ਪੰਜਾਬ ਸਰਕਾਰ-ਪਟਵਾਰੀ ਵਿਵਾਦ: ਅੰਮ੍ਰਿਤਸਰ ਜ਼ਿਲ੍ਹੇ ’ਚ 156 ਪਟਵਾਰ ਸਰਕਲ ਛੱਡ ਚੁੱਕੇ ਹਨ ਰੈਗੂਲਰ ਪਟਵਾਰੀ

Friday, Sep 08, 2023 - 12:48 PM (IST)

ਪੰਜਾਬ ਸਰਕਾਰ-ਪਟਵਾਰੀ ਵਿਵਾਦ: ਅੰਮ੍ਰਿਤਸਰ ਜ਼ਿਲ੍ਹੇ ’ਚ 156 ਪਟਵਾਰ ਸਰਕਲ ਛੱਡ ਚੁੱਕੇ ਹਨ ਰੈਗੂਲਰ ਪਟਵਾਰੀ

ਅੰਮ੍ਰਿਤਸਰ (ਨੀਰਜ)- ਪਟਵਾਰੀਆਂ, ਕਾਨੂੰਨਗੋਆਂ ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਾਣਕਾਰੀ ਅਨੁਸਾਰ ਰੈਵੇਨਿਊ ਪਟਵਾਰ ਯੂਨੀਅਨ ਨੇ ਬੁੱਧਵਾਰ ਨੂੰ ਜਿਨ੍ਹਾਂ 74 ਵਾਧੂ ਪਟਵਾਰ ਸਰਕਲਾਂ ਨੂੰ ਛੱਡ ਦਿੱਤਾ ਸੀ, ਉਨ੍ਹਾਂ ਸਰਕਲਾਂ ਵਿਚੋਂ 13 ਸਰਕਲਾਂ ’ਤੇ ਡੀ. ਸੀ. ਅਮਿਤ ਤਲਵਾੜ ਨੇ ਸੇਵਾਮੁਕਤ ਹੋ ਚੁੱਕੇ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੋ ਸਪੱਸ਼ਟ ਕਰ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਖਾਲੀ ਪਟਵਾਰ ਸਰਕਲਾਂ ’ਤੇ ਸੇਵਾਮੁਕਤ ਪਟਵਾਰੀ, ਕਾਨੂੰਨਗੋਆਂ ਅਤੇ ਨਵੇਂ ਭਰਤੀ ਕੀਤੇ ਗਏ ਪਟਵਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਹਾਲਾਂਕਿ ਪੂਰੇ ਜ਼ਿਲ੍ਹੇ ਵਿਚ ਇਸ ਸਮੇਂ 156 ਵਾਧੂ ਪਟਵਾਰ ਸਰਕਲ ਹਨ, ਜਿਨ੍ਹਾਂ ਨੂੰ ਪਟਵਾਰੀਆਂ ਨੇ ਛੱਡ ਦਿੱਤਾ ਹੈ, ਪਰ ਦੋ ਦਿਨ ਪਹਿਲਾਂ ਡੀ. ਸੀ. ਨੇ ਨਵੇਂ ਤਬਾਦਲੇ ਕਰ ਦਿੱਤੇ, ਜਿਨ੍ਹਾਂ ਵਿਚ ਸ਼ਹਿਰ ਦੇ ਮਹੱਤਵਪੂਰਨ ਪਟਵਾਰ ਸਰਕਲਾਂ ਵਿਚ ਤਾਇਨਾਤ ਪਟਵਾਰੀਆਂ ਨੂੰ ਖੁੱਡੇਲਾਈਨ ਤਾਇਨਾਤ ਕਰ ਦਿੱਤਾ ਅਤੇ ਮਹੱਵਤਪੂਰਨ ਪਟਵਾਰ ਸਰਕਲਾਂ ਨੂੰ ਵਾਧੂ ਚਾਰਜ ਸੌਂਪ ਦਿੱਤਾ ਹੈ ਪਰ ਪਟਵਾਰੀਆਂ ਨੇ ਆਪਣੇ ਐਲਾਨ ਅਨੁਸਾਰ ਅਹਿਮ ਪਟਵਾਰ ਸਰਕਲਾਂ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਸਰਕਲਾਂ ਦਾ ਤਿਆਗ ਕਰ ਦਿੱਤਾ।

ਕਿਹੜਾ ਸੇਵਾਮੁਕਤ ਪਟਵਾਰੀ ਕਿੱਥੇ ਕੀਤਾ ਤਾਇਨਾਤ?

