ਟਰੇਨ ਦੀ ਲਪੇਟ ''ਚ ਆਏ ਨੌਜਵਾਨ ਦੀ ਹਸਪਤਾਲ ''ਚ ਮੌਤ, ਪਰਿਵਾਰ ਦਾ ਦੋਸ਼- ਗ਼ਲਤ ਇੰਜੈਕਸ਼ਨ ਕਾਰਨ ਤੋੜਿਆ ਦਮ
06/04/2023 12:11:58 PM

ਲੁਧਿਆਣਾ (ਰਾਜ) : ਟਰੇਨ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਸਟਾਫ਼ ਦੇ ਗਲਤ ਇੰਜੈਕਸ਼ਨ ਲਾਉਣ ਤੋਂ ਬਾਅਦ ਨੌਜਵਾਨ ਦੀ ਮੌਤ ਹੋਈ ਹੈ, ਜਿਸ ਦੇ ਬਾਅਦ ਪਰਿਵਾਰ ਨੇ ਕਾਫ਼ੀ ਹੰਗਾਮਾ ਕੀਤਾ। ਪੁਲਸ ਨੇ ਆ ਕੇ ਸਮਝਾਇਆ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾਇਆ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਡਿਊਟੀ ਤੋਂ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ
ਜਾਣਕਾਰੀ ਮੁਤਾਬਕ ਗੌਰਵ ਸਵੇਰੇ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਸਥਿਤ ਰੇਲਵੇ ਲਾਈਨਾਂ ਕਰਾਸ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸੋਨੂੰ ਨੇ ਦੋਸ਼ ਲਾਇਆ ਕਿ ਹਸਪਤਾਲ ਵਿਚ ਦਾਖ਼ਲ ਕਰਵਾਉਣ ਦੇ ਤਿੰਨ ਘੰਟੇ ਬਾਅਦ ਤੱਕ ਉਸ ਦੇ ਭਰਾ ਦਾ ਇਲਾਜ ਸ਼ੁਰੂ ਨਹੀਂ ਕੀਤਾ ਗਿਆ ਸੀ। ਸਟਾਫ ਵਾਰ-ਵਾਰ ਕਹਿ ਰਿਹਾ ਸੀ ਕਿ ਡਾਕਟਰ ਆ ਕੇ ਇਲਾਜ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ ’ਚ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕਾਂ ਦਾ ਬੋਲਬਾਲਾ, ਦੂਜੀ ਵਾਰ ਜਿੱਤਣ ਵਾਲੇ ਕਰ ਰਹੇ ਇੰਤਜ਼ਾਰ
ਇਸ ਮੌਕੇ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਜਤਾਇਆ ਤਾਂ ਉਸਦੇ ਭਰਾ ਦੇ ਇਕ ਇੰਜੈਕਸ਼ਨ ਲਾਇਆ ਗਿਆ। ਇੰਜੈਕਸ਼ਨ ਲੱਗਣ ਦੇ ਬਾਅਦ ਉਸਦੇ ਭਰਾ ਦੀ ਹਾਲਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਤੇ ਉਸਦਾ ਸਰੀਰ ਨੀਲਾ ਪੈ ਗਿਆ, ਜਿਸ ਦੀ ਕੁਝ ਮਿੰਟਾਂ ਬਾਅਦ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਗ਼ਲਤ ਇੰਜੈਕਸ਼ਨ ਲੱਗਣ ਨਾਲ ਉਸਦੇ ਭਰਾ ਦੀ ਮੌਤ ਹੋ ਗਈ। ਉੱਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਦੋਸ਼ ਗ਼ਲਤ ਹਨ। ਉਥੇ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੇ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।