ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰੇਗੀ ''ਅੰਗਰੇਜ''
Friday, Jul 31, 2015 - 08:26 AM (IST)

ਅਮਰਿੰਦਰ ਦੀ ਛੇਵੀਂ ਪੰਜਾਬੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ, ''ਅੰਗਰੇਜ''। ਫ਼ਿਲਮ ਵਿਚ ਅਮਰਿੰਦਰ ਨੇ ਅੰਗਰੇਜ ਸਿੰਘ ਦਾ ਰੋਲ ਅਦਾ ਕੀਤਾ ਹੈ। ਉਹ ਪੁਰਾਣੇ ਪੰਜਾਬ ਦਾ ਨੌਜਵਾਨ ਹੈ, ਜਿਹੜਾ ਇਸ਼ਕ ਤਾਂ ਕਰਦਾ ਹੈ ਪਰ ਡਰਦਾ ਏਨਾ ਹੈ ਕਿ ਪੁੱਛੋ ਕੁਝ ਨਾ। 1945 ਦਾ ਪੰਜਾਬ, ਜਦੋਂ ਕੰਧਾਂ ਕੱਚੀਆਂ, ਇਰਾਦੇ ਪੱਕੇ ਤੇ ਮਨ ਸੱਚੇ ਹੁੰਦੇ ਸਨ, ਉਸ ਵਕਤ ਦੀ ਕਹਾਣੀ ਬਿਆਨ ਕੀਤੀ ਹੈ ਉਸ ਨੇ।
* ਅੱਜ ਦੇ ਸਮੇਂ ਵਿਚ ਰਹਿ ਕੇ 1945 ਵਾਲੇ ਪੰਜਾਬ ਦੀ ਪੇਸ਼ਕਾਰੀ ਕਿਵੇਂ ਲੱਗੀ?
- ਬਹੁਤ ਵਧੀਆ। ਜਿਹੜੇ ਵੇਲੇ ਨੂੰ ਦਾਦੇ-ਨਾਨੇ ਨੇ ਹੰਢਾਇਆ, ਉਸ ਨੂੰ ਇਸ ਤਰ੍ਹਾਂ ਹੂ-ਬ-ਹੂ ਜੀਅ ਕੇ ਦੇਖਣਾ ਹੈਰਾਨੀ ਤੇ ਤਸੱਲੀ ਵਾਲੀ ਗੱਲ ਸੀ। ਉਹ ਕਿਵੇਂ ਰਹਿੰਦੇ ਸਨ, ਖਾਂਦੇ-ਪੀਂਦੇ ਸਨ, ਪਹਿਨਦੇ ਸਨ, ਇਹ ਸਾਰੀਆਂ ਗੱਲਾਂ ਉਸ ਵੇਲੇ ਦੇ ਬਜ਼ੁਰਗਾਂ ਤੋਂ ਸੁਣੀਆਂ ਤਾਂ ਸਨ ਪਰ ਉਨ੍ਹਾਂ ਨੂੰ ਨਿਭਾਉਣ ਦਾ ਸਵਾਦ ਹੀ ਹੋਰ ਸੀ।
* ''ਅੰਗਰੇਜ'' ਦੀ ਸਮੁੱਚੀ ਟੀਮ ਬਾਰੇ ਕੀ ਕਹੋਗੇ?
- ''ਅੰਗਰੇਜ'' ਦੀ ਸ਼ੂਟਿੰਗ 39 ਦਿਨਾਂ ''ਚ ਮੁਕੰਮਲ ਹੋਈ ਹੈ ਤੇ ਇਸ ਫ਼ਿਲਮ ਜ਼ਰੀਏ ਗਾਇਕ ਐਮੀ ਵਿਰਕ ਵੀ ਵੱਡੇ ਪਰਦੇ ''ਤੇ ਹਾਜ਼ਰੀ ਲਵਾ ਰਿਹਾ ਹੈ। ਉਸ ਦਾ ਰੋਲ ਭਾਵੇਂ ਛੋਟਾ ਹੈ ਪਰ ਉਸ ਦਾ ਕਿਰਦਾਰ ਰੋਲ ਮੁਤਾਬਕ ਬਿਲਕੁਲ ਫਿੱਟ ਬੈਠਦਾ ਹੈ।
ਪੰਜਾਬੀ ਫ਼ਿਲਮਾਂ ਦੀ ਜਾਨ ਸਰਦਾਰ ਸੋਹੀ ਅਤੇ ਨਿਰਮਲ ਰਿਸ਼ੀ ਦੀ ਜੋੜੀ ''ਅੰਗਰੇਜ'' ਜ਼ਰੀਏ ਮੁੜ ਸਾਹਮਣੇ ਆ ਰਹੀ ਹੈ। ਫ਼ਿਲਮ ਦੀਆਂ ਦੋ ਹੀਰੋਇਨਾਂ ਹਨ, ਅਦਿੱਤੀ ਸ਼ਰਮਾ, ਜਿਸ ਨੇ ''ਲੇਡੀ ਵਰਸਿਜ਼ ਰਿੱਕੀ ਬਹਿਲ'' ਤੇ ''ਮੌਸਮ'' ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ ਹੈ ਤੇ ਦੂਜੀ ਸਰਗੁਨ ਮਹਿਤਾ, ਜਿਹੜੀ ਟੈਲੀਵਿਜ਼ਨ ਖੇਤਰ ''ਚ ਜਾਣੀ-ਪਛਾਣੀ ਹੈ। ਸਿਮਰਜੀਤ ਸਿੰਘ ਨੇ ''ਅੰਗਰੇਜ'' ਨੂੰ ਨਿਰਦੇਸ਼ਿਤ ਕੀਤਾ ਹੈ ਤੇ ਨਿਰਮਾਤਾ ਅਮਰਬੀਰ ਸਿੰਘ ਸੰਧੂ, ਜਸਪਾਲ ਸਿੰਘ ਸੰਧੂ, ਅਮਨ ਖਟਕੜ ਤੇ ਸਮੀਰ ਦੱਤਾ ਹਨ। ਐਗਜ਼ੀਕਿਊਟਿਵ ਪ੍ਰੋਡਿਊਸਰ ਕਾਰਜ ਗਿੱਲ ਹਨ।
* ਫ਼ਿਲਮ ਦੇ ਸੰਗੀਤ ਬਾਰੇ ਕੀ ਕਹੋਗੇ?
- ਸੰਗੀਤ ਰਿਲੀਜ਼ ''ਰਿਦਮ ਬੁਆਏਜ਼'' ਨੇ ਕੀਤਾ ਹੈ ਤੇ ਫ਼ਿਲਮ ਦਾ ਬੈਨਰ ''ਰਿਦਮ ਬੁਆਏਜ਼ ਐਂਟਰਟੇਨਮੈਂਟ'' ਹੈ। ਗਾਣਿਆਂ ਨੂੰ ਸੰਗੀਤਬੱਧ ਜਤਿੰਦਰ ਸ਼ਾਹ ਨੇ ਕੀਤਾ ਹੈ। ਛੇ ਗਾਣੇ ਅਮਰਿੰਦਰ ਦੇ ਗਾਏ ਹੋਏ ਹਨ, ਇਕ ਸੁਨਿਧੀ ਚੌਹਾਨ ਦਾ ਤੇ ਇਕ ਐਮੀ ਵਿਰਕ ਦਾ।
- ਸਵਰਨ ਸਿੰਘ ਟਹਿਣਾ