ਬੁੱਢੇ ਨਾਲੇ ਦੇ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਸਖ਼ਤ, ਭੇਜੇ ਨੋਟਿਸ

Monday, Dec 26, 2022 - 02:05 PM (IST)

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ ’ਤੇ ਜੋ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਹ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ, ਜਿਸਦੇ ਤਹਿਤ ਕੁਝ ਹੋਰ ਬਿਲਡਿੰਗਾਂ ਨੂੰ ਵੀ ਨੋਟਿਸ ਭੇਜੇ ਗਏ। ਇਸ ਮਾਮਲੇ ਵਿਚ ਬਿਲਡਿੰਗ ਬ੍ਰਾਂਚ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਤਹਿਤ ਕਿਨਾਰੇ ’ਤੇ ਲਾਈਨ ਵਿਛਾਉਣ ਅਤੇ ਫੈਂਸਿੰਗ ਲਾਉਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਹੈ, ਉਸ ਦੇ ਰਸਤੇ ਵਿਚ ਕਈ ਬਿਲਡਿੰਗਾਂ ਆ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਡ੍ਰੇਨੇਜ ਡਿਪਾਰਟਮੈਂਟ ਤੋਂ ਨਕਸ਼ਾ ਲੈ ਕੇ ਨਿਸ਼ਾਨਦੇਹੀ ਕਰਵਾਈ ਗਈ।

ਇਹ ਵੀ ਪੜ੍ਹੋ : 27 ਲੱਖ 'ਚ ਕੈਨੇਡਾ ਭੇਜਣ ਦਾ ਹੋਇਆ ਸੀ ਇਕਰਾਰ, ਬਦਲ ਗਈ ਸਾਰੀ ਖੇਡ, ਮਾਮਲਾ ਪਹੁੰਚਿਆ ਥਾਣੇ

ਨਾਜਾਇਜ਼ ਕਬਜ਼ਿਆਂ ਦੇ ਰੂਪ ਵਿਚ ਮਾਰਕ ਕੀਤੀਆਂ ਗਈਆਂ ਬਿਲਡਿੰਗਾਂ ਨੂੰ ਤੋੜਨ ਲਈ ਡਰਾਈਵ ਚਲਾਈ ਗਈ ਹੈ ਪਰ ਕੁਝ ਜਗ੍ਹਾ ਰੈਵੇਨਿਊ ਵਿਭਾਗ ਵੱਲੋਂ ਰਿਕਾਰਡ ਨਾ ਹੋਣ ਦੀ ਰਿਪੋਰਟ ਕੀਤੀ ਗਈ ਹੈ, ਜਿਸਦੇ ਆਧਾਰ ’ਤੇ ਬਾਜਵਾ ਨਗਰ ਤੋਂ ਲੈ ਕੇ ਸ਼ਿਵਪੁਰੀ, ਗਾਂਧੀ ਨਗਰ ਤੋਂ ਲੈ ਕੇ ਚਾਂਦ ਸਿਨੇਮਾ ਦੇ ਨਾਲ ਲੱਗਦੇ ਏਰੀਆ ਵਿਚ ਬੁੱਢੇ ਨਾਲੇ ਦੇ ਕਿਨਾਰੇ ਸਥਿਤ ਬਿਲਡਿੰਗ ਨੂੰ ਮਲਕੀਅਤ ਦੇ ਸਬੂਤ ਪੇਸ਼ ਕਰਨ ਦੇ ਲਈ ਬੋਲਿਆ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪੈਮਾਇਸ਼ ਕੀਤੀ ਗਈ, ਜਿਸ ਵਚ ਕੁਝ ਬਿਲਡਿੰਗਾਂ ਦੇ ਨਾਜਾਇਜ਼ ਕਬਜ਼ੇ ਹੋਣ ਦੀ ਗੱਲ ਸਾਹਮਣੇ ਆਈ ਅਤੇ ਕੁਝ ਬਿਲਡਿੰਗ ਦੇ ਮਾਲਕਾਂ ਵੱਲੋਂ ਪੇਸ਼ ਕੀਤੀ ਗਈ ਰਜਿਸਟਰੀ ਦੇ ਖਸਰਾ ਨੰਬਰ ਦੂਜੀ ਜਗ੍ਹਾ ’ਤੇ ਪਾਏ ਗਏ ਹਨ। ਜਿਨ੍ਹਾਂ ਬਿਲਡਿੰਗ ਦੇ ਮਾਲਕਾਂ ਨੂੰ ਖ਼ੁਦ ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਨੋਟਿਸਾਂ ਦੀ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਨਗਰ ਨਿਗਮ ਵੱਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਜਾਵੇਗੀ, ਜਿਸਦੀ ਪੁਸ਼ਟੀ ਏ. ਟੀ. ਪੀ. ਮੋਹਨ ਨੇ ਕੀਤੀ ਹੈ।