ਡੀ. ਸੀ. ਅਤੇ ਜ਼ਿਲ੍ਹਾ ਕੁਲੈਕਟਰ ਅਮਿਤ ਤਲਵਾੜ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਟਵਾਰੀ ਹਰਦੇਵ ਸਿੰਘ (ਸੇਵਾਮੁਕਤ) ਗੁੰਮਟਾਲਾ ਸਬ-ਅਰਬਨ ਤਹਿਸੀਲ-2, ਨਰਾਇਣ ਜੀ ਦਾਸ (ਸੇਵਾਮੁਕਤ) ਨੂੰ ਹੇਰ ਤਹਿਸੀਲ ਅੰਮ੍ਰਿਤਸਰ-2, ਅਮਿਤ ਕੁਮਾਰ ਪਟਵਾਰੀ (ਸੇਵਾਮੁਕਤ) ਨੂੰ ਚਵਿੰਡਾ ਦੇਵੀ ਤਹਿਸੀਲ ਮਜੀਠਾ, ਆਤਮਾ ਸਿੰਘ (ਪਟਵਾਰੀ) ਨੂੰ ਮੀਰਾਂਕੋਟ ਤਹਿਸੀਲ-2, ਪਰਸਨ ਸਿੰਘ ਨੂੰ ਕੱਥੂਨੰਗਲ ਤਹਿਸੀਲ ਮਜੀਠਾ, ਇੰਦਰਜੀਤ ਸਿੰਘ ਨੂੰ ਕਲੇਰ ਮਾਂਗਟ ਤਹਿਸੀਲ ਮਜੀਠਾ, ਪ੍ਰਵੀਨ ਕੁਮਾਰ ਨੂੰ ਸੋਹੀਆ ਕਲਾ ਤਹਿਸੀਲ ਮਜੀਠਾ, ਨਰਿੰਦਰ ਸਿੰਘ ਨੂੰ ਦੋਲੋਂਨੰਗਲ ਤਹਿਸੀਲ ਬਾਬਾ ਬਕਾਲਾ, ਦਲੀਪ ਸਿੰਘ ਨੂੰ ਪੰਡੋਰੀ ਵੜੈਚ, ਤਹਿਸੀਲ ਅੰਮ੍ਰਿਤਸਰ-2, ਸੁਰਜੀਤ ਸਿੰਘ ਨੂੰ ਮੁਰਾਦਪੁਰਾ ਤਹਿਸੀਲ ਅੰਮ੍ਰਿਤਸਰ-2, ਅਮਰੀਕ ਸਿੰਘ ਨੂੰ ਮਯੂਕਾ ਤਹਿਸੀਲ ਅੰਮ੍ਰਿਤਸਰ-1, ਅਸ਼ੋਕ ਕੁਮਾਰ ਨੂੰ ਬਾਸਰਕੇ ਭੈਣੀ ਤਹਿਸੀਲ ਅੰਮ੍ਰਿਤਸਰ-2 ਅਤੇ ਜਗਦੀਸ਼ ਕੁਮਾਰ ਨੂੰ ਬੁਤਾਲਾ ਤਹਿਸੀਲ ਬਾਬਾ ਬਕਾਲਾ ਵਿਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ

ਇਕ ਸਾਲ ਪਹਿਲਾਂ ਕੀਤੀ ਗਈ ਸੀ ਸੇਵਾਮੁਕਤ ਪਟਵਾਰੀਆਂ ਦੀ ਨਿਯੁਕਤੀ

ਸੇਵਾਮੁਕਤ ਪਟਵਾਰੀਆਂ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਸਰਕਾਰ ਨੇ ਇਕ ਸਾਲ ਪਹਿਲਾਂ ਖਾਲੀ ਪਏ ਪਟਵਾਰ ਸਰਕਲਾਂ ’ਤੇ ਪਟਵਾਰੀਆਂ ਦੀ ਭਰਤੀ ਕਰਨ ਲਈ ਸੇਵਾਮੁਕਤ ਪਟਵਾਰੀਆਂ ਨੂੰ ਠੇਕੇ ’ਤੇ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਉਸ ਸਮੇਂ ਰੈਵੇਨਿਊ ਪਟਵਾਰ ਯੂਨੀਅਨ ਦੇ ਦਬਾਅ ਕਾਰਨ ਕਿਸੇ ਵੀ ਸੇਵਾਮੁਕਤ ਪਟਵਾਰੀ ਨੇ ਜੁਆਈਨਿੰਗ ਨਹੀਂ ਕੀਤੀ ਸੀ। ਫਿਲਹਾਲ ਪੁਰਾਣੀ ਸੂਚੀ ਨੂੰ ਹੀ ਪ੍ਰਸਾਸ਼ਨ ਵਲੋਂ ਨਵੇ ਸਿਰਿਉ ਠੇਕੇ ’ਤੇ ਭਰਤੀ ਕਰਨ ਲਈ ਵਰਤਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਨਸ਼ੇ ਦੀ ਓਵਰਡੋਜ਼ ਕਾਰਨ ਔਰਤ ਦੀ ਮੌਤ, ਬਟਾਲਾ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਮਿਲੀ ਲਾਸ਼

ਡੀ. ਸੀ. ਦੇ ਹੁਕਮਾਂ ਦਾ ਬਾਈਕਾਟ

ਇਕ ਪਾਸੇ ਜਿੱਥੇ ਜ਼ਿਲ੍ਹੇ ਦੇ ਖਾਲੀ ਪਏ 13 ਪਟਵਾਰ ਸਰਕਲਾਂ ’ਤੇ ਡੀ. ਸੀ. ਵੱਲੋਂ ਸੇਵਾਮੁਕਤ ਪਟਵਾਰੀਆਂ ਅਤੇ ਕਾਨੂੰਨਗੋਆਂ ਦੀ ਤਾਇਨਾਤੀ ਕੀਤੀ ਗਈ ਹੈ, ਉਥੇ ਹੀ ਦੂਜੇ ਪਾਸੇ ਸੇਵਾਮੁਕਤ ਪਟਵਾਰੀਆਂ ਅਤੇ ਕਾਨੂੰਨਗੋਆਂ ਨਾਲ ਦਿ ਰੈਵੇਨਿਊ ਪਟਵਾਰ ਯੂਨੀਅਨ ਦੀ ਇਕ ਤੂਫ਼ਾਨੀ ਮੀਟਿੰਗ ਰਣਜੀਤ ਐਵੇਨਿਊ ਵਿਚ ਸਾਬਕਾ ਕੁਲ ਹਿੰਦ ਪਟਵਾਰ ਯੂਨੀਅਨ ਦੇ ਪ੍ਰਧਾਨ, ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਕਈ ਵਾਰ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਰੈਵੀਨਿਊ ਪਟਵਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸੇਵਾਮੁਕਤ ਪਟਵਾਰੀ ਜਾਂ ਕਾਨੂੰਗੋਆਂ ਜ਼ਿਲ੍ਹੇ ਦੇ ਖਾਲੀ ਪਏ ਸਰਕਲਾਂ ਵਿਚ ਜੁਆਇੰਨ ਨਹੀਂ ਕਰਾਂਗੇ। ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖਾਲੀ ਪਏ ਪਟਵਾਰ ਸਰਕਲਾਂ ’ਤੇ ਨਵੇਂ ਪਟਵਾਰੀਆਂ ਦੀ ਭਰਤੀ ਕਰੇ ਅਤੇ ਨਵੇਂ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ। ਇਸ ਦੌਰਾਨ ਗੁੰਮਟਾਲਾ ਸਬ-ਅਰਬਨ ਵਿੱਚ ਤਾਇਨਾਤ ਸੇਵਾਮੁਕਤ ਪਟਵਾਰੀ ਹਰਦੇਵ ਸਿੰਘ ਵੱਲੋਂ ਲਿਖਤੀ ਅਸਤੀਫ਼ਾ ਵੀ ਦਿੱਤਾ ਗਿਆ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਸਮਰਾ, ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਕੋਹਾਲੀ, ਇਕਬਾਲ ਸਿੰਘ ਨੰਗਲੀ, ਗੁਰਮੇਜ ਸਿੰਘ, ਰਾਜੇਸ਼ ਕੁਮਾਰ, ਸੁਰਿੰਦਰਪਾਲ ਭਗਤ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਸੱਪ ਨੇ ਵਿਅਕਤੀ ਦੇ ਮਾਰੇ ਕਈ ਡੰਗ, ਪਲਾਸ ਨਾਲ ਖਿੱਚਣ ਦੀ ਕੀਤੀ ਕੋਸ਼ਿਸ਼ ਪਰ ਵਾਪਰ ਗਈ ਅਣਹੋਣੀ

ਅੱਜ ਪਤਾ ਲੱਗੇਗੀ ਅਸਲੀਅਤ

ਪ੍ਰਸ਼ਾਸਨ ਵੱਲੋਂ ਕੀਤੀ ਤਾਇਨਾਤੀ ਵਿਚ ਕਿੰਨੀ ਤਾਕਤ ਹੈ ਅਤੇ ਪਟਵਾਰੀਆਂ ਵੱਲੋਂ ਕੀਤੇ ਗਏ ਐਲਾਨ ਵਿਚ ਕਿੰਨੀ ਤਾਕਤ ਹੈ, ਇਹ ਸ਼ੁੱਕਰਵਾਰ ਯਾਨੀ ਅੱਜ ਪਤਾ ਲੱਗੇਗਾ। ਖਾਲੀ ਪਟਵਾਰ ਸਰਕਲਾਂ ਵਿੱਚ ਸੇਵਾਮੁਕਤ ਪਟਵਾਰੀ ਸ਼ਾਮਲ ਹੁੰਦੇ ਹਨ ਜਾਂ ਨਹੀਂ, ਇਸ ਦੀ ਅਸਲੀਅਤ ਰੈਗੂਲਰ ਦਿਨ ’ਚ ਹੀ ਪਤਾ ਲੱਗੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News