ਨਸ਼ਾ ਦੇਣ ਲਈ ਗਾਹਕ ਦੀ ਉਡੀਕ ਕਰ ਰਹੀਆਂ 2 ਔਰਤਾਂ ਕਾਬੂ
Thursday, May 08, 2025 - 04:13 PM (IST)

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)-ਨਸ਼ਾ ਦੇਣ ਲਈ ਗਾਹਕ ਦੀ ਉਡੀਕ ਕਰ ਰਹੀਆਂ 2 ਔਰਤਾਂ ਨੂੰ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੇ ਕਾਬੂ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਨੰਦ ਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਦੋ ਔਰਤਾਂ ਨਿਰਮਲਜੀਤ ਕੌਰ ਵਾਸੀ ਪਿੰਡ ਸਮਰਾਏ ਅਤੇ ਕੰਵਲਜੀਤ ਕੌਰ ਵਾਸੀ ਪਿੰਡ ਨਿੱਕੋਸਰਾਂ ਪਿੰਡ ਵੀਰਾਨ ਕੋਟਲੀ ਦੇ ਪੁਲ ਨਖਾਸੂ ਕੋਲ ਮੂੰਹ ਢੱਕ ਕੇ ਖੜੀਆਂ ਹਨ ਅਤੇ ਨਸ਼ਾ ਦੇਣ ਲਈ ਕਿਸੇ ਗਾਹਕ ਦੀ ਉਡੀਕ ਕਰ ਰਹੀਆਂ ਹਨ। ਜੇਕਰ ਛਾਪਾ ਮਾਰਿਆ ਜਾਵੇ ਤਾਂ ਹੈਰੋਇਨ ਸਮੇਤ ਕਾਬੂ ਆ ਸਕਦੀਆਂ ਹਨ।
ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਤੁਰੰਤ ਬਾਅਦ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਉਕਤ ਜਗ੍ਹਾ ’ਤੇ ਛਾਪਾ ਮਾਰ ਕੇ ਉਕਤ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ’ਚੋਂ ਪੁਲਸ ਵੱਲੋਂ ਨਿਰਮਲਜੀਤ ਕੌਰ ਕੋਲੋਂ 25 ਗ੍ਰਾਮ ਤੇ ਕੰਵਲਜੀਤ ਕੌਰ ਕੋਲੋਂ 20 ਗ੍ਰਾਮ ਹੈਰੋਇਨ ਤੇ 1500 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਡੇਰਾ ਬਾਬਾ ਨਾਨਕ ਵਿਖੇ ਬਣਦੀਆਂ ਧਾਰਾਵਾਂ ਹੇਠ ਉਕਤ ਦੋਵਾਂ ਔਰਤਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।