ਇਹ ਵੀ ਪੜ੍ਹੋ : ਕਈ ਸੂਬਿਆਂ ਦੇ ਨੌਜਵਾਨਾਂ ਨਾਲ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ, ਗਿਰੋਹ ਖ਼ਿਲਾਫ਼ 5000 ਸ਼ਿਕਾਇਤਾਂ

ਸ਼ਿਵਪੁਰੀ ਵਿਚ ਮੱਛੀ ਮਾਰਕੀਟ ਦੀਆਂ ਦੁਕਾਨਾਂ ਨੂੰ ਤੋੜਨ ਦੇ ਮਾਮਲੇ ਵਿਚ ਐੱਸ. ਸੀ. ਕਮਿਸ਼ਨ ਨੂੰ ਭੇਜੀ ਰਿਪੋਰਟ

ਨਗਰ ਨਿਗਮ ਵੱਲੋਂ ਪਿਛਲੇ ਦਿਨੀਂ ਸ਼ਿਵਪੁਰੀ ਵਿੱਚ ਬੁੱਢੇ ਨਾਲੇ ਕਿਨਾਰੇ ਸਥਿਤ ਮੱਛੀ ਮਾਰਕੀਟ ਦੀਆਂ ਦੁਕਾਨਾਂ ਨੂੰ ਤੋੜਨ ਦੀ ਜੋ ਕਾਰਵਾਈ ਕੀਤੀ ਗਈ ਸੀ, ਉਸ ਨਾਲ ਸਬੰਧਿਤ ਲੋਕਾਂ ਵੱਲੋਂ ਐੱਸ. ਸੀ. ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਹੈ। ਇਸ ਵਿਚ ਮੁੱਦਾ ਚੁੱਕਿਆ ਗਿਆ ਹੈ ਕਿ 1985 ਤੋਂ ਕਾਬਿਜ਼ ਹੈ ਅਤੇ ਉਨ੍ਹਾਂ ਦੇ ਕੋਲ ਜਗ੍ਹਾ ਦੀ ਰਜਿਸਟਰੀ ਹੈ, ਜਿਸਦੇ ਆਧਾਰ ’ਤੇ ਨਗਰ ਨਿਗਮ ਵੱਲੋਂ ਬਿਲਡਿੰਗ ਬਣਾਉਣ ਦੀ ਫ਼ੀਸ ਵਸੂਲਣ ਤੋਂ ਇਲਾਵਾ ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦੇ ਬਿੱਲ ਜਮ੍ਹਾ ਕਰਵਾਉਣ ਤੋਂ ਬਾਅਦ ਟੀ. ਐੱਸ. ਵਨ ਜਾਰੀ ਕੀਤਾ ਗਿਆ ਹੈ ਪਰ ਦੁਕਾਨਾਂ ਤੋੜਨ ਤੋਂ ਪਹਿਲਾ ਨਗਰ ਨਿਗਮ ਅਧਿਕਾਰੀਆਂ ਨੇ ਕਿਸੇ ਦੀ ਇਕ ਨਾ ਸੁਣੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਸਾਮਾਨ ਕੱਢਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਰਟ ਵਿਚ ਕੀਤੇ ਗਏ ਕੇਸ ਦੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਗਿਆ। ਦੁਕਾਨਦਾਰਾਂ ਵੱਲੋਂ ਪੁਲਸ 'ਤੇ ਐੱਸ. ਸੀ. ਭਾਈਚਾਰੇ ’ਤੇ ਲਾਠੀਚਾਰਜ ਕਰਨ ਅਤੇ ਔਰਤਾਂ ਨਾਲ ਦੁਰਵਿਵਹਾਰ ਹੋਣ ਦਾ ਦੋਸ਼ ਲਾਇਆ ਹੈ, ਜਿਸਦੇ ਆਧਾਰ ’ਤੇ ਕਮਿਸ਼ਨ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕਾਰਵਾਈ ਕਰਨ ਤੋਂ ਪਹਿਲਾਂ ਡਵੀਜ਼ਨਲ ਕਮਿਸ਼ਨਰ, ਡੀ. ਸੀ, ਨਗਰ ਨਿਗਮ ਅਤੇ ਪੁਲਸ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਅਤੇ ਰਿਪੋਰਟ ਨਾ ਭੇਜਣ ’ਤੇ ਉਨ੍ਹਾਂ ਨੂੰ ਕਮਿਸ਼ਨ ਦੇ ਆਫਿਸ ਵਿਚ ਤਲਬ ਕਰਨ ਦੀ ਚਿਤਾਵਨੀ ਦਿੱਤੀ ਗਈ।

ਇਸ ਮਾਮਲੇ ਵਿਚ ਨਗਰ ਨਿਗਮ ਵੱਲੋਂ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਜ਼ਰੀਏ ਭੇਜ ਦਿੱਤੀ ਗਈ ਹੈ, ਜਿਸ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਦੇ ਅਧੀਨ ਕਿਨਾਰੇ ’ਤੇ ਲਾਈਨ ਵਿਛਾਉਣ ਲਈ ਕਰਵਾਈ ਗਈ ਨਿਸ਼ਾਨਦੇਹੀ ਦੌਰਾਨ ਸ਼ਿਵਪੁਰੀ ਵਿਚ ਬੁੱਢੇ ਨਾਲੇ ਦੇ ਕਿਨਾਰੇ ਮੱਛੀ ਮਾਰਕੀਟ ਦੀਆਂ ਦੁਕਾਨਾਂ ਨੂੰ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਵਿਚ ਮਾਰਕ ਕੀਤਾ ਗਿਆ ਸੀ, ਜਦਕਿ ਦੁਕਾਨਾਂ ਵਿਚ ਕੰਮ ਕਰ ਰਹੇ ਲੋਕਾਂ ਵੱਲੋਂ ਪੇਸ਼ ਕੀਤੀ ਗਈ ਰਜਿਸਟਰੀ ਵਿਚ ਦਰਜ ਖਸਰਾ ਨੰਬਰ ਕਾਫੀ ਦੂਰ ਸਥਿਤ ਏਰੀਆ ਦਾ ਹੈ, ਜਿਸਦੇ ਆਧਾਰ ’ਤੇ ਨੋਟਿਸ ਜਾਰੀ ਕਰਨ ਦੇ ਬਾਅਦ ਜਦੋਂ ਡੈਡਲਾਈਨ ਦੇ ਅੰਦਰ ਕਿਸੇ ਨੇ ਜਵਾਬ ਨਹੀਂ ਦਿੱਤਾ ਤਾਂ ਦੁਕਾਨਾਂ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ ਤੇ ਉਸ ਤੋਂ ਖ਼ਾਲੀ ਹੋਈ ਜਗ੍ਹਾ ਦੀ ਸੁਵਿਧਾ ਲਈ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਕਾਰਵਾਈ ਦੇ ਦੌਰਾਨ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਇਆ ਅਤੇ ਨਾ ਹੀ ਕਿਸੇ ਦੇ ਨਾਲ ਭੇਦਭਾਵ ਕੀਤਾ ਗਿਆ ਹੈ।


Harnek Seechewal

Content Editor

Related News