ਮਹਿਲਾ ਡਾਕਟਰ ਨਾਲ ਛੇੜਛਾੜ ਦੀ ਘਟਨਾ ਤੋਂ 20 ਘੰਟਿਆਂ ਬਾਅਦ ਪੁਲਸ ਪ੍ਰਸ਼ਾਸਨ ਨੇ ਕੀਤਾ ਮਾਮਲਾ ਦਰਜ

Thursday, Sep 05, 2024 - 12:42 PM (IST)

ਅੰਮ੍ਰਿਤਸਰ (ਦਲਜੀਤ/ਜਸ਼ਨ)- ਗੁਰੂ ਨਾਨਕ ਦੇਵ ਹਸਪਤਾਲ ਵਿਚ ਦੇਰ ਰਾਤ ਮਹਿਲਾ ਡਾਕਟਰ ਨਾਲ ਛੇੜਛਾੜ ਦੀ ਘਟਨਾ ਤੋਂ ਕਰੀਬ 20 ਘੰਟਿਆਂ ਬਾਅਦ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਪ੍ਰਸ਼ਾਸਨ ਨੇ ਮਾਮਲਾ ਦਰਜ ਕੀਤਾ ਹੈ। ਹਸਪਤਾਲ ਵਿਚ ਵਾਪਰੀ ਘਟਨਾ ਤੋਂ ਸਬਕ ਨਾ ਲੈਂਦਿਆਂ ਅਧਿਕਾਰੀਆਂ ਵੱਲੋਂ ਅਜੇ ਤੱਕ ਗੁਰੂ ਨਾਨਕ ਦੇਵ ਹਸਪਤਾਲ ਅਤੇ ਹੋਰਨਾਂ ਸਰਕਾਰੀ ਹਸਪਤਾਲਾਂ ਵਿਚ ਰਾਤ ਸਮੇਂ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਨਹੀਂ ਕੀਤੇ ਗਏ।

ਉਕਤ ਮਾਮਲੇ ਸਬੰਧੀ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਚੁੱਪੀ ਸਾਧੀ ਹੋਈ ਹੈ ਅਤੇ ਮੀਡੀਆ ਤੋਂ ਦੂਰੀ ਬਣਾ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਕਤ ਘਟਨਾ ਨੇ ਅਧਿਕਾਰੀਆਂ ਦੀ ਡਾਕਟਰਾਂ ਦੀ ਸੁਰੱਖਿਆ ਸਬੰਧੀ ਕੀਤੇ ਜਾਣ ਵਾਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੀ ਮੈਡੀਸਨ ਵਾਰਡ ਨੰਬਰ 7 ਵਿਚ ਤਾਇਨਾਤ ਮਹਿਲਾ ਡਾਕਟਰ ਸੋਮਵਾਰ ਕਰੀਬ 10 ਵਜੇ ਡਿਊਟੀ ਉਪਰੰਤ ਆਪਣੇ ਹੋਸਟਲ ਨੂੰ ਜਾ ਰਹੀ ਸੀ। ਕੈਂਸਰ ਯੂਨਿਟ ਦੇ ਨਜ਼ਦੀਕ ਹਨੇਰੇ ਵਿਚ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਉਕਤ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ ਸੀ। ਪੁਲਸ ਪ੍ਰਸ਼ਾਸਨ ਨੇ ਦੇਰੀ ਨਾਲ ਦਿੱਤੀ ਦਰਖਾਸਤ ਕਾਰਨ 20 ਘੰਟੇ ਬਾਅਦ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਮੂਰਤੀ ਵਿਸਰਜਨ ਕਰਦੇ ਸਮੇਂ ਦਰਿਆ ਬਿਆਸ ’ਚ ਰੁੜ੍ਹੇ 4 ਨੌਜਵਾਨਾਂ ’ਚੋਂ 2 ਦੀਆਂ ਲਾਸ਼ਾਂ ਬਰਾਮਦ

ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਦੀ ਹੈ ਪਰ ਮਾਮਲਾ ਦਰਜ ਮੰਗਲਵਾਰ ਰਾਤ ਸਮੇਂ ਦਰਜ ਕੀਤਾ ਗਿਆ। ਪੁਲਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਦੂਸਰੇ ਪਾਸੇ ਜਗ ਬਾਣੀ ਦੀ ਟੀਮ ਨੇ ਰਾਤ ਸਮੇਂ ਹਸਪਤਾਲ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਿਰੀਖਣ ਕੀਤਾ ਤਾਂ ਮੌਕੇ ’ਤੇ ਕਈ ਥਾਵਾਂ ’ਤੇ ਹਨੇਰਾ ਦਿਖਾਈ ਦਿੱਤਾ ਅਤੇ ਹਨੇਰੇ ਵਾਲੀ ਜਗ੍ਹਾ ’ਤੇ ਕੋਈ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਸੀ। ਰਾਤ ਕਰੀਬ 10 ਵਜੇ ਦੇ ਕਰੀਬ ਰੇਡੀਓਲੋਜੀ ਵਿਭਾਗ ਦੇ ਨਜ਼ਦੀਕ ਹਨੇਰਾ ਸੀ। ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਵਿਚ ਵੀ ਕਈ ਥਾਵਾਂ ’ਤੇ ਸੁਰੱਖਿਆ ਮੁਲਾਜ਼ਮ ਦੀ ਤਾਇਨਾਤੀ ਦਿਖਾਈ ਨਹੀਂ ਦਿੱਤੀ।

ਪੁਲਸ ਪ੍ਰਸ਼ਾਸਨ ਵੱਲੋਂ ਉਕਤ ਮਾਮਲੇ ਸਬੰਧੀ ਪਰਚਾ ਦਰਜ ਕਰਨ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਦੇ ਉੱਚ ਅਧਿਕਾਰੀਆਂ ਅਤੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਸਬੰਧੀ ਕਾਲਜ ਦੇ ਉੱਚ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਦੂਰੀ ਬਣਾਈ ਰੱਖੀ ਅਤੇ ਅਧਿਕਾਰੀਆਂ ਵੱਲੋਂ ਇਸ ਸਬੰਧ ਵਿਚ ਮੀਡੀਆ ਦੇ ਨਾ ਤਾਂ ਫੋਨ ਉਠਾਏ ਗਏ ਅਤੇ ਨਾ ਹੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ।

ਇਹ ਵੀ ਪੜ੍ਹੋ- ਦੋ-ਪਹੀਆ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋ ਗਏ ਸਖ਼ਤ ਹੁਕਮ

ਮਹਿਲਾ ਡਾਕਟਰਾਂ ’ਚ ਰੋਸ

ਘਟਨਾ ਤੋਂ ਬਾਅਦ ਹਸਪਤਾਲ ਦੀਆਂ ਮਹਿਲਾ ਡਾਕਟਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਅੰਦਰੋਂ ਹੀ ਅੰਦਰ ਕਈ ਵਿਦਿਆਰਥੀ ਸੁਰੱਖਿਆ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਕਈ ਵਿਦਿਆਰਥੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਨਾਂ ’ਤੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਇੰਨਾ ਵੱਡਾ ਹਸਪਤਾਲ ਅਤੇ ਕਾਲਜ ਦਾ ਕੰਪਲੈਕਸ ਹੋਣ ਦੇ ਬਾਵਜੂਦ ਸੁਰੱਖਿਆ ਮੁਲਾਜ਼ਮ ਢੁੱਕਵੇਂ ਨਹੀਂ ਲਗਾਏ ਗਏ ਹਨ।

ਹਸਪਤਾਲ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ

ਦੂਸਰੇ ਪਾਸੇ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਕਈ ਪ੍ਰਸ਼ਨ ਚਿੰਨ ਲੱਗ ਗਏ ਹਨ। ਇਸ ਸਬੰਧ ਵਿਚ ਜਦੋਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਨੀ ਚਾਹੀਦੀ ਤਾਂ ਉਨ੍ਹਾਂ ਨੇ ਫੋਨ ਨਹੀਂ ਉਠਾਇਆ।

170 ਸੁਰੱਖਿਆ ਮੁਲਾਜ਼ਮਾਂ ਨੂੰ 30 ਲੱਖ ਤੋਂ ਵਧੇਰੇ ਹਰ ਮਹੀਨੇ ਅਦਾਇਗੀ ਕਰਦੈ ਕਾਲਜ ਪ੍ਰਸ਼ਾਸਨ

ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰੀ ਮੈਡੀਕਲ ਕਾਲਜ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਅਤੇ ਹੋਰਨਾਂ ਹਸਪਤਾਲਾਂ ਵਿਚ 170 ਸੁਰੱਖਿਆ ਮੁਲਾਜ਼ਮ ਪ੍ਰਾਈਵੇਟ ਕੰਪਨੀ ਤਹਿਤ ਰੱਖੇ ਗਏ ਹਨ। ਕਾਲਜ ਪ੍ਰਸ਼ਾਸਨ ਵੱਲੋਂ ਉਕਤ ਮੁਲਾਜ਼ਮਾ ’ਤੇ ਹਰ ਮਹੀਨੇ ਤਨਖਾਹਾਂ ਦੀ 30 ਲੱਖ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ ਮੁਲਾਜ਼ਮ ਵੀ ਤਾਇਨਾਤ ਹਨ ਪਰ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਮਹਿਲਾ ਡਾਕਟਰ ਨਾਲ ਛੇੜਛਾੜ ਦੀ ਘਟਨਾ ਹੋਣਾ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਟੀ. ਬੀ. ਹਸਪਤਾਲ ਦੇ ਡਾਕਟਰਾਂ ਦੀ ਸੁਰੱਖਿਆ ਵੀ ਰੱਬ ਆਸਰੇ

ਡਾਕਟਰਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਪਰ ਇਹ ਸਭ ਦੇ ਬਾਵਜੂਦ ਮੈਡੀਕਲ ਕਾਲਜ ਪ੍ਰਸ਼ਾਸਨ ਵੱਲੋਂ ਅਜੇ ਤੱਕ ਸਰਕਾਰੀ ਟੀ. ਬੀ. ਹਸਪਤਾਲ ਵਿਚ ਰਾਤ ਨੂੰ ਤਾਇਨਾਤ ਡਾਕਟਰਾਂ ਦੀ ਸੁਰੱਖਿਆ ਲਈ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਕੀਤੇ ਗਏ ਹਨ। ਹਸਪਤਾਲ ਕਾਫੀ ਵੱਡਾ ਹੋਣ ਕਾਰਨ ਆਲੇ-ਦੁਆਲੇ ਦਰਖੱਤ ਅਤੇ ਬਰਸਾਤੀ ਮੌਸਮ ਦੌਰਾਨ ਘਾਹ ਉੱਗੀ ਹੋਈ ਹੈ। ਇਸ ਦੌਰਾਨ ਡਾਕਟਰਾਂ ਦੀ ਸੁਰੱਖਿਆ ਨਾ ਹੋਣ ਕਾਰਨ ਸਰਕਾਰੀ ਤੰਤਰ ’ਤੇ ਕਈ ਪ੍ਰਸ਼ਨ ਉੱਠਦੇ ਹਨ। ਫਿਲਹਾਲ ਹੜਤਾਲ ’ਤੇ ਗਏ ਡਾਕਟਰਾਂ ਵੱਲੋਂ ਮੰਗਾਂ ਪ੍ਰਵਾਨ ਹੋਣ ’ਤੇ ਹੜਤਾਲ ਤਾਂ ਖਤਮ ਕਰ ਦਿੱਤੀ ਗਈ ਪਰ ਸਰਕਾਰੀ ਟੀ. ਬੀ. ਹਸਪਤਾਲ ਦੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਠੋਸ ਉਪਰਾਲੇ ਕੀਤੇ ਹੋਏ ਹੇਠਲੇ ਪੱਧਰ ਤੱਕ ਨਜ਼ਰ ਨਹੀਂ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News