾ ਸਾਹਿਬ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ 6 ਮੈਂਬਰੀ ਐਡਵਾਂਸ ਪਾਰਟੀ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੀ ਸ਼ਤਾਬਦੀ ਮੌਕੇ ਪਾਕਿ ਜਾਣ ਮੈਂਬਰਾਂ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਜਥੇ: ਕਰਨੈਲ ਸਿੰਘ ਪੰਜੋਲੀ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਅਜਾਇਬ ਸਿੰਘ ਅਭਿਆਸੀ, ਮੀਤ ਸਕੱਤਰ ਧਰਮ ਪ੍ਰਚਾਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਸ਼੍ਰੋ੍ਰਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਇੰਚਾਰਜ ਰਜਿੰਦਰ ਸਿੰਘ ਰੂਬੀ ਸ਼ਾਮਲ ਹਨ।
ਸੂਤਰਾਂ ਅਨੁਸਾਰ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਵਿਸ਼ੇਸ਼ ਜਥੇ ਦੇ ਕਰੀਬ 100 ਯਾਤਰੂਆਂ ਦੇ ਵੀਜ਼ਿਆਂ ਦੀ ਵੀ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਵੀ 140 ਦੇ ਕਰੀਬ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 30 ਅਕਤੂਬਰ ਨੂੰ ਸ੍ਰੀ ਪੰਜਾ ਸਾਹਿਬ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਾਣ ਵਾਲੇ ਵਿਸ਼ੇਸ਼ ਜਥੇ ਨੂੰ 100 ਦੇ ਕਰੀਬ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਪਾਕਿਸਤਾਨ ਦੇ ਦਿੱਲੀ ਸਥਿਤ ਦੁਤਘਰ ਵਲੋਂ ਜਾਰੀ ਹੈ।