ਤੂਫ਼ਾਨ ਤੋਂ ਬਚਣ ਲਈ ਜਿਸ ਦਾ ਆਸਰਾ ਲਿਆ, ਉਹੀ ਬਣਿਆ ਕਾਲ, 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ (ਵੀਡੀਓ)
Friday, Jun 16, 2023 - 10:03 AM (IST)
ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਸਜਾਦਵਾਲਾ ’ਚ ਬੁੱਧਵਾਰ ਦੀ ਸ਼ਾਮ ਨੂੰ ਚੱਲੀ ਤੇਜ਼ ਹਨ੍ਹੇਰੀ ਦੌਰਾਨ ਡਿੱਗੇ ਦਰੱਖ਼ਤ ਹੇਠ ਆ ਜਾਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸਜਾਦਵਾਲਾ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਗੁਰਜੀਤ ਸਿੰਘ ਲੱਕੀ ਦੁੱਧ ਵੇਚਣ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਹੁਕਮ
ਬੁੱਧਵਾਰ ਦੀ ਸ਼ਾਮ ਨੂੰ ਜਦੋਂ ਤੇਜ਼ ਹਨ੍ਹੇਰੀ ਚੱਲੀ ਤਾਂ ਗੁਰਜੀਤ ਦੁੱਧ ਦੀ ਸਪਲਾਈ ਕਰਨ ਜਾ ਰਿਹਾ ਸੀ। ਉਸੇ ਸਮੇਂ ਉਹ ਹਨ੍ਹੇਰੀ ਤੋਂ ਬਚਣ ਲਈ ਇਕ ਵੱਡੇ ਰੁੱਖ ਹੇਠ ਖੜ੍ਹਾ ਹੋ ਗਿਆ। ਇਸੇ ਦੌਰਾਨ ਤੇਜ਼ ਹਨ੍ਹੇਰੀ ਦੌਰਾਨ ਉਹ ਰੁੱਖ ਉੱਖੜ ਗਿਆ ਅਤੇ ਮੋਟਰਸਾਈਕਲ ’ਤੇ ਬੈਠੇ ਗੁਰਜੀਤ ਸਿੰਘ ਉੱਪਰ ਆ ਡਿੱਗਾ, ਜਿਸ ਤੋਂ ਬਾਅਦ ਜਦੋਂ ਲੋਕਾਂ ਨੂੰ ਉਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਗੁਰਜੀਤ ਨੂੰ ਰੁੱਖ ਹੇਠੋਂ ਕੱਢਿਆ।
ਇਹ ਵੀ ਪੜ੍ਹੋ : ਦੋਰਾਹਾ 'ਚ ਅੱਧੀ ਰਾਤ ਨੂੰ ਵਾਪਰਿਆ ਭਿਆਨਕ ਹਾਦਸਾ, ਨਹਿਰ 'ਚ ਡਿੱਗੀ ਕਾਰ
ਇਸ ਤੋਂ ਬਾਅਦ ਲੋਕ ਗੁਰਜੀਤ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਗੁਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਗੁਰਜੀਤ ਆਪਣੇ ਪਰਿਵਾਰ ਦਾ ਇਕਲੌਤਾ ਚਿਰਾਗ ਸੀ, ਜਿਸ ਦੀਆਂ 3 ਵੱਡੀਆਂ ਭੈਣਾਂ ਹਨ। ਮ੍ਰਿਤਕ ਗੁਰਜੀਤ ਅਜੇ ਕੁਆਰਾ ਸੀ, ਜੋ ਪਿੰਡਾਂ ਵਿਚ ਦੁੱਧ ਵੇਚਣ ਦਾ ਕੰਮ ਕਰਦਾ ਸੀ। ਪੁਲਸ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਬਾਰੇ ਕਾਰਵਾਈ ਕਰ ਰਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